ਅਧਿਆਪਕ ਆਗੂ ਐੱਨ. ਡੀ. ਤਿਵਾੜੀ ਨੂੰ ਕੀਤਾ ਮੁਅੱਤਲ

Teacher Leader, N. D. Tewari, Suspended

ਅਧਿਆਪਕ ਜਥੇਬੰਦੀਆਂ ‘ਚ ਰੋਸ

ਮੁਅੱਤਲੀ ਰੱਦ ਨਾ ਹੋਣ ਦੀ ਸੂਰਤ ‘ਚ ਤਿੱਖਾ ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਸਰਕਾਰੀ ਪ੍ਰਾਇਮਰੀ ਸਕੂਲ ਕਾਂਸਲ, ਬਲਾਕ ਖਰੜ-1 ਵਿੱਚ ਬਤੌਰ ਹੈੱਡ ਟੀਚਰ ਕੰਮ ਕਰ ਰਹੇ ਅਧਿਆਪਕ ਆਗੂ ਨਰਾਇਣ ਦੱਤ ਤਿਵਾੜੀ ਦੀਆਂ ਸੇਵਾਵਾਂ ਬਿਨਾ ਕੋਈ ਵੇਰਵਾ ਦਿੱਤਿਆਂ ਪ੍ਰਬੰਧਕੀ ਕਾਰਨਾਂ ਕਰਕੇ ਤੱਤਕਾਲ ਸਮੇਂ ਤੋਂ ਮੁਅੱਤਲ ਕਾਰਨ ਨਾਲ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਇਸ ਦੇ ਨਾਲ ਹੀ ਅਧਿਆਪਕ ਜਥੇਬੰਦੀਆਂ ਤੇ ਸਰਕਾਰ ਵਿਚਕਾਰ ਟਕਰਾਅ ਦੇ ਅਸਾਰ ਬਣ ਗਏ ਹਨ।  ਜ਼ਿਲ੍ਹਾ ਸਿੱਖਿਆ ਅਫਸਰ (ਐ: ਸਿ) ਐੱਸ. ਏ. ਐੱਸ. ਨਗਰ ਵੱਲੋਂ ਨਰਾਇਣ ਦੱਤ ਨੂੰ ਪੱਤਰ ਜਾਰੀ ਕਰਦਿਆਂ ਮੁਅੱਤਲ ਕੀਤਾ ਗਿਆ ਹੈ। ਅਧਿਆਪਕ ਸੰਘਰਸ਼ ਕਮੇਟੀ ਦੇ ਸੂਬਾਈ ਆਗੂਆਂ ਹਰਜੀਤ ਸਿੰਘ ਬਸੋਤਾ, ਸੁਖਵਿੰਦਰ ਸਿੰਘ ਚਾਹਲ, ਦਵਿੰਦਰ ਸਿੰਘ ਪੂਨੀਆ, ਹਰਜਿੰਦਰ ਪਾਲ ਪੰਨੂੰ, ਬਲਕਾਰ ਸਿੰਘ ਵਲਟੋਹਾ ਨੇ ਮੋਹਾਲੀ ਜ਼ਿਲ੍ਹੇ ਤੋਂ ਸੰਘਰਸ਼ ਕਮੇਟੀ ਦੇ ਆਗੂ ਨਰਾਇਣ ਦੱਤ ਤਿਵਾੜੀ ਨੂੰ ਜ਼ਿਲ੍ਹਾ ਸਿੱਖਿਆ ਅਫਸਰ (ਐ: ਸਿ) ਵੱਲੋਂ ਅਧਿਆਪਕਾਂ ਦੇ ਸੰਘਰਸ਼ਾਂ ਦੌਰਾਨ ਆਗੂ ਵਜੋਂ ਸਰਗਰਮ ਭੂਮਿਕਾ ਨਿਭਾਉਣ ਕਾਰਨ ਨਿਸ਼ਾਨੇ ‘ਤੇ ਲੈਂਦਿਆਂ ਮੁਅੱਤਲ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਇਸ ਮੁਅੱਤਲੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਅਧਿਆਪਕ ਆਗੂ ਨਰਾਇਣ ਦੱਤ ਤਿਵਾੜੀ ਦੀਆਂ ਅਧਿਆਪਕ ਵਜੋਂ ਕੀਤੀਆਂ ਪਹਿਲਕਦਮੀਆਂ ਦਾ ਜਿਕਰ ਕਰਦਿਆਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਕਾਂਸਲ ਵਿੱਚ ਸਾਲ 2007 ਦੌਰਾਨ ਹਾਜ਼ਰ ਹੋਣ ਤੋਂ ਬਾਅਦ ਵਿਦਿਆਰਥੀਆਂ ਦੀ ਗਿਣਤੀ 95 ਤੋਂ ਵੱਧ ਕੇ 218 ਤੱਕ ਪਹੁੰਚ ਚੁੱਕੀ ਹੈ।

ਸਕੂਲ ਦੀ ਕਾਇਆ ਕਲਪ ਕਰਦਿਆਂ ਇਨ੍ਹਾਂ ਵੱਲੋਂ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਲਈ ਨਵੀਂ ਇਮਾਰਤ ਤੇ ਆਪਣੇ ਪੱਧਰ ‘ਤੇ ਵਰਦੀਆਂ ਮੁਹੱਈਆ ਕਰਵਾਉਣ ਤੋਂ ਲੈ ਕੇ ਸਕੂਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਹੈ। ਸਟੇਟ ਪੱਧਰ ਦੇ ਖਿਡਾਰੀ ਰਹਿ ਚੁੱਕੇ ਨਰਾਇਣ ਦੱਤ ਤਿਵਾੜੀ ਦੀ ਪ੍ਰੇਰਣਾ ਅਤੇ ਸਿਖਲਾਈ ਸਦਕਾ ਹੀ ਸਕੂਲ ਦੀ ਇੱਕ ਵਿਦਿਆਰਣ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਹੋਈਆਂ ਸਕੂਲ ਖੇਡਾਂ ਵਿੱਚ ਸਰਵਉਤਮ ਐਥਲੀਟ ਦਾ ਤਗਮਾ ਜਿੱਤ ਕੇ ਇਲਾਕੇ ਦਾ ਨਾਂਅ ਰੋਸ਼ਨ ਕਰ ਚੁੱਕੀ ਹੈ। ਆਗੂਆਂ ਨੇ ਦੱਸਿਆ ਕਿ ਅਜਿਹੇ ਮਿਹਨਤੀ ਤੇ ਉੱਦਮੀ ਅਧਿਆਪਕ ਦੀ ਮੁਅੱਤਲੀ ਹੋਣ ਕਾਰਨ ਅਧਿਆਪਕ ਵਰਗ ‘ਚ ਪਾਏ ਜਾ ਰਹੇ ਸਖਤ ਰੋਸ ਤੋਂ ਸਿੱਖਿਆ ਮੰਤਰੀ ਪੰਜਾਬ ਨੂੰ ਜਾਣੂ ਕਰਵਾਇਆ ਜਾਵੇਗਾ ਤੇ ਅਧਿਆਪਕ ਆਗੂ ਦੀ ਮੁਅੱਤਲੀ ਰੱਦ ਕਰਨ ਦੀ ਮੰਗ ਦੇ ਨਾਲ ਨਾਲ ਜ਼ਿਲ੍ਹਾ ਸਿੱਖਿਆ ਅਫਸਰ (ਐ: ਸਿ.) ਮੋਹਾਲੀ ਨੂੰ ਜ਼ਿਲ੍ਹੇ ‘ਚੋਂ ਤਬਦੀਲ ਕਰਨ ਦੀ ਮੰਗ ਵੀ ਰੱਖੀ ਜਾਵੇਗੀ। ਆਗੂਆਂ ਨੇ ਮੁਅੱਤਲੀ ਰੱਦ ਨਾ ਹੋਣ ਦੀ ਸੂਰਤ ਵਿੱਚ ਜਲਦ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ।  ਇਸ ਮੌਕੇ ਬਲਜੀਤ ਸਿੰਘ ਸਲਾਣਾ, ਹਰਦੀਪ ਸਿੰਘ ਟੋਡਰਪੁਰ, ਜਸਵਿੰਦਰ ਸਿੰਘ ਔਜਲਾ, ਹਾਕਮ ਸਿੰਘ, ਦਲਜੀਤ ਸਿੰਘ ਸਫੀਪੁਰ, ਰਣਜੀਤ ਸਿੰਘ ਰਬਾਬੀ, ਕਰਮਿੰਦਰ ਸਿੰਘ, ਅਮਰਜੀਤ ਕੰਬੋਜ ਤੇ ਹਰਜੀਤ ਜੁਨੇਜਾ ਦੀਦਾਰ ਸਿੰਘ, ਭਰਤ ਕੁਮਾਰ, ਸੁਮਿਤ ਕੁਮਾਰ, ਗੁਰਪ੍ਰੀਤ ਸਿੰਘ ਗੁਰੂ, ਜੋਗਾ ਸਿਘ ਘਨੌਰ, ਕੁਲਦੀਪ ਪਟਿਆਲਵੀ ਤੇ ਅਵਤਾਲ ਸਿੰਘ ਗੰਡਾ ਆਦਿ ਵੀ ਮੌਜ਼ੂਦ ਰਹੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।