ਸਿੱਧੂ ਦਾ ਅਸਤੀਫ਼ਾ ਮੁੱਖ ਮੰਤਰੀ ਕੋਲ ਪੁੱਜਾ
ਅਮਰਿੰਦਰ ਸਿੰਘ ਨੇ ਦਿੱਤਾ ਸਪਸ਼ਟ ਜੁਆਬ, ਸਿੱਧੂ ਬਾਰੇ ਕੀਤੇ ਕਈ ਖ਼ੁਲਾਸੇ
ਅਸ਼ਵਨੀ ਚਾਵਲਾ, ਚੰਡੀਗੜ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਬਾਰੇ ਸਾਫ਼ ਤੌਰ ‘ਤੇ ਕਹਿ ਦਿੱਤਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਆਪਣਾ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਉਹ ਇਸ ਵਿੱਚ ਕੁਝ ਨਹੀਂ ਕਰ ਸਕਦੇ। ਮੁੱਖ ਮੰਤਰੀ ਸੰਸਦ ਭਵਨ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਿਸ਼ਟਾਚਾਰ ਮਿਲਣੀ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ ਨੂੰ ਝੋਨੇ ਦੇ ਸੀਜ਼ਨ ਦੇ ਮਹੱਤਵਪੂਰਨ ਸਮੇਂ ਅੱਧ ਵਿਚਾਲੇ ਕੰਮ ਛੱਡਣ ਦੀ ਬਜਾਏ ਨਵਾਂ ਮਹਿਕਮਾ ਪ੍ਰਵਾਨ ਕਰਨਾ ਚਾਹੀਦਾ ਸੀ। ਉਨਾਂ ਕਿਹਾ ਕਿ ਸਿੱਧੂ ਨੂੰ ਮਹਿਕਮਾ ਦਿੱਤਾ ਗਿਆ ਸੀ ਜਿਸ ਨੂੰ ਉਸ ਵੱਲੋਂ ਪ੍ਰਵਾਨ ਕਰ ਕੇ ਆਪਣਾ ਕੰਮ ਕਰਨਾ ਚਾਹੀਦਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਜੇਕਰ ਸਿੱਧੂ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਉਹ ਇਸ ਵਿੱਚ ਕੀ ਕਰ ਸਕਦੇ ਹਨ। ”ਉਨਾਂ ਸਵਾਲ ਕੀਤਾ ਕਿ ਜਰਨੈਲ ਵੱਲੋਂ ਸੌਂਪਿਆਂ ਗਿਆ ਕੰਮ ਕਰਨ ਤੋਂ ਇਕ ਸਿਪਾਹੀ ਕਿਵੇਂ ਇਨਕਾਰ ਕਰ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਰਕਾਰ ਦੀ ਕਾਰਵਾਈ ਕਾਰਗਰ ਢੰਗ ਨਾਲ ਚਲਾਉਣੀ ਹੈ ਤਾਂ ਇਸ ਵਿੱਚ ਕੁਝ ਅਨੁਸ਼ਾਸਨ ਵੀ ਹੋਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਇੱਕ ਦਿਨ ਨਵਜੋਤ ਸਿੱਧੂ ਉਨਾਂ ਕੋਲ ਆਇਆ ਕਿ ਉਨਾਂ ਦੀ ਜਾਨ ਨੂੰ ਖ਼ਤਰਾ ਹੈ ਅਤੇ ਵੱਡੀ ਗੱਡੀ ਦਿੱਤੀ ਜਾਵੇ, ਜਿਸ ਤੋਂ ਬਾਅਦ ਤੁਰੰਤ ਹੀ ਲੈਂਡ ਕਰੂਜਰ ਗੱਡੀ ਸਿੱਧੂ ਨੂੰ ਦਿੱਤੀ ਗਈ, ਇਥੇ ਹੀ ਡੀ.ਜੀ.ਪੀ. ਨੂੰ ਫੋਨ ਕਰਦੇ ਹੋਏ ਜਿਹੜੀ ਸੁਰਖਿਆਂ ਬਤੌਰ ਮੁੱਖ ਮੰਤਰੀ ਉਨਾਂ ਨੂੰ ਮਿਲਦੀ ਸੀ, ਉਹ ਸੁਰਖਿਆ ਸਿੱਧੂ ਨੂੰ ਦਿੱਤੀ ਗਈ। ਇਥੇ ਹੀ ਬਸ ਨਹੀਂ ਪੰਜਾਬ ਤੋਂ ਬਾਹਰ ਜਾਣ ਮੌਕੇ ਪੰਜਾਬ ਪੁਲਿਸ ਦੀ ਸੁਰੱਖਿਆ ਮੰਗੀ ਤਾਂ ਉਹ ਵੀ ਦਿੱਤੀ ਗਈ, ਜਿਸ ‘ਤੇ ਸਰਕਾਰ ਦਾ ਕਰੋੜਾ ਰੁਪਏ ਦਾ ਖ਼ਰਚ ਆਇਆ ਹੈ।
ਇਹ ਪੁੱਛੇ ਜਾਣ ‘ਤੇ ਕੀ ਸਿੱਧੂ ਨੇ ਮੁੜ ਸੁਲਾਹ ਸਫ਼ਾਈ ਦੀ ਕੋਸ਼ਿਸ਼ ਕੀਤੀ ਹੈ ਤਾਂ ਮੁੱਖ ਮੰਤਰੀ ਨੇ ਕਿਹਾ ਇਸ ਦੀ ਕੋਈ ਲੋੜ ਨਹੀਂ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ,”ਮੇਰਾ ਉਸ ਨਾਲ ਕੋਈ ਰੌਲਾ ਨਹੀਂ ਹੈ। ਜੇਕਰ ਸਿੱਧੂ ਨੂੰ ਮੇਰੇ ਨਾਲ ਕਿਸੇ ਤਰਾਂ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਇਸ ਬਾਰੇ ਉਸ ਨੂੰ ਹੀ ਪੁੱਛੋ।” ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਵੱਲੋਂ ਆਪਣਾ ਅਸਤੀਫ਼ਾ ਕਾਂਗਰਸ ਪ੍ਰਧਾਨ ਨੂੰ ਭੇਜਣ ਵਿੱਚ ਉਨਾਂ ਨੂੰ ਕੁਝ ਗਲਤ ਨਹੀਂ ਲੱਗਾ। ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ ਮੰਡਲ ਦਾ ਫੈਸਲਾ ਕਾਂਗਰਸ ਹਾਈ ਕਮਾਂਡ ਦੀ ਸਲਾਹ ਨਾਲ ਕੀਤਾ ਜਾਂਦਾ ਹੈ ਸਿੱਧੂ ਦੇ ਅਸਤੀਫ਼ੇ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਦੱਸਿਆ ਗਿਆ ਹੈ ਕਿ ਅਸਤੀਫ਼ਾ ਚੰਡੀਗੜ ਵਿਖੇ ਉਨਾਂ ਦੀ ਰਿਹਾਇਸ਼ ‘ਤੇ ਭੇਜ ਦਿੱਤਾ ਗਿਆ ਹੈ ਪਰ ਉਨਾਂ ਨੇ ਅਜੇ ਇਹ ਅਸਤੀਫ਼ਾ ਦੇਖਣਾ ਹੈ। ਉਹ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾ ਅਸਤੀਫ਼ਾ ਪੜਨਗੇ।
ਲੋਕ ਸਭਾ ਚੋਣਾਂ ਤੋਂ ਬਾਅਦ ਆਪਣੇ ਮੰਤਰੀ ਮੰਡਲ ਦੇ ਫੇਰਬਦਲ ਵਿੱਚ 17 ‘ਚੋਂ 13 ਮੰਤਰੀਆਂ ਦੇ ਮਹਿਕਮੇ ਬਦਲਣ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਹੀ ਵਾਹਦ ਇਕ ਅਜਿਹਾ ਮੰਤਰੀ ਹੈ ਜਿਸ ਨੂੰ ਇਸ ਤੋਂ ਸਮੱਸਿਆ ਹੋਈ ਹੈ। ਉਨਾਂ ਕਿਹਾ ਕਿ ਫੇਰਬਦਲ ਦਾ ਫੈਸਲਾ ਮੰਤਰੀਆਂ ਦੀ ਕਾਰਜਸ਼ੈਲੀ ਦੇ ਆਧਾਰ ‘ਤੇ ਹੀ ਲਿਆ ਗਿਆ ਸੀ ਅਤੇ ਸਿੱਧੂ ਨੂੰ ਆਪਣਾ ਨਵਾਂ ਮਹਿਕਮਾ ਪ੍ਰਵਾਨ ਕਰਨਾ ਚਾਹੀਦਾ ਸੀ। ਮੁੱਖ ਮੰਤਰੀ ਨੇ ਸਿੱਧੂ ਅਤੇ ਉਸ ਦੀ ਪਤਨੀ ਵੱਲੋਂ ਸੰਸਦੀ ਚੋਣਾਂ ਲਈ ਸ੍ਰੀਮਤੀ ਸਿੱਧੂ ਦੀ ਉਮੀਦਵਾਰੀ ਬਾਰੇ ਜਾਰੀ ਕੀਤੇ ਬਿਆਨ ‘ਤੇ ਆਪਣੀ ਨਾਖੁਸ਼ੀ ਜ਼ਾਹਰ ਕੀਤੀ। ਉਨਾਂ ਸਪੱਸ਼ਟ ਕੀਤਾ ਕਿ ਉਨਾਂ ਨੇ ਕਦੇ ਵੀ ਨਵਜੋਤ ਕੌਰ ਸਿੱਧੂ ਦੀ ਉਮੀਦਵਾਰੀ ਦਾ ਵਿਰੋਧ ਨਹੀਂ ਕੀਤਾ ਅਤੇ ਸੁਝਾਅ ਦਿੱਤਾ ਸੀ ਕਿ ਉਸ ਨੂੰ ਬਠਿੰਡਾ ਤੋਂ ਚੋਣ ਲੜਨੀ ਚਾਹੀਦੀ ਹੈ ਜਿਸ ਨੂੰ ਸਿੱਧੂ ਜੋੜੇ ਨੇ ਰੱਦ ਕਰ ਦਿੱਤਾ ਸੀ।
ਰਾਹੁਲ ਗਾਂਧੀ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿਸ਼ਚਿਤ ਤੌਰ ‘ਤੇ ਸ੍ਰੀ ਗਾਂਧੀ ਨੂੰ ਮਿਲਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਪਾਰਟੀ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਕੋਈ ਖੜੋਤ ਨਹੀਂ ਆਈ ਜਿਵੇਂ ਕਿ ਵਿਰੋਧੀ ਧਿਰਾਂ ਅਤੇ ਮੀਡੀਆ ਦੇ ਇਕ ਹਿੱਸੇ ਵੱਲੋਂ ਉਭਾਰਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸਮੁੱਚੇ ਤੌਰ ‘ਤੇ ਕੰਮ ਚੱਲ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।