ਮੁੱਖ ਯੂਨਿਟ ਸਥਾਪਤ ਕਰਨ ਲਈ ਮੈਸ: ਹੀਰੋ ਸਾਈਕਲਜ਼ ਲਿਮਟਿਡ, ਲੁਧਿਆਣਾ ਨੂੰ 100 ਏਕੜ ਦਾ ਪਲਾਟ ਅਲਾਟ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸੂਬੇ ‘ਚ ਉਦਯੋਗ ਨੂੰ ਹੁਲਾਰਾ ਦੇਣ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਹਿੱਤ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਧਨਾਂਸ਼ੂ ਵਿਖੇ 383 ਏਕੜ ਰਕਬੇ ‘ਚ ਹਾਈਟੈਕ ਸਾਈਕਲ ਵੈਲੀ ਸਥਾਪਿਤ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਲਈ ਲੋੜੀਂਦੀ ਜ਼ਮੀਨ ਖ਼ਰੀਦਣ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ ਜਦਕਿ ਲੇਆਊਟ ਪਲਾਨ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ‘ਚ ਅੰਦਾਜ਼ਨ 300 ਕਰੋੜ ਰੁਪਏ ਦੀ ਲਾਗਤ ਆਵੇਗੀ। ਸੂਬੇ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਵਾਤਵਾਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਅਗਸਤ 2018 ‘ਚ ਪ੍ਰੋਜੈਕਟ ਬਾਬਤ ਵਾਤਾਵਰਨ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਸੰਬਰ 2018 ‘ਚ ਮੈਸ: ਹੀਰੋ ਸਾਈਕਲਜ਼ ਲਿਮਟਿਡ, ਲੁਧਿਆਣਾ ਨੂੰ ਮੁੱਖ ਯੂਨਿਟ ਸਥਾਪਤ ਕਰਨ ਲਈ 100 ਏਕੜ ਦਾ ਪਲਾਟ ਅਲਾਟ ਕਰਕੇ ਕਬਜ਼ਾ ਦੇ ਦਿੱਤਾ ਜਾ ਚੁੱਕਾ ਹੈ।
ਉਦਯੋਗ ਤੇ ਵਣਜ ਮੰਤਰੀ ਨੇ ਦੱਸਿਆ ਕਿ ਮੈਸ: ਹੀਰੋ ਸਾਈਕਲਜ਼ ਲਿਮਟਿਡ, ਲੁਧਿਆਣਾ ਵੱਲੋਂ ਅਪਰੈਲ, 2022 ਤੱਕ ਉਤਪਾਦਨ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਆਪਣੇ ਪਲਾਟ ਦੁਆਲੇ ਬਾਊਂਡਰੀਵਾਲ ਦਾ ਕੰਮ ਪਹਿਲਾਂ ਹੀ ਆਰੰਭਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਪੀ.ਐੱਸ.ਟੀ.ਸੀ.ਐੱਲ. ਵੱਲੋਂ 30 ਏਕੜ ਜ਼ਮੀਨ ‘ਤੇ 400 ਕਿੱਲੋ ਵਾਟ ਦਾ ਬਿਜਲੀ ਸਬ-ਸਟੇਸ਼ਨ ਉਸਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੀ.ਐੱਸ.ਟੀ.ਸੀ.ਐੱਲ. ਨੂੰ ਬਿਜਲੀ ਸਬ-ਸਟੇਸ਼ਨ ਉਸਾਰਨ ਲਈ ਜ਼ਮੀਨ ਅਤੇ 9.45 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ ਹੈ। ਅਰੋੜਾ ਨੇ ਦੱਸਿਆ ਕਿ ਸਾਈਕਲ ਵੈਲੀ ਨੂੰ 100 ਫੁੱਟ ਚੌੜੀ 4 ਮਾਰਗੀ, 8.5 ਕਿੱਲੋ ਮੀਟਰ ਲੰਮੀ ਬਾਹਰੀ ਸੜਕ ਉਸਾਰ ਕੇ ਚੰਡੀਗੜ੍ਹ-ਲੁਧਿਆਣਾ ਰਾਸ਼ਟਰੀ ਮਾਰਗ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਈਕਲ ਵੈਲੀ ਵਿਖੇ 2 ਮਾਰਗੀ ਤੇ 4 ਮਾਰਗੀ ਸੜਕਾਂ ਦੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਤਕਨੀਕੀ ਤੇ ਵਿੱਤੀ ਬੋਲੀਆਂ ਸਬੰਧੀ ਟੈਂਡਰ ਖੋਲ੍ਹ ਦਿੱਤੇ ਗਏ ਹਨ ਤੇ ਕੰਮ ਦੀ ਵੰਡ ਪ੍ਰਕਿਰਿਆ ਅਧੀਨ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।