ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਦੇ ਸਕੱਤਰ ਵੱਲੋਂ ਪਟਿਆਲਾ ਜ਼ਿਲ੍ਹੇ ਦਾ ਦੌਰਾ, ਕੇਂਦਰੀ ਸਕੀਮਾਂ ਦਾ ਜਾਇਜ਼ਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ, ਨਵੀਂ ਦਿੱਲੀ ਦੇ ਸਕੱਤਰ ਅਮਰਜੀਤ ਸਿਨਹਾ ਨੇ ਕੇਂਦਰੀ ਸਕੀਮਾਂ ਤਹਿਤ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੱਜ ਪਟਿਆਲਾ ਜ਼ਿਲ੍ਹੇ ਦਾ ਦੌਰਾ ਕੀਤਾ। ਉਨ੍ਹਾਂ ਨਾਭਾ ਬਲਾਕ ਦੇ ਪਿੰਡ ਢੀਂਗੀ ਵਿਖੇ ਮਗਨਰੇਗਾ ਤਹਿਤ ਕਰੀਬ 13.34 ਲੱਖ ਨਾਲ ਵਿਕਸਤ ਕੀਤੇ ਗਏ ਪਾਰਕ ਦਾ ਨਿਰੀਖਣ ਕੀਤਾ, ਇਸ ਤੋਂ ਬਾਅਦ ਉਹ ਪਟਿਆਲਾ ਬਲਾਕ ਦੇ ਪਿੰਡ ਲੰਗ ਵਿਖੇ ਮਗਨਰੇਗਾ ਸਕੀਮ ਤਹਿਤ ਬੂਟੇ ਤਿਆਰ ਕਰਨ ਲਈ ਜੰਗਲਾਤ ਵਿਭਾਗ ਵੱਲੋਂ ਬਣਾਈ ਗਈ ਨਰਸਰੀ ਦਾ ਜਾਇਜ਼ਾ ਲੈਣ ਪੁੱਜੇ। ਉਨ੍ਹਾਂ ਦੇ ਨਾਲ ਪੰਜਾਬ ਰਾਜ ਆਜੀਵਿਕਾ ਮਿਸ਼ਨ ਦੇ ਵਧੀਕ ਮੁੱਖ ਕਾਰਜ਼ਕਾਰੀ ਅਫਸਰ ਜਸਪਾਲ ਸਿੰਘ ਜੱਸੀ, ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼ੌਕਤ ਅਹਿਮਦ ਪਰੈ, ਸਹਾਇਕ ਕਮਿਸ਼ਨਰ (ਯੂ.ਟੀ.) ਟੀ. ਬੈਨਿਥ ਵੀ ਮੌਜੂਦ ਸਨ।
ਆਪਣੇ ਇਸ ਦੌਰੇ ਦੌਰਾਨ ਸ੍ਰੀ ਸਿਨਹਾ ਨੇ ਕੇਂਦਰੀ ਸਕੀਮਾਂ ਤਹਿਤ ਪਟਿਆਲਾ ਜ਼ਿਲ੍ਹੇ ‘ਚ ਕੇਂਦਰੀ ਸਕੀਮਾਂ ਤਹਿਤ ਹੋਏ ਵਿਕਾਸ ਦੀ ਸ਼ਲਾਘਾ ਕਰਦਿਆਂ ਭਰੋਸਾ ਦਿਵਾਇਆ ਕਿ ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਇਨ੍ਹਾਂ ਸਕੀਮਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਵੇਗੀ ਪ੍ਰੰਤੂ ਸਾਰੇ ਕੰਮ ਗੁਣਵੱਤਾ ਭਰਪੂਰ ਕਰਵਾਏ ਜਾਣ ਤਾਂ ਕਿ ਸਰਕਾਰ ਦੀਆਂ ਸਕੀਮਾਂ ਦੇ ਲਾਭ ਅਸਲ ਲਾਭਪਾਤਰੀਆਂ ਤੱਕ ਪੁੱਜ ਸਕਣ। ਇਸ ਦੌਰਾਨ ਸ਼ੌਕਤ ਅਹਿਮਦ ਪਰੈ ਨੇ ਸ੍ਰੀ ਸਿਨਹਾ ਨੂੰ ਜ਼ਿਲ੍ਹੇ ‘ਚ ਮਨਰੇਗਾ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐਮਏਵਾਈ), ਐਨ.ਆਰ.ਐਲ. ਐਮ ਤੇ ਕੇਂਦਰ ਵੱਲੋਂ ਪ੍ਰਾਯੋਜਿਤ ਹੋਰ ਸਕੀਮਾਂ ਦੀ ਪ੍ਰ੍ਰਗਤੀ ਤੋਂ ਜਾਣੂ ਕਰਵਾਇਆ।
ਪਿੰਡ ਢੀਂਗੀ ਵਿਖੇ ਸਰਪੰਚ ਬਲਵਿੰਦਰ ਸਿੰਘ ਬਿੱਟੂ ਨੇ ਸ੍ਰੀ ਸਿਨਹਾ ਨੂੰ ਦੱਸਿਆ ਕਿ ਪਿੰਡ ‘ਚ ਇੱਕ ਪਿਕਨਿਕ ਸਪਾਟ ਵਿਕਸਤ ਕੀਤਾ ਜਾਵੇਗਾ ਅਤੇ ਇੱਕ ਮੈਰਿਜ ਪੈਲੇਸ ਵੀ ਬਣਾਏ ਜਾਣ ਦੀ ਤਜਵੀਜ ਹੈ। ਇਸ ਤੋਂ ਬਾਅਦ ਪਿੰਡ ਲੰਗ ਦੀ ਨਰਸਰੀ ‘ਚ ਪੁੱਜੇ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਦੇ ਸਕੱਤਰ ਸ੍ਰੀ ਸਿਨਹਾ ਨੇ ਇਸ ਨਰਸਰੀ ‘ਚ ਹੋ ਰਹੇ ਕੰਮ ਦੀ ਭਰਵੀਂ ਸ਼ਲਾਘਾ ਕਰਦਿਆਂ ਇੱਥੇ ਮੌਲਸਰੀ, ਮਹਾਗੁਰੀ ਤੇ ਆੜੂ ਦੇ ਤਿੰਨ ਬੂਟੇ ਲਾਏ ਅਤੇ ਪ੍ਰੇਰਿਤ ਕੀਤਾ ਕਿ ਵਾਤਾਵਰਣ ਸੰਤੁਲਨ ਬਰਕਰਾਰ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।