ਕਿਹਾ, ਦੇਸ਼ ਲੋਕਾਂ ਨਾਲ ਬਣਦਾ ਹੈ, ਜ਼ਮੀਨ ਦੇ ਟੁਕੜਿਆਂ ਨਾਲ ਨਹੀਂ
ਨਵੀਂ ਦਿੱਲੀ। ਜੰਮੂ-ਕਸ਼ਮੀਰ ‘ਚੋਂ ਧਾਰਾ-370 ਹਟਾਏ ਜਾਣ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਲੋਕਾਂ ਨਾਲ ਬਣਦਾ ਹੈ, ਜ਼ਮੀਨ ਦੇ ਟੁੱਕੜਿਆਂ ਨਾਲ ਨਹੀਂ। ਰਾਹੁਲ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਫੈਸਲਾ ਲਿਆ ਹੈ, ਉਹ ਸੰਵਿਧਾਨ ਦਾ ਉਲੰਘਣ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਰਾਸ਼ਟਰੀ ਸੁਰੱਖਿਆ ‘ਤੇ ਗੰਭੀਰ ਨਤੀਜੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਇਸ ਤਰ੍ਹਾਂ ਟੁੱਕੜੇ ਕਰ ਕੇ, ਚੁਣੇ ਹੋਏ ਪ੍ਰਤੀਨਿਧੀਆਂ ਨੂੰ ਕੈਦ ਕਰਕੇ ਅਤੇ ਸਾਡੇ ਸੰਵਿਧਾਨ ਦਾ ਉਲੰਘਣ ਕਰ ਕੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਨਹੀਂ ਕੀਤਾ ਜਾ ਸਕਦਾ। ਇਹ ਰਾਸ਼ਟਰ ਲੋਕਾਂ ਵਲੋਂ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕੱਲ ਭਾਵ ਸੋਮਵਾਰ ਨੂੰ ਜੰਮੂ-ਕਸ਼ਮੀਰ ਤੋਂ ਧਾਰਾ-370, ਧਾਰਾ-35ਏ ਨੂੰ ਹਟਾ ਦਿੱਤਾ ਗਿਆ। ਜੰਮੂ-ਕਸ਼ਮੀਰ ਮੁੜਗਠਨ ਬਿੱਲ 2019 ਨੂੰ ਰਾਜ ਸਭਾ ਦੀ ਮਨਜ਼ੂਰੀ ਵੀ ਮਿਲ ਗਈ ਹੈ। ਇਸ ਧਾਰਾ ਨੂੰ ਹਟਾ ਕੇ ਜੰਮੂ-ਕਸ਼ਮੀਰ ਦੇ ਦੋ ਹਿੱਸੇ ਕਰ ਦਿੱਤੇ ਗਏ ਹਨ- ਇਕ ਜੰਮੂ-ਕਸ਼ਮੀਰ ਅਤੇ ਦੂਜਾ ਲੱਦਾਖ, ਧਾਰਾ-370 ਹਟਾਉਣ ਤੋਂ ਬਾਅਦ ਹੁਣ ਇਕ ਦੇਸ਼, ਇਕ ਝੰਡਾ ਅਤੇ ਇਕ ਕਾਨੂੰਨ ਹੋਵੇਗਾ। ਪਹਿਲਾਂ ਅਜਿਹਾ ਨਹੀਂ ਸੀ।