ਤਮੰਨਾ (ਇੱਕ ਕਹਾਣੀ)
ਸ਼ਾਮ ਦੇ ਲਗਭਗ ਚਾਰ ਵੱਜੇ ਸਨ। ਬੱਦਲਾਂ ਦੀ ਕਾਲੀ ਘਟ ਨੇ ਹਰ ਪਾਸੇ ਹਨ੍ਹੇਰਾ ਕਰ ਦਿੱਤਾ ਸੀ। ਖੁੰਢ ‘ਤੇ ਬੈਠਾ ਰੁਲਦੂ ਬੱਦਲਾਂ ਵੱਲ ਵੇਖ ਛੇਤੀ ਉੱਠਿਆ ਤੇ ਜੈਲਦਾਰ ਬਚਨ ਸਿੰਘ ਦੇ ਘਰ ਵੱਲ ਚੱਲ ਪਿਆ। ਬਿਜਲੀ ਦੀ ਲਿਸ਼ਕ ਤੇ ਥੋੜ੍ਹੀਆਂ-ਥੋੜ੍ਹੀਆਂ ਡਿੱਗ ਰਹੀਆਂ ਕਣੀਆਂ ਕਰਕੇ ਉਸਨੇ ਆਪਨੇ ਕਦਮਾਂ ਦੀ ਰਫਤਾਰ ਥੋੜ੍ਹੀ ਤੇਜ ਕੀਤੀ, ਘਰ ਪਹੁੰਚਦਿਆਂ ਹੀ ਉਸਨੇ ਆਪਣੇ ਚਾਦਰੇ ਨੂੰ ਸਿਰ ‘ਤੇ ਰੱਖਿਆ ਤੇ ਫਟਾਫਟ ਪਸ਼ੂਆਂ ਨੂੰ ਚਾਰਾ ਪਾਉਣ ਲੱਗਾ।ਘਰ ਦੇ ਫਿਕਰਾਂ ‘ਚ ਡੁੱਬੇ ਰੁਲਦੂ ਦਾ ਅਚਾਨਕ ਪੈਰ ਅਟਕ ਗਿਆ ਤੇ ਵਿਚਾਰਾ ਥੱਲੇ ਡਿੱਗ ਪਿਆ। ‘ਜੇ ਕੰਮ ਨ੍ਹੀਂ ਹੁੰਦਾ ਤਾਂ ਕਿਉਂ ਪੰਗੇ ਲੈਨਾ ਹੁੰਦਾ ਐਵੇਂ ਜੇ ਕੁਝ ਹੋ ਗਿਆ ਸਾਡੇ ਨਾਂਅ ਲੱਗੇਂਗਾ’ ਕੋਲ ਫਿਰਦੇ ਬਚਨ ਸਿੰਘ ਦੇ ਲੜਕੇ ਦੀਪੇ ਨੇ ਰੁਲਦੂ ਦੇ ਡਿੱਗਣ ‘ਤੇ ਵਿਅੰਗ ਕਰਦਿਆਂ ਕਿਹਾ। ‘ਕੁਝ ਨ੍ਹੀਂ ਹੋਇਆ ਸਰਦਾਰ ਜੀ! ਬੱਸ ਪੈਰ ਅਟਕ ਗਿਆ ਸੀ’ ਇਹ ਕਹਿੰਦਿਆਂ ਰੁਲਦੂ ਨੇ ਆਪਣੇ-ਆਪ ਨੂੰ ਸੰਭਾਲਿਆ ਤੇ ਫਿਰ ਕੰਮ ਕਰਨ ਲੱਗ ਗਿਆ।
‘ਦੀਪ ਪੁੱਤ ਥੋੜ੍ਹਾ ਦੇਖ ਕੇ ਬੋਲਿਆ ਕਰ, ਰੁਲਦੂ ਤੇਰਾ ਤਾਇਆ ਲੱਗਦਾ, ਭਾਵੇਂ ਆਪਣਾ ਉਹ ਸੀਰੀ ਐ ਪਰ ਫਿਰ ਵੀ ਛੋਟੇ-ਵੱਡੇ ਦੀ ਇੱਜਤ ਕਰੀਦੀ ਐ, ਨਾਲੇ ਉਹਨੇ ਆਪਣੇ ਨਾਲ ਕਦੇ ਵੀ ਨੌਕਰਾਂ ਵਾਲੀ ਨਹੀਂ ਕੀਤੀ, ਸਾਰਾ ਕੰਮ ਆਪਣਾ ਸਮਝ ਕੇ ਕਰਦਾ ਇਹਨੇ ਵਿਚਾਰੇ ਨੇ ਤਾਂ ਸਾਰੀ ਉਮਰ ਆਪਣੀ ਸੇਵਾ ਵਿੱਚ ਲੰਘਾ ਦਿੱਤੀ, ਨਾਲੇ ਪੁੱਤਰਾ ਇਹ ਤੇਰਾ ਤਾਂ ਕਿੰਨਾ ਮੋਹ ਕਰਦਾ ਹੁੰਦਾ ਸੀ। ਸਵੇਰ-ਸਵੇਰੇ ਸਾਰੇ ਪਿੰਡ ਵਿੱਚ ਘੁਮਾ ਕੇ ਲਿਆਉਂਦਾ ਸੀ ਤੈਨੂੰ।’ ਜੈਲਦਾਰ ਬਚਨ ਸਿਹੁੰ ਨੇ ਦੀਪੇ ਨੂੰ ਸਮਝਾਉਦਿਆਂ ਕਿਹਾ ‘ਪਰ ਬਾਪੂ ਰੁਲਦੂ ਹੁਣ ਬੁੜ੍ਹਾ ਹੋ ਗਿਆ, ਜਿਆਦਾ ਕੰਮ ਵੀ ਨਹੀਂ ਹੁੰਦਾ।ਇਹਨੂੰ ਹਟਾ ਕੇ ਕੋਈ ਹੋਰ ਬੰਦਾ ਰੱਖ ਲੈਨੇ ਆਂ।’ ਦੀਪੇ ਨੇ ਰੁਲਦੂ ਬਾਰੇ ਹੋਰ ਜਾਣਨ ਲਈ ਬਚਨ ਸਿੰਘ ਨੂੰ ਸਵਾਲ ਕੀਤਾ। ‘ਨਹੀਂ ਪੁੱਤਰਾ, ਜਿੰਨਾ ਚਿਰ ਮੈਂ ਜਿਉਨਾ ਉਨਾ ਚਿਰ ਤਾਂ ਇਹ ਇੱਥੇ ਹੀ ਕੰਮ ਕਰੂ ਥੋੜ੍ਹਾ ਕਰੇ ਭਾਵੇਂ ਜਿਆਦਾ, ਤੈਨੂੰ ਨਹੀਂ ਪਤਾ ਇਹਦੇ ਜਿੰਨਾ ਕੰਮ ਪੂਰੇ ਪਿੰਡ ਵਿੱਚ ਕੋਈ ਨਹੀਂ ਕਰ ਸਕਦਾ ਸੀ।
ਸਾਰੇ ਪਿੰਡ ਦੇ ਲੋਕ ਇਹਦੇ ਕੰਮ ਨੂੰ ਮੰਨਦੇ ਸਨ। ਮੂੰਹ ਹਨ੍ਹੇਰੇ ਹੀ ਅਸੀਂ ਦੋਵੇਂ ਖੇਤ ਵਾਹੁਣ ਚਲੇ ਜਾਂਦੇ ਸੀ। ਜਿਸ ਵੇਲੇ ਬਾਕੀ ਲੋਕ ਖੇਤਾਂ ਨੂੰ ਜਾਂਦੇ ਸਨ ਅਸੀਂ ਕੰਮ ਨਬੇੜ ਕੇ ਘਰ ਵਾਪਸ ਆ ਰਹੇ ਹੁੰਦੇ ਸੀ। ਦੋ ਬਲਦਾਂ ਦੀਆਂ ਜੋੜੀਆਂ ਤੇ ਦਸ-ਬਾਰਾਂ ਮੱਝਾਂ ਇਹ ‘ਕੱਲਾ ਸਾਂਭਦਾ ਸੀ। ਇੱਕ ਵਾਰੀ ਬਘੇਲ ਨੰਬਰਦਾਰ ਚਾਰ ਬੰਦਿਆਂ ਨੂੰ ਲੈ ਕੇ ਰੁਲਦੂ ਦੇ ਘਰ ਚਲਾ ਗਿਆ। ਮੈਨੂੰ ਤੇ ਬਾਪੂ ਨੂੰ ਵੀ ਬੁਲਾ ਲਿਆ। ਨੰਬਰਦਾਰ ਨੇ ਰੁਲਦੂ ਨੂੰ ਆਪਣੇ ਨਾਲ ਰਲਾਉਣ ਲਈ ਇਹਨੂੰ ਸਤਾਈ ਸੌ ਰੁਪਏ ਦੀ ਗੱਲ ਕਹੀ। ਆਪਣੇ ਨਾਲ ਇਹ ਅਠਾਰਾਂ ਸੌ ਰੁਪਏ ‘ਚ ਸੀ। ਸਾਨੂੰ ਵੀ ਲੱਗਾ ਕਿ ਨੌਂ ਸੌ ਰੁਪਏ ਵੱਧ ਮਿਲ ਰਹੇ ਨੇ ਰੁਲਦੂ ਨੰਬਰਦਾਰ ਨੂੰ ਹਾਂ ਕਹੇਗਾ, ਪਰ ਰੁਲਦੂ ਨੇ ਬਾਪੂ ਮੂਹਰੇ ਹੱਥ ਜੋੜ ਕੇ ਇੱਕ ਹੀ ਗੱਲ ਕਹੀ ਕਿ ਉਹ ਪੈਸੇ ਦੇ ਲਾਲਚ ‘ਚ ਤੁਹਾਨੂੰ ਨਹੀਂ ਛੱਡੇਗਾ ਸਾਰੀ ਉਮਰ ਜੈਲਦਾਰਾਂ ਦੀ ਸੇਵਾ ਕਰੇਗਾ। ਬੱਸ ਉਸ ਦਿਨ ਬਾਪੂ ਨੇ ਮੈਨੂੰ ਬੁਲਾ ਕੇ ਇੱਕ ਹੀ ਗੱਲ ਕਹੀ ਸੀ ਕਿ ਰੁਲਦੂ ਆਪਣੇ ਘਰ ਦਾ ਵਫਾਦਾਰ ਹੈ ਤੇ ਇਸਨੂੰ ਕਿਸੇ ਚੀਜ਼ ਲਈ ਕਿਸੇ ਹੋਰ ਅੱਗੇ ਹੱਥ ਨਾ ਅੱਡਣੇ ਪੈਣ। ਬੱਸ ਉਸ ਦਿਨ ਤੋਂ ਰੁਲਦੂ ਇਸ ਪਰਿਵਾਰ ਦਾ ਹਿੱਸਾ ਬਣ ਗਿਆ ਸੀ।’ ਬਚਨ ਸਿੰਘ ਨੇ ਰੁਲਦੂ ਦੀਆਂ ਸਿਫ਼ਤਾਂ ਕਰਦਿਆਂ ਦੀਪੇ ਨੂੰ ਸਮਝਾਇਆ।
ਰੁਲਦੂ ਦਾ ਆਪਣਾ ਵੀ ਇੱਕ ਛੋਟਾ ਜਿਹਾ ਪਰਿਵਾਰ ਸੀ ਜਿਸ ਵਿੱਚ ਉਸਦੀ ਪਤਨੀ ਸੰਤੀ ਤੇ ਦੋ ਧੀਆਂ ਜੀਤੀ ਤੇ ਕਮਲ ਸਨ। ਮੁੰਡੇ ਦੀ ਘਾਟ ਅਕਸਰ ਰੁਲਦੂ ਨੂੰ ਰੜਕਦੀ ਰਹਿੰਦੀ ਸੀ ਪਰ ਜੈਲਦਾਰਾਂ ਦੇ ਹੌਂਸਲੇ ਨੇ ਕਦੇ ਵੀ ਉਸਦੀ ਹਿੰਮਤ ਨੂੰ ਹਾਰਨ ਨਹੀਂ ਦਿੱਤਾ ਸੀ। ਬਚਨ ਸਿੰਘ ਵੀ ਹਰ ਸੁਖ-ਦੁੱਖ ਦੀ ਘੜੀ ਵਿੱਚ ਰੁਲਦੂ ਦਾ ਸਾਥ ਦਿੰਦਾ ਸੀ। ਰੁਲਦੂ ਦੀ ਪਤਨੀ ਤੇ ਦੋਵੇਂ ਧੀਆਂ ਜੈਲਦਾਰਾਂ ਦੇ ਖੇਤਾਂ ਵਿੱਚ ਨਰਮਾ ਕਪਾਹ ਚੁਗਦੀਆਂ ਸਨ। ਸਾਰੇ ਜਣੇ ਖੂਬ ਮਿਹਨਤ ਕਰਦੇ ਫਿਰ ਵੀ ਘਰ ਦੇ ਖਰਚੇ ਮਸਾਂ ਚਲਦੇ। ਸੰਤੀ ਨੂੰ ਬਿਮਾਰ ਰੁਲਦੂ ਅਤੇ ਜਵਾਨ ਧੀਆਂ ਦੇ ਵਿਆਹ ਦੀ ਚਿੰਤਾ ਵੱਢ-ਵੱਢ ਖਾਂਦੀ ਸੀ। ਖੇਤਾਂ ਵਿੱਚ ਕੰਮ ਕਰਦਿਆਂ ਜਦੋਂ ਜੀਤੀ ਫੌਜੀਆਂ ਵਾਲੀਆਂ ਰੇਲ ਗੱਡੀਆਂ ਲੰਘਦੀ ਦੇਖਦੀ ਤਾਂ ਉਹ ਆਪਣੇ ਵਿਆਹ ਦੇ ਸੁਪਨੇ ਕਿਸੇ ਫੌਜੀ ਨਾਲ ਵੇਖਦੀ ਕਿ ਕਾਸ਼! ਉਸਦਾ ਵੀ ਵਿਆਹ ਕਿਸੇ ਫੌਜੀ ਨਾਲ ਹੋ ਜਾਏ ਫਿਰ ਉਹ ਵੀ ਇਨ੍ਹਾਂ ਗੱਡੀਆਂ ‘ਤੇ ਜਾਇਆ ਕਰੇਗੀ।
ਇੱਕ ਦਿਨ ਅਚਾਨਕ ਜੀਤੀ ਦਾ ਮਾਸੜ ਆਇਆ। ਚਾਹ ਪਾਣੀ ਪੀਣ ਮਗਰੋਂ ਉਸਨੇ ਦੱਸਿਆ ਕਿ ਸਾਡੇ ਨਾਲ ਦੇ ਪਿੰਡ ਕਿਸੇ ਮੁੰਡੇ ਦੀ ਦੱਸ ਪਈ ਐ। ਮੁੰਡਾ ਵਧੀਆ ਕੱਦ-ਕਾਠ ਦਾ ਤੇ ਫੌਜੀ ਹੈ। ਇਹਦੀ ਮਾਸੀ ਕਹਿੰਦੀ ਹੈ ਕਿ ਜੀਤੀ ਦੀ ਗੱਲ ਤੋਰ ਲੈਂਦੇ ਹਾਂ। ਸਾਊ ਪਰਿਵਾਰ ਐ ਨਾ ਮੁੰਡੇ ਨੂੰ ਕੋਈ ਵੈਲ ਐ, ਹੁਣ ਤੁਸੀਂ ਵੇਖ ਲਉ। ‘ਪਰ ਵੀਰ ਜੀ, ਮੁੰਡਾ ਵੇਖੀਏ ਕਿਵੇਂ ਘਰੇ ਨਾ ਚਾਰ ਪੈਸੇ ਤੇ ਨਾ ਹੀ ਕੋਈ ਟੂਮ ਛੱਲਾ ਉੱਪਰੋਂ ਇਹਨ੍ਹਾਂ ਦਾ ਬਾਪੂ ਢਿੱਲਾ ਰਹਿੰਦਾ, ਫਿਰ ਅਗਲਿਆਂ ਦਾ ਕੀ ਪਤਾ ਕੀ ਮੰਗ ਖੜ੍ਹਨ।’ ਸੰਤੀ ਨੇ ਘਰ ਦੀ ਗਰੀਬੀ ਬਿਆਨ ਕਰਦਿਆਂ ਕਿਹਾ ‘ਤੂੰ ਫਿਕਰ ਨਾ ਕਰ ਸੰਤੀਏ, ਆਪੇ ਪਰਮਾਤਮਾ ਨੂੰ ਫਿਕਰ ਐ, ਮੈਂ ਕੱਲ੍ਹ ਜੈਲਦਾਰ ਦੇ ਕੰਨੀਂ ਇਹ ਗੱਲ ਕੱਢ ਆਉਂਦਾ ਹਾਂ ਆਪਾਂ ਨੂੰ ਉਹਨ੍ਹਾਂ ਦਾ ਹੀ ਸਹਾਰਾ ਹੈ।’
ਅਗਲੇ ਦਿਨ ਰੁਲਦੂ ਜੈਲਦਾਰ ਕੋਲ ਗਿਆ ਤੇ ਉਸਨੂੰ ਸਾਰੀ ਗੱਲ ਦੱਸੀ। ‘ਰੁਲਦੂ ਸਿੰਘ ਤੂੰ ਸਾਡੇ ਹੁੰਦੇ ਕਿਉਂ ਫਿਕਰ ਕਰਦਾਂ ਜੀਤੀ ਜਿੰਨੀ ਤੇਰੀ ਧੀ ਉਨੀ ਹੀ ਮੇਰੀ ਧੀ ਆ। ਤੂੰ ਕੱਲ੍ਹ ਹੀ ਜਾ ਕੇ ਮੁੰਡਾ ਵੇਖ ਆ ਪੈਸੇ-ਧੇਲੇ ਦੀ ਗੱਲ ਸਾਡੇ ‘ਤੇ ਛੱਡ ਦੇ’ ਬਚਨ ਸਿੰਘ ਨੇ ਰੁਲਦੂ ਨੂੰ ਹੌਂਸਲਾ ਦਿੰਦਿਆਂ ਕਿਹਾ।
ਬਚਨ ਸਿੰਘ ਤੋਂ ਇੰਨੀ ਗੱਲ ਸੁਣਦਿਆਂ ਹੀ ਰੁਲਦੂ ਦੇ ਚਿਹਰੇ ‘ਤੇ ਖੁਸ਼ੀ ਛਾ ਗਈ।ਘਰ ਆ ਕੇ ਉਸਨੇ ਸਾਰੀ ਗੱਲ ਦੱਸੀ।ਜੀਤੀ ਬੜੀ ਖੁਸ਼ ਸੀ ਕਿਉਂਕਿ ਉਸਦੇ ਦਿਲ ਦੀ ਤਮੰਨਾ ਪੂਰੀ ਹੁੰਦੀ ਲੱਗਦੀ ਸੀ।ਅਗਲੇ ਦਿਨ ਰੁਲਦੂ ਜੀਤੀ ਦੇ ਮਾਸੜ ਨੂੰ ਨਾਲ ਲੈ ਕੇ ਦੱਸੇ ਗਏ ਪਿੰਡ ਮੁੰਡਾ ਵੇਖਣ ਚੱਲ ਪਏ। ਪਿੰਡ ਵੜਦਿਆਂ ਹੀ ਉਹਨ੍ਹਾਂ ਖੁੰਢ ‘ਤੇ ਬੈਠੇ ਬਜੁਰਗਾਂ ਤੋਂ ਮੰਗਲ ਸਿੰਘ ਦਾ ਪਤਾ ਪੁੱਛਿਆ ਤੇ ਦੱਸੇ ਪਤੇ ‘ਤੇ ਪਹੁੰਚ ਗਏ।ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਮੰਗਲ ਸਿੰਘ ਆਇਆ। ਇੱਕ-ਦੂਜੇ ਨੂੰ ਫਤਹਿ ਬੁਲਾਉਣ ਤੋਂ ਬਾਅਦ ਰੁਲਦੂ ਸਿੰਘ ਨੇ ਦੱਸਿਆ ਕਿ ਉਹਨ੍ਹਾਂ ਨੂੰ ਮੁੰਡੇ ਬਾਰੇ ਦੱਸ ਪਈ ਹੈ ਜੋ ਕਿ ਫੌਜ ਵਿੱਚ ਹੈ ਤੇ ਹੁਣ ਛੁੱਟੀ ਆਇਆ ਹੋਇਆ।
ਇਹ ਵੀ ਪੜ੍ਹੋ : ਰਾਮ ਮੰਦਰ ਭੂਮੀ ਪੂਜਨ ਸਮਾਰੋਹ ਦੇਵੇਗਾ ਏਕਤਾ ਦਾ ਸੰਦੇਸ਼ : ਪ੍ਰਿਅੰਕਾ
‘ਜੀ ਸਦਕੇ ਭਾਈ, ਆਓ ਅੰਦਰ ਆਉ।’ ਮੰਗਲ ਸਿੰਘ ਨੇ ਦੋਵਾਂ ਨੂੰ ਇੱਜਤ ਨਾਲ ਅੰਦਰ ਬਿਠਾਇਆ ਤੇ ਚਾਹ-ਪਾਣੀ ਪਿਲਾਇਆ।ਕਾਫੀ ਸਮਾਂ ਹੋਰ ਗੱਲਬਾਤ ਕਰਨ ਮਗਰੋਂ ਮੰਗਲ ਸਿੰਘ ਨੇ ਆਪਣੇ ਲੜਕੇ ਅਮਰੀਕ ਨੂੰ ਕੋਲ ਬੁਲਾਇਆ ਤੇ ਉਸਨੂੰ ਰਿਸ਼ਤਾ ਲੈਣ ਬਾਰੇ ਪੁੱਛਿਆ।
‘ਬਾਪੂ ਜੀ ਜਿਵੇਂ ਤੁਹਾਨੂੰ ਚੰਗਾ ਲੱਗੇ!’ ਕਹਿ ਕੇ ਅਮਰੀਕ ਉੱਠਿਆ ਤੇ ਬਾਹਰ ਚਲਾ ਗਿਆ। ਮੰਗਲ ਸਿੰਘ ਨੇ ਆਵਾਜ ਦਿੱਤੀ ਕਿ ਗਰਮ ਚਾਹ ਤੇ ਕੁਝ ਮਿੱਠਾ ਲਿਆਉ, ਹੋਣ ਵਾਲੇ ਰਿਸ਼ਤਾਦਾਰਾਂ ਦਾ ਮੂੰਹ ਵੀ ਮਿੱਠਾ ਕਰਵਾਉਣਾ। ਇਹ ਕਹਿੰਦਿਆਂ ਹੀ ਕਮਰੇ ਵਿੱਚ ਸਾਰਿਆਂ ਦੀ ਹਾਸਾ ਗੂੰਜਣ ਲੱਗਾ।
‘ਚੰਗਾ ਫਿਰ ਸਰਦਾਰ ਜੀ, ਕੋਈ ਚੰਗਾ ਜਿਹਾ ਦਿਨ ਵੇਖ ਕੇ ਆਪਾਂ ਬੱਚਿਆਂ ਦਾ ਸ਼ਗਨ ਕਰ ਦਿੰਦੇ ਹਾਂ ਕਿਉਕਿ ਕਾਕੇ ਨੇ ਵੀ ਫਿਰ ਡਿਊਟੀ ‘ਤੇ ਜਾਣਾ ਹੋਵੇਗਾ, ਨਾਲੇ ਸ਼ੁੱਭ ਕੰਮ ਵਿੱਚ ਦੇਰੀ ਕਾਹਦੇ ਲਈ!’ ਜੀਤੀ ਦੇ ਮਾਸੜ ਨੇ ਮੰਗਲ ਸਿੰਘ ਤੋਂ ਛੇਤੀ ਸ਼ਗਨ ਕਰਨ ਬਾਰੇ ਪੁੱਛਿਆ।
ਫਿਰ ਦੋਵਾਂ ਪਰਿਵਾਰਾਂ ਨੇ ਇੱਕ ਦਿਨ ਚੁਣਿਆ ਗੱਲਬਾਤ ਪੱਕੀ ਕਰਨ ਮਗਰੋਂ ਰੁਲਦੂ ਨੇ ਆਗਿਆ ਲਈ ਤੇ ਦੋਵੇਂ ਵਾਪਸ ਆ ਗਏ। ਨਿਸ਼ਚਿਤ ਦਿਨ ਰੁਲਦੂ ਦੀ ਧੀ ਜੀਤੀ ਅਤੇ ਮੰਗਲ ਦੇ ਲੜਕੇ ਅਮਰੀਕ ਦਾ ਸ਼ਗਨ ਪਾਇਆ ਗਿਆ ਦੋਵੇਂ ਪਰਿਵਾਰ ਬੇਹੱਦ ਖੁਸ਼ ਸਨ। ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਇੱਕ ਸਾਲ ਲੇਟ ਰੱਖ ਦਿੱਤਾ। ਜੀਤੀ ਬੜੀ ਖੁਸ਼ ਸੀ ਕਿਉਂਕਿ ਉਸ ਦੇ ਦਿਲ ਦੀ ਤਮੰਨਾ ਫੌਜੀ ਨਾਲ ਵਿਆਹ ਕਰਵਾਉਣ ਦੀ ਸੀ ਜੋ ਕਿ ਅਕਾਲ ਪੁਰਖ ਨੇ ਸ਼ਾਇਦ ਸੁਣ ਲਈ ਸੀ।
ਕੁਝ ਦਿਨਾਂ ਬਾਅਦ ਸਰਹੱਦ ‘ਤੇ ਲੜਾਈ ਲੱਗ ਗਈ। ਦੇਸ਼ ਦੇ ਜਵਾਨ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ। ਅਮਰੀਕ ਦੀ ਕੋਈ ਖਬਰ ਨਹੀਂ ਆ ਰਹੀ ਸੀ। ਫਿਰ ਅਚਾਨਕ ਅਮਰੀਕ ਦੇ ਸ਼ਹੀਦ ਹੋਣ ਦੀ ਤਾਰ ਆਈ। ਪਿੰਡ ਵਿੱਚ ਮਾਤਮ ਛਾ ਗਿਆ ਸਾਰਾ ਪਿੰਡ ਮੰਗਲ ਸਿੰਘ ਦੇ ਘਰ ਆ ਚੁੱਕਿਆ ਸੀ। ਰਿਸ਼ਤੇਦਾਰਾਂ ਨੂੰ ਵੀ ਸੁਨੇਹੇ ਭੇਜੇ ਗਏ।
ਜਦੋਂ ਇਹ ਖਬਰ ਰੁਲਦੂ ਸਿੰਘ ਦੇ ਘਰ ਪਹੁੰਚੀ ਤਾਂ ਚੀਕ-ਚਿਹਾੜਾ ਪੈ ਗਿਆ। ਰੁਲਦੂ ਸਿੰਘ ਵਿਚਾਰਾ ਸਿਰ ਫੜ੍ਹ ਕੇ ਬੈਠ ਗਿਆ। ਸੰਤੀ ਵੀ ਉੱਚੀ-ਉੱਚੀ ਰੋਣ ਲੱਗੀ।
ਜਦੋਂ ਜੀਤੀ ਘਰ ਆਈ ਤਾਂ ਗਮਗੀਨ ਮਾਹੌਲ ਵੇਖ ਕੇ ਹੈਰਾਨ ਰਹਿ ਗਈ ‘ਬਾਪੂ ਕੀ ਹੋਇਆ, ਤੁਸੀਂ ਬੋਲਦੇ ਕਿਉਂ ਨਹੀ, ਰੋ ਕਿਉਂ ਰਹੇ ਹੋ?’
ਮਾਂ ਬੋਲੀ, ‘ਧੀਏ ਅਸੀਂ ਪੱਟੇ ਗਏ, ਉੱਜੜ ਗਏ ਅਸੀਂ ਤਾਂ, ਮਾੜੇ ਕਰਮਾਂ ਵਾਲੀਏ ਤੂੰ ਵਿਧਵਾ ਹੋ ਗਈ।’ ਇਹ ਸੁਣਦਿਆਂ ਹੀ ਜੀਤੀ ਗਸ਼ ਖਾ ਕੇ ਡਿੱਗ ਗਈ। ਹੁਣ ਤੱਕ ਜੈਲਦਾਰ ਵੀ ਪਹੁੰਚ ਗਿਆ ਸੀ। ਸਾਰਾ ਆਂਢ-ਗੁਆਂਢ ਦਿਲਾਸਾ ਦੇ ਰਿਹਾ ਸੀ ਕਿ ਸਭ ਨੂੰ ਉਸ ਵਾਹਿਗੁਰੂ ਦਾ ਭਾਣਾ ਮੰਨਣਾ ਪੈਣਾ, ਭਾਈ ਉਸ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ।
ਜੈਲਦਾਰ ਆਪਣੀ ਜੀਪ ‘ਤੇ ਸਭ ਨੂੰ ਮੰਗਲ ਸਿੰਘ ਦੇ ਪਿੰਡ ਲੈ ਗਿਆ। ਥੋੜ੍ਹੇ ਸਮੇਂ ਬਾਅਦ ਮਿਲਟਰੀ ਦੀਆਂ ਗੱਡੀਆਂ ਆਈਆਂ ਤੇ ਸ਼ਹੀਦ ਹੋਏ ਅਮਰੀਕ ਦੀ ਅਰਥੀ ਨੂੰ ਮੋਢਾ ਦੇ ਕੇ ਕੁਝ ਜਵਾਨ ਉਸਨੂੰ ਸ਼ਮਸ਼ਾਨ ਲੈ ਗਏ। ਬੱਚੇ ਤੋਂ ਲੈ ਕੇ ਬਜ਼ੁਰਗ ਹਰ ਵਿਅਕਤੀ ਦੀਆਂ ਅੱਖਾਂ ਨਮ ਸਨ। ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਅਮਰੀਕ ਸਾਰੇ ਪਿੰਡ ਦਾ ਸਕਾ ਪੁੱਤ ਹੋਵੇ। ਥੋੜ੍ਹੀ ਦੇਰ ਬਾਅਦ ਜੀਤੀ ਨੂੰ ਅਮਰੀਕ ਸਿੰਘ ਦਾ ਮੂੰਹ ਵਿਖਾਉਣ ਲਈ ਲਿਆਂਦਾ ਗਿਆ। ਪੱਥਰ ਵਰਗਾ ਦਿਲ ਕਰਕੇ ਉਸਨੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਤੇ ਕਿਹਾ, ‘ਚੰਦਰਿਆ! ਤੂੰ ਤੇ ਮੇਰੀ ਇੱਕ ਤਮੰਨਾ ਵੀ ਪੂਰੀ ਨਹੀਂ ਕਰ ਸਕਿਆ ਜੋ ਤੇਰੇ ਨਾਲ ਗੱਡੀ ‘ਤੇ ਚੜ੍ਹ ਸਰਹੱਦਾਂ ‘ਤੇ ਜਾਣ ਦੀ ਸੀ!’
ਥੋੜ੍ਹੇ ਸਮੇਂ ਬਾਅਦ ਮੰਗਲ ਸਿੰਘ ਤੋਂ ਚਿਤਾ ਨੂੰ ਅਗਨੀ ਦਿਵਾਈ ਗਈ। ਲੋਕ ਏਧਰ-ਓਧਰ ਹੋਣ ਲੱਗੇ ਸਭ ਦੇ ਮੂੰਹੋਂ ਇੱਕੋ ਗੱਲ ਨਿੱਕਲੀ ਸੀ ਕਿ ਅੱਜ ਸ਼ਾਮ ਕਿਸੇ ਦਾ ਚੁੱਲ੍ਹਾ ਨਹੀਂ ਬਲ਼ੇਗਾ। ਓਧਰ ਰੁਲਦੂ ਸਿੰਘ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ। ਜੈਲਦਾਰ ਦਾ ਮੁੰਡਾ ਜੰਟਾ ਉੱਠਿਆ ‘ਤੇ ਕਹਿਣ ਲੱਗਾ, ‘ਤਾਇਆ ਜੀ ਉਸ ਦਿਨ ਮੈਂ ਡਿੱਗਿਆ ਸੀ, ਤੁਸੀਂ ਅੱਜ ਡਿੱਗੇ ਹੋ, ਮੈਂ ਤੁਹਾਨੂੰ ਸਹਾਰਾ ਦੇਵਾਂਗਾ, ਚੱਲ ਤਾਇਆ ਉੱਠ!’
ਲਖਵੀਰ ਚੰਦ ਸ਼ਰਮਾ
ਨਿਊ ਕਲੋਨੀ ਸੂਲਰ (ਪਟਿਆਲਾ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।