ਅੱਜ ਦੇ ਸੈਸ਼ਨ ਦੌਰਾਨ ਨਹੀਂ ਹੋਏਗਾ ਪ੍ਰਸ਼ਨ ਕਾਲ ਤਾਂ ਸੋਮਵਾਰ ਤੇ ਮੰਗਲਵਾਰ ਨੂੰ ਲੱਗਣਗੇ 40 ਸਵਾਲ
- ਪ੍ਰਸ਼ਨ ਕਾਲ ਦੌਰਾਨ ਇੱਕ ਸੀਟਿੰਗ ਦੌਰਾਨ ਸਿਰਫ਼ 20 ਸਵਾਲਾਂ ਦੇ ਮਿਲਦੇ ਹਨ ਜਵਾਬ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਆਪਣੇ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਲੈਣ ਲਈ ਵਿਧਾਇਕਾਂ ਨੇ ਸਵਾਲਾਂ ਦੀ ਝੜੀ ਲਾ ਕੇ ਰੱਖ ਦਿੱਤੀ ਹੈ। ਇੱਥੋਂ ਤੱਕ ਕਿ ਪਿਛਲੇ ਕੁਝ ਦਿਨਾਂ ‘ਚ ਹੀ ਵਿਧਾਨ ਸਭਾ ਕੋਲ 400 ਤੋਂ ਜ਼ਿਆਦਾ ਪੁੱਜ ਚੁੱਕੇ ਹਨ ਪਰ ਇਨ੍ਹਾਂ ਸਵਾਲਾਂ ‘ਚੋਂ ਜਵਾਬ ਸਿਰਫ਼ 40 ਸਵਾਲਾਂ ਦਾ ਹੀ ਮਿਲਣ ਵਾਲਾ ਹੈ, ਕਿਉਂਕਿ ਇਸ ਪਿੱਛੇ ਪੰਜਾਬ ਵਿਧਾਨ ਸਭਾ ਦੇ ਨਿਯਮ ਹੀ ਆੜੇ ਆ ਰਹੇ ਹਨ। ਵਿਧਾਨ ਸਭਾ ਦੀ ਇੱਕ ਸੀਟਿੰਗ ਦੌਰਾਨ ਸਿਰਫ਼ 20 ਸਵਾਲਾਂ ਦਾ ਹੀ ਜਵਾਬ ਦਿੱਤਾ ਜਾ ਸਕਦਾ ਹੈ। ਇਸ ਲਈ ਇਨ੍ਹਾਂ 3 ਦਿਨਾਂ ਦੇ ਮਾਨਸੂਨ ਸੈਸ਼ਨ ਦੌਰਾਨ ਸਿਰਫ਼ 2 ਦਿਨ ਹੀ ਪ੍ਰਸ਼ਨ ਕਾਲ ਹੋਏਗਾ।
ਕਿਉਂਕਿ ਪਹਿਲੇ ਦਿਨ ਸਿਰਫ਼ ਸ਼ਰਧਾਂਜਲੀ ਦਿੰਦੇ ਹੋਏ ਸਦਨ ਦੀ ਕਾਰਵਾਈ ਨੂੰ ਅਗਲੇ ਦਿਨ ਤੱਕ ਲਈ ਮੁਲਤਵੀ ਕਰ ਦਿੱਤਾ ਜਾਏਗਾ, ਜਿਸ ਕਾਰਨ ਸੋਮਵਾਰ ਤੇ ਮੰਗਲਵਾਰ ਨੂੰ ਸਦਨ ਦੀ 2 ਸੀਟਿੰਗ ਦੌਰਾਨ ਪ੍ਰਤੀ ਸੀਟਿੰਗ 20-20 ਸਵਾਲ ਅਨੁਸਾਰ ਸਿਰਫ਼ 40 ਸਵਾਲ ਹੀ ਲੱਗ ਸਕਦੇ ਹਨ। ਇਨ੍ਹਾਂ ਸਵਾਲਾਂ ਵਿੱਚ ਵੀ ਆਮ ਆਦਮੀ ਪਾਰਟੀ ਦੇ ਸਵਾਲ ਜਿਆਦਾ ਹਨ ਤੇ ਸਭ ਤੋਂ ਪਹਿਲਾਂ ਸਵਾਲ ਵੀ ਆਮ ਆਦਮੀ ਪਾਰਟੀ ਦੇ ਹੀ ਵਿਧਾਨ ਸਭਾ ਕੋਲ ਪੁੱਜਣੇ ਸ਼ੁਰੂ ਹੋਏ ਸਨ। ਇਸ ਲਈ ਨਿਯਮਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਹੀ ਜ਼ਿਆਦਾ ਸਵਾਲ ਲੱਗਣੇ ਚਾਹੀਦੇ ਹਨ ਪਰ ਇੱਥੇ ਵੀ ਪਾਰਟੀ ਅਨੁਸਾਰ ਜਾਂ ਫਿਰ ਸਵਾਲ ਵਿਧਾਇਕ ਅਨੁਸਾਰ ਲੱਗਣਗੇ, ਇਸ ਬਾਰੇ ਆਖ਼ਰੀ ਫੈਸਲਾ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਹੀ ਲੈ ਸਕਦੇ ਹਨ।।
ਪਰ ਇੰਨਾ ਤੈਅ ਹੈ ਕਿ ਵਿਧਾਨ ਸਭਾ ਦੇ ਇਸ ਸੈਸ਼ਨ ਦੌਰਾਨ ਸਿਰਫ਼ 40 ਸਵਾਲਾਂ ਦੇ ਹੀ ਜਵਾਬ ਮਿਲਣ ਵਾਲੇ ਹਨ। ਜਾਣਕਾਰੀ ਅਨੁਸਾਰ ਇੱਕ ਸਦਨ ਦੀ ਕਾਰਵਾਈ ਅਣਮਿਥੇ ਸਮੇਂ ਤੱਕ ਲਈ ਮੁਲਤਵੀ ਹੋਣ ਤੋਂ ਬਾਅਦ ਕੋਈ ਵੀ ਵਿਧਾਇਕ ਆਪਣਾ ਸਵਾਲ ਵਿਧਾਨ ਸਭਾ ਨੂੰ ਕਦੇ ਵੀ ਭੇਜ ਸਕਦਾ ਹੈ। ਵਿਧਾਇਕਾਂ ਵੱਲੋਂ ਸਵਾਲ ਆਉਣ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਦੇ ਜਵਾਬ ਲੈਣ ਲਈ ਸਬੰਧਿਤ ਵਿਭਾਗ ਨੂੰ ਭੇਜ ਦਿੱਤਾ ਜਾਂਦਾ ਹੈ ਤਾਂ ਕਿ ਸਮੇਂ ਅਨੁਸਾਰ ਜਵਾਬ ਆ ਸਕਣ। ਇਸ ਦੇ ਚਲਦੇ ਪਿਛਲੇ 4-5 ਮਹੀਨੇ ਤੋਂ ਹੀ ਵਿਧਾਇਕਾਂ ਨੇ ਆਪਣੇ ਸਵਾਲ ਭੇਜਣੇ ਸ਼ੁਰੂ ਕਰ ਦਿੱਤੇ ਸਨ ਤੇ ਕਾਫ਼ੀ ਜਿਆਦਾ ਸਵਾਲ ਹੁਣ ਪਿਛਲੇ ਦਿਨੀਂ ਵਿਧਾਨ ਸਭਾ ਕੋਲ ਪੁੱਜੇ ਹਨ।
ਨਿਯਮਾਂ ਅਨੁਸਾਰ ਕਿਸੇ ਵੀ ਸਵਾਲ ਦਾ ਜਵਾਬ ਲੈਣ ਲਈ ਸਦਨ ਦੀ ਕਾਰਵਾਈ ਤੋਂ 15 ਦਿਨ ਪਹਿਲਾਂ ਤੱਕ ਸਵਾਲ ਵਿਧਾਨ ਸਭਾ ‘ਚ ਭੇਜਣਾ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਕਿਹੜੇ ਕਿਹੜੇ ਸਵਾਲ 15 ਦਿਨ ਤੋਂ ਪਹਿਲਾਂ ਆਏ ਹਨ ਤੇ ਕਿਹੜਾ ਸਵਾਲ ਸਭ ਤੋਂ ਪਹਿਲਾਂ ਆਏ ਹਨ। ਉਸੇ ਅਨੁਸਾਰ ਹੀ ਸਵਾਲ ਨੂੰ ਸਦਨ ਵਿੱਚ ਲਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਪਰ ਇਸ ਮਾਨਸੂਨ ਸੈਸ਼ਨ ਵਿੱਚ ਬੈਠਕਾਂ ਹੀ ਬਹੁਤ ਜ਼ਿਆਦਾ ਘੱਟ ਹੋਣ ਕਾਰਨ ਸਵਾਲ ਕਾਫ਼ੀ ਜਿਆਦਾ ਘੱਟ ਲੱਗ ਰਹੇ ਹਨ।