72 ਸਾਲਾਂ ਬਾਅਦ ਗਰੀਬ ਪਰਿਵਾਰ ਨੂੰ ਬਿਜਲੀ ਤੇ ਪਾਣੀ ਦੇ ਕੁਨੈਕਸ਼ਨ ਨਸੀਬ ਹੋਏ
ਤਰੁਣ ਕੁਮਾਰ ਸ਼ਰਮਾ, ਨਾਭਾ
ਨਾਭਾ ਦੇ ਪਿੰਡ ਰਾਇਮਲ ਮਾਜਰੀ ਵਿਖੇ ਅੱਤ ਦੀ ਗਰੀਬੀ ‘ਚ ਸਰਕਾਰੀ ਸਹੂਲਤਾਂ ਤੋਂ ਸੱਖਣਾ ਹੋ ਕੇ ਆਪਣਾ ਸਮਾਂ ਲੰਘਾ ਰਹੇ ਪਰਿਵਾਰ ਦੀ ਕਹਾਣੀ ਨੂੰ ‘ਸੱਚ ਕਹੂੰ’ ਵੱਲੋਂ 20 ਜੁਲਾਈ ਦੇ ਅੰਕ ‘ਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਸਮਾਜਿਕ ਸੰਸਥਾਵਾਂ ਨੇ ਇਸ ਪਰਿਵਾਰ ਵੱਲ ਵਹੀਰਾਂ ਘੱਤ ਲਈਆਂ ਹਨ। ਇਸ ਘਰ ਵਿੱਚ ਇੱਕ ਬਿਰਧ ਮਾਤਾ ਤੇ ਉਸ ਦੇ ਪੁੱਤਰ ਸਮੇਤ ਦੋ ਮੈਂਬਰ ਹਨ ਜੋ ਪਿਛਲੇ 72 ਸਾਲਾਂ ਤੋਂ ਤੇਲ ਦੇ ਦੀਵੇ ਦੀ ਰੌਸ਼ਨੀ ਹੇਠ ਆਪਣੀ ਜਿੰਦਗੀ ਬਤੀਤ ਕਰਦੇ ਆ ਰਹੇ ਸਨ ਤੇ ਪਰਿਵਾਰ ਕੋਲ ਪੀਣ ਵਾਲੇ ਪਾਣੀ ਦਾ ਕੁਨੈਕਸ਼ਨ ਤੱਕ ਨਹੀਂ ਸੀ ਇਸ ਪਰਿਵਾਰ ਦੀ ਮਾੜੀ ਹਾਲਤ ਦੀ ਕਹਾਣੀ ਮੀਡੀਆ ਵਿੱਚ ਆਉਣ ‘ਤੇ ਅੱਜ ਵੀ ਭਾਵੇਂ ਸਰਕਾਰ ਦੀ ਅੱਖ ਤਾਂ ਨਹੀਂ ਖੁੱਲ੍ਹੀ ਪਰੰਤੂ ਸਮਾਜਿਕ ਸੰਸਥਾਵਾਂ ਨੇ ਇਸ ਘਰ ਦੀ ਤੋੜ ਨੂੰ ਖਤਮ ਕਰਕੇ ਰੱਖ ਦਿੱਤਾ ਹੈ।
ਜਿੱਥੇ ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ 72 ਸਾਲਾਂ ਤੋਂ ਬੁਨਿਆਦੀ ਜਰੂਰਤਾਂ ਦੀ ਘਾਟ ਨਾਲ ਦੋ ਚਾਰ ਹੁੰਦੇ ਇਸ ਗਰੀਬ ਘਰ ਵਿੱਚ ਬਿਜਲੀ ਦੀ ਫਿਟਿੰਗ ਕਰਕੇ ਲਾਈਟ ਦਾ ਪੂਰਾ ਪ੍ਰਬੰਧ ਕਰ ਦਿੱਤਾ ਹੈ ਉੱਥੇ ਘਰ ਵਿੱਚ ਪਾਣੀ ਦਾ ਕੁਨੈਕਸ਼ਨ ਵੀ ਚਾਲੂ ਕਰਵਾ ਦਿੱਤਾ ਹੈ। ਸਮਾਜਿਕ ਸੰਸਥਾਵਾਂ ਨੇ ਇਸ ਪਰਿਵਾਰ ਦੇ ਮਹੀਨਾਵਾਰ ਰਾਸ਼ਨ ਦਾ ਇੰਤਜਾਮ ਕਰ ਦਿੱਤਾ ਹੈ ਤਾਂ ਜੋ ਇਹ ਪਰਿਵਾਰ ਮੁੜ ਭੁੱਖਾ ਨਾ ਸੌਂ ਸਕੇ। ਆਪਣੇ ਘਰ ਪਹਿਲੀ ਵਾਰ ਇਹ ਸਹੂਲਤਾਂ ਨੂੰ ਦੇਖ ਕੇ ਬਿਰਧ ਮਾਤਾ ਤੇ ਉਸ ਦੇ ਪੁੱਤਰ ਦੀਆਂ ਅੱਖਾਂ ਵਿੱਚੋਂ ਅੱਥਰੂ ਰੁਕ ਨਹੀਂ ਰਹੇ ਸਨ। ਉਹ ਤੇ ਉਸ ਦਾ ਪੁੱਤਰ ਜਿੱਥੇ ਇਨ੍ਹਾਂ ਸਮਾਜਿਕ ਸੰਸਥਾਵਾਂ ਤੇ ਮੀਡੀਆ ਦੇ ਨਿਭਾਏ ਹਾਂ ਪੱਖੀ ਰੋਲ ਲਈ ਵਾਰ ਵਾਰ ਧੰਨਵਾਦ ਕਰਦੇ ਥੱਕ ਨਹੀਂ ਰਹੇ ਸਨ ਤਾਂ ਇਸ ਮੌਕੇ ਸਮਾਜਿਕ ਸੰਸਥਾਵਾਂ ਦੇ ਆਗੂ ਵੀ ਆਪਣੀਆਂ ਅੱਖਾਂ ਦੀ ਨਮੀ ਨੂੰ ਲੁਕੋ ਨਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।