ਮਾਪੇ ਬਣਾਉਣ ਬੱਚਿਆਂ ਰਾਹੀਂ ਤੰਦਰੁਸਤ ਸਮਾਜ

Healthy, Society, Through, Parenting, Children

ਬਲਜੀਤ ਘੋਲੀਆ

ਪਹਿਲੇ ਸਮਿਆਂ ਵਿਚ ਬੱਚਿਆਂ ਦਾ ਬਹੁਤ ਸਮਾਂ ਆਪਣੇ ਸਾਂਝੇ ਪਰਿਵਾਰ ਵਿੱਚ ਲੰਘਦਾ ਸੀ। ਜਿਸ ਕਰਕੇ ਬੱਚਾ ਹਰ ਰਿਸ਼ਤੇ ਤੋਂ ਜਾਣੂ ਅਤੇ ਪਿਆਰ ਦਾ ਨਿੱਘ ਮਾਣਦਾ ਸੀ। ਚਾਹੇ ਘਰ-ਪਰਿਵਾਰ ਦੇ ਸਾਰੇ ਮੈਂਬਰ ਕੰਮ ਕਰਦੇ ਸਨ ਪਰ ਬੱਚਿਆਂ ਦੀ ਦੇਖਭਾਲ ਲਈ ਮਾਤਾ-ਪਿਤਾ ਤੋਂ ਬਗੈਰ ਘਰ ਦੇ ਦੂਸਰੇ ਮੈਂਬਰ ਚਾਚਾ-ਚਾਚੀ, ਤਾਇਆ-ਤਾਈ, ਭਰਾ-ਭਰਜਾਈ ਤੇ ਭੂਆ ਸਭ ਦਾ ਪਿਆਰ ਬੱਚਿਆਂ ਦੀ ਝੋਲੀ ਪੈਂਦਾ ਸੀ। ਜਿੰਨੇ ਵੀ ਪਰਿਵਾਰਕ ਰਿਸ਼ਤਿਆਂ ਵਿੱਚ ਬੱਚੇ ਸਨ ਉਹ ਸਭ ਰਲ ਕੇ ਇੱਕ ਵਿਹੜੇ ਵਿੱਚ ਖੇਡਦੇ ਸਨ। ਬੱਚਿਆਂ ਨੂੰ ਆਪਣੇ ਭੈਣ-ਭਰਾ ਅਤੇ ਪਿੰਡ ਦੀ ਧੀ-ਭੈਣ ਦੀ ਇੱਜ਼ਤ ਕਰਨ ਦੀ ਸਿੱਖਿਆ ਅਤੇ ਰਿਸ਼ਤੇ ਕੀ ਹਨ, ਆਪਣੇ ਬਚਪਨ ਵਿੱਚ ਹੀ ਪਤਾ ਲੱਗ ਜਾਂਦਾ ਸੀ। ਪਹਿਲਾਂ ਬਚਪਨ ਜਿਆਦਾਤਰ ਦਾਦਾ-ਦਾਦੀ ਦੀ ਬੁੱਕਲ ਵਿੱਚ ਬੀਤਦਾ ਸੀ। ਜੇਕਰ ਮਾਤਾ-ਪਿਤਾ ਬੱਚਿਆਂ ਨੂੰ ਘੂਰਦੇ ਸੀ ਤਾਂ ਬੱਚੇ ਦਾਦਾ-ਦਾਦੀ ਕੋਲ ਚਲੇ ਜਾਂਦੇ।

ਰੋਂਦੇ ਬੱਚਿਆਂ ਨੂੰ ਦਾਦਾ-ਦਾਦੀ ਪਿਆਰ ਨਾਲ ਗੋਦੀ ਵਿੱਚ ਬਿਠਾ ਕੇ ਉਹਨਾਂ ਨੂੰ ਕਹਾਣੀਆਂ ਸੁਣਾ ਕੇ ਸੱਚਾਈ ਦੇ ਮਾਰਗ ‘ਤੇ ਚੱਲਣ ਤੇ ਗਲਤੀਆਂ ਤੋਂ ਜਾਣੂੰ ਕਰਵਾਉਂਦੇ ਸਨ। ਜਿਵੇਂ-ਜਿਵੇਂ ਇਨਸਾਨ ਤਰੱਕੀ ਕਰਦਾ ਗਿਆ ਸਾਂਝੇ ਪਰਿਵਾਰਾਂ ਵਿਚ ਵਿੱਥ ਪੈ ਗਈ। ਸਾਂਝੇ ਪਰਿਵਾਰਾਂ ਵਾਲੇ ਬੱਚੇ ਸਿਰਫ ਮਾਤਾ-ਪਿਤਾ ਤੱਕ ਸੀਮਤ ਹੋ ਗਏ। ਜਦੋਂ ਮਾਤਾ-ਪਿਤਾ ਨੇ ਬੱਚਿਆਂ ਦੀ ਜਿੰਦਗੀ ਵਾਸਤੇ ਤਰੱਕੀ ਦੇ ਰਸਤੇ ਚੁਣੇ ਤਾਂ ਬੱਚੇ ਹੋਰ ਰਿਸ਼ਤਿਆਂ ਤੋਂ ਦੂਰ ਹੋ ਗਏ। ਆਖਿਰ ਬੱਚਿਆਂ ਨੂੰ ਨੌਕਰ ਦੇ ਸਹਾਰੇ ਦੀ ਜ਼ਰੂਰਤ ਪੈਣ ਲੱਗੀ। ਬੱਚਿਆਂ ਵਿੱਚ ਚੰਗੇ ਗੁਣ ਸਾਂਝੇ ਪਰਿਵਾਰ ਜਾਂ ਮਾਤਾ-ਪਿਤਾ ਹੀ ਦੇ ਸਕਦੇ ਹਨ, ਨੌਕਰ ਨਹੀਂ। ਪਰ ਅੱਜ ਇਸਦੇ ਉਲਟ ਹਰ ਮਾਤਾ-ਪਿਤਾ ਕੋਲ ਆਪਣੇ ਬੱਚਿਆਂ ਤੋਂ ਬਗੈਰ ਕਿਸੇ ਵਾਸਤੇ ਸੋਚਣ ਦਾ ਟਾਈਮ ਨਹੀਂ ਹੈ। ਉਹ ਆਪਣੇ ਬੱਚਿਆਂ ਨੂੰ ਹਮੇਸ਼ਾ ਪੜ੍ਹਾਈ ਵਿੱਚ ਲਾਈ ਰੱਖਣ ਵਿੱਚ ਆਪਣੀ ਸਮਝਦਾਰੀ ਸਮਝ ਰਹੇ ਹਨ। ਕਿਉਂਕਿ ਹਰ ਇੱਕ ਮਾਤਾ-ਪਿਤਾ ਆਪਣੇ ਬੱਚਿਆਂ ਦੀ ਜਿੰਦਗੀ ਵਾਸਤੇ ਚਿੰਤਾ ਵਿੱਚ ਰਹਿੰਦੇ ਹਨ। ਅੱਜ ਦੇ ਇਨਸਾਨ ਨੇ ਆਪਣੇ ਬੱਚਿਆਂ ਨੂੰ ਇੱਕ ਮਸ਼ੀਨ ਬਣਾ ਕੇ ਰੱਖ ਦਿੱਤਾ। ਤਰੱਕੀ ਦੀ ਆੜ ਵਿਚ ਕਿਤੇ ਨਾ ਕਿਤੇ ਬੱਚਿਆਂ ਦੇ ਆਪਸੀ ਰਿਸ਼ਤਿਆਂ ਦੀ ਕਦਰ ਬਹੁਤ ਪਿੱਛੇ ਰਹਿ ਗਈ ਹੈ।

ਮਾਤਾ-ਪਿਤਾ ਆਪਣੇ ਬੱਚੇ ਦੀ ਹਰ ਜਰੂਰਤ ਪੂਰੀ ਕਰ ਰਿਹਾ ਹੈ। ਪਰ ਫਿਰ ਵੀ ਬੱਚੇ ਇਕੱਲੇਪਣ, ਜਰੂਰਤ ਤੋਂ ਜਿਆਦਾ ਪੜ੍ਹਾਈ ਦਾ ਬੋਝ, ਛੋਟੀਆਂ-ਛੋਟੀਆਂ ਗੱਲਾਂ ‘ਤੇ ਟੋਕਣਾ, ਖੇਡਣ ਵਾਸਤੇ ਟਾਇਮ ਨਾ ਹੋਣਾ, ਟੀ.ਵੀ. ਦੀਆਂ ਕਹਾਣੀਆਂ ਦਾ ਬੱਚਿਆਂ ਉੱਪਰ ਜਿਆਦਾ ਪ੍ਰਭਾਵ ਰਹਿਣਾ, ਇਕੱਲੇਪਣ ਵਿੱਚ ਦੋਸਤਾਂ ਨੂੰ ਚਾਹੁਣਾ, ਮਾਤਾ-ਪਿਤਾ ਦੀ ਝਿਜਕ ਨੂੰ ਫੋਨ ਜਾਂ ਇੰਟਰਨੈਟ ਦੀ ਵਰਤੋਂ ਕਰਕੇ ਦੋਸਤ ਬਣਾਉਣਾ, ਅੱਜ-ਕੱਲ੍ਹ ਦੇ ਬੱਚਿਆਂ ਦੀ ਜਿੰਦਗੀ ਬਣ ਚੁੱਕਾ ਹੈ। ਮਾਪਿਆਂ ਦੁਆਰਾ ਕੀਤੀ ਜਾ ਰਹੀ ਸਖਤਾਈ ਤੋਂ ਬੱਚੇ ਅਜਾਦੀ ਦੀ ਜਿੰਦਗੀ ਜਿਉਣ ਵਿਚ ਜਿਆਦਾ ਵਿਸ਼ਵਾਸ ਰੱਖਣ ਲੱਗ ਪਏ ਹਨ। ਟਾਈਮ ਤੋਂ ਪਹਿਲਾਂ ਹਰ ਚੀਜ਼ ਨੂੰ ਪਾਉਣ ਦੀ ਤਮੰਨਾ ਉਹਨਾਂ ਨੂੰ ਸਹੀ ਰਸਤੇ ਦੀ ਬਜਾਏ ਗਲਤ ਰਸਤੇ ‘ਤੇ ਤੋਰ ਰਹੀ ਹੈ।  ਬੱਚੇ ਹਨ ਤਾਂ ਬੱਚੇ ਗਲਤੀਆਂ ਵੀ ਕਰਨਗੇ। ਝਿੜਕਣ ਜਾਂ ਮਾਰਨ ਦੀ ਬਜਾਏ ਪਿਆਰ ਨਾਲ ਸਮਝਾਓ।

ਬੱਚਿਆਂ ਨਾਲ ਦੋਸਤਾਂ ਵਾਗ ਵਿਵਹਾਰ ਕਰੋਗੇ ਤਾਂ ਉਹ ਤੁਹਾਡੇ ਨਾਲ ਹਰ ਗੱਲ ਸਾਂਝੀ ਕਰ ਸਕਦੇ ਹਨ। ਮਾਪਿਆਂ ਨੂੰ ਹਮੇਸ਼ਾ ਉਹਨਾਂ ਲੋਕਾਂ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ, ਜਿਨ੍ਹਾਂ ਨਾਲ ਤੁਹਾਡੇ ਬੱਚੇ ਜਿਆਦਾ ਸਮਾਂ ਬਤੀਤ ਕਰਦੇ ਹਨ। ਹਰ ਮਾਤਾ-ਪਿਤਾ ਆਪਣੇ ਬੱਚਿਆਂ ਦੀ ਜਿੰਮੇਵਾਰੀ ਸਮਝਣ ਦੀ ਕੋਸ਼ਿਸ਼ ਕਰੇ। ਬੱਚੇ ਜਿਸ ਕੰਮ ਵਿੱਚ ਜਿਆਦਾ ਰੁਚੀ ਰੱਖਦੇ ਹਨ ਉਹਨਾਂ ਕੰਮਾਂ ਵਿਚ ਨੂੰ ਯੋਗਦਾਨ ਦੇਵੋ। ਆਪਣੇ ਪੁਰਖੀ ਕੰਮਾਂ ਨੂੰ ਧੱਕੇ ਨਾਲ ਉਹਨਾਂ ਉੱਪਰ ਨਾ ਥੋਪੋ। ਦੂਜਿਆਂ ਦੁਆਰਾ ਕੀਤੀ ਗਈ ਗਲਤੀ ਕਾਰਨ ਆਪਣੇ ਬੱਚਿਆਂ ਨੂੰ ਕਸੂਰਵਾਰ ਨਾ ਸਮਝੋ। ਉਸ ਦੀ ਬੇਗੁਨਾਹੀ ਨੂੰ ਸਮਝਣ ਦੀ ਕੋਸ਼ਿਸ਼ ਕਰੋ।

ਕਈ ਮਾਪੇ ਬੱਚਿਆਂ ਦਾ ਧਿਆਨ ਰੱਖਦੇ ਹਨ। ਪਰ ਫਿਰ ਵੀ ਬੱਚੇ ਆਪਣੇ ਮਾਪਿਆਂ ਦਾ ਨਜਾਇਜ ਫਾਇਦਾ ਉਠਾਉਂਦੇ ਹਨ। ਉਹਨਾਂ ਕੋਲ ਝੂਠ ਬੋਲਦੇ ਹਨ। ਕਈ ਬੱਚੇ ਆਪਣੇ ਗਲਤ ਦੋਸਤ ਦੀ ਸੰਗਤ ਨਾਲ ਨਕਲ ਕਰਨ ਨਾਲ ਨਸ਼ੇ ਦੇ ਆਦੀ ਹੋ ਜਾਂਦੇ ਹਨ। ਵੱਡਿਆਂ ਦਾ ਸਤਿਕਾਰ ਕਰਨਾ ਭੁੱਲ ਜਾਂਦੇ ਹਨ। ਨਸ਼ੇ ਵਿਚ ਲੜਾਈ-ਝਗੜੇ ਕਰਦੇ ਹਨ।  ਕੁਝ ਮਾਪੇ ਉਹ ਹਨ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਮਾਨਦਾਰੀ ਅਤੇ ਮਿਹਨਤ ਨਾਲ ਆਪਣੇ ਬੱਚੇ ਪੜ੍ਹਾਏ ਅਤੇ ਪੈਰਾਂ ਸਿਰ ਖੜ੍ਹੇ ਕੀਤੇ। ਬੱਚਿਆਂ ਦੇ ਵਿਆਹ ਕਰਕੇ ਆਪਣੀ ਜਿੰਮੇਵਾਰੀ ਨਿਭਾਈ ਹੈ। ਬੱਚਿਆਂ ਤੋਂ ਬਗੈਰ ਮਾਤਾ-ਪਿਤਾ ਨੇ ਆਪਣੇ ਬਾਰੇ ਕੁਝ ਨਹੀਂ ਸੋਚਿਆ। ਜਦੋਂ ਮਾਤਾ-ਪਿਤਾ ਦੀ ਆਪਣੀ ਵਾਰੀ ਆਈ ਤਾਂ ਉਹ ਆਪਣੇ ਬੱਚਿਆਂ ਉੱਪਰ ਬੋਝ ਬਣ ਗਏ। ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਇੱਕ ਮਾਤਾ-ਪਿਤਾ ਆਪਣੇ ਸਾਰੇ ਪਰਿਵਾਰ ਨੂੰ ਰੋਟੀ ਕਮਾ ਕੇ ਖਵਾ ਸਕਦਾ ਹੈ। ਜਿਸ ਦੇ ਕਈ ਧੀਆਂ ਅਤੇ ਪੁੱਤਰ ਹੁੰਦੇ ਹਨ। ਪਰ ਸਾਰਾ ਪਰਿਵਾਰ ਇੱਕ ਮਾਂ-ਪਿਓ ਨੂੰ ਕੱਪੜਾ ਅਤੇ ਉਸ ਦੀ ਜਰੂਰਤ ਨਹੀਂ ਪੂਰੀ ਕਰ ਸਕਦੇ ਅਤੇ ਨਾ ਹੀ ਕੁਝ ਸਮਾਂ ਉਹਨਾਂ ਪਾਸ ਬੈਠ ਸਕਦੇ।

ਲੁਧਿਆਣਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।