ਨਸ਼ਿਆਂ ਦੀ ਦਲਦਲ’ਚ ਧਸਿਆ ਪੰਜਾਬ

Punjab, Rushes, Into Drug Mud

ਨਸ਼ਿਆਂ ਦੀ ਦਲਦਲ’ਚ ਧਸਿਆ ਪੰਜਾਬ

ਪੰਜਾਬ+ਆਬ ਭਾਵ ਪੰਜ ਦਰਿਆਵਾਂ ਦੀ ਧਰਤੀ ਜਿਸ ਨੂੰ ਅਨੇਕਾਂ ਪੀਰਾਂ, ਫਕੀਰਾਂ, ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਜਿਸ ਕਰਕੇ ਅੱਜ ਵੀ ਪੰਜਾਬ ਵੱਸ ਰਿਹਾ ਹੈ। ਪਰ ਕੁਝ ਬੁਰਾਈਆਂ ਇਸ ਪੰਜਾਬ ਨੂੰ ਉਖਾੜਨ ‘ਤੇ ਤੁਲੀਆਂ ਹੋਈਆਂ ਹਨ। ਅਜਿਹੀਆਂ ਬਿਮਾਰੀਆਂ ਚਿੰਬੜੀਆਂ ਹੋਈਆਂ ਹਨ ਕਿ ਜਿਨ੍ਹਾਂ ਵਿੱਚੋਂ ਨਾ ਚਾਹੁੰਦੇ ਹੋਏ ਵੀ ਅੱਜ ਦੇ ਮਾਹੌਲ ਮੁਤਾਬਕ ਬਚਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਹ ਜਿੱਲਤ ਭਰੀਆਂ ਬਿਮਾਰੀਆਂ ਦਿਨੋ-ਦਿਨ ਪੰਜਾਬ ਦੀ ਜਵਾਨੀ ਨੂੰ ਅੰਦਰੋਂ-ਅੰਦਰੀ ਖੋਖਲਾ ਕਰੀ ਜਾ ਰਹੀਆਂ ਹਨ। ਬਜ਼ੁਰਗਾਂ ਕੋਲੋਂ ਸੁਣੀਦਾ ਕਿ ਇਹ ਪੰਜਾਬ ਜਿਸ ਵਿੱਚ ਮੇਲੇ ਲੱਗਦੇ ਮੇਲੇ ‘ਚ ਭੰਗੜੇ, ਗਿੱਧਾ ਤੇ ਕੁਸ਼ਤੀਆਂ ਆਦਿ ਕਰਵਾਈਆਂ ਜਾਂਦੀਆਂ ਤੇ ਕਿਧਰੇ ਅਲਗੋਜ਼ੇ, ਢੋਲਕੀਆਂ, ਛੈਣੇ ਤੇ ਕਿਧਰੇ ਸਾਰੰਗੀਆਂ ਵੱਜਦੀਆਂ ਤੇ ਰੂਹ ਖਿੜ ਉੱਠਦੀ ਸੀ। ਪਰ ਅੱਜ ਦੇ ਮਾਹੌਲ ਨੂੰ ਵੇਖ ਕੇ ਇਹ ਬਜ਼ੁਰਗ ਵੀ ਵਿਚਾਰੇ ਮਾਯੂਸ ਹੋ ਜਾਂਦੇ ਹਨ।

ਕਹਿੰਦੇ ਹਨ ਕਿ ਪੁਰਾਤਨ ਲੋਕ ਕਿਹਾ ਕਰਦੇ ਸਨ ਕਿ ‘ਦੱਬ ਕੇ ਵਾਹੀਏ ਤੇ ਰੱਜ ਕੇ ਖਾਈਏ’ ਭਾਵ ਜ਼ਿੰਦਗੀ ਵਿੱਚ ਆਪਣੇ ਸਰੀਰ ਨੂੰ ਠੀਕ ਤੇ ਤੰਦਰੁਸਤ ਰੱਖਣ ਲਈ ਰੱਜ ਕੇ ਖੁਰਾਕ ਖਾਣੀ ਚਾਹੀਦੀ ਹੈ, ਪਰ ਅੱਜ ਦੀ ਪੀੜ੍ਹੀ ਤੰਦਰੁਸਤੀ ਲਈ ਖੁਰਾਕ ਖਾਣ ਦੀ ਬਜਾਏ ਜ਼ਿੰਦਗੀ ਨੂੰ ਖ਼ਤਮ ਕਰਦੇ ਸ਼ਰਾਬ, ਅਫੀਮ, ਡੋਡੇ, ਸਮੈਕ, ਬੀੜੀ, ਸਿਗਰਟ, ਜਰਦਾ, ਗੋਲੀਆਂ, ਕੈਪਸੂਲ ਇੱਥੋਂ ਤੱਕ ਕੇ ਬ੍ਰੈੱਡਾਂ ‘ਤੇ ਆਇਓਡੈਕਸ ਲਾ ਕੇ ਸੜੀਆਂ ਹੋਈਆਂ ਗੰਦੀਆਂ ਜ਼ੁਰਾਬਾਂ ਦਾ ਪਾਣੀ ਕੱਢ ਕੇ ਪੀ ਰਹੇ ਹਨ, ਜੋ ਕਿ ਪੰਜਾਬ ਦੀ ਜਵਾਨੀ ਨੂੰ ਤਬਾਹੀ ਦੇ ਰਸਤੇ ਵੱਲ ਲਿਜਾ ਰਿਹਾ ਹੈ। ਇਹ ਵੇਖ ਕੇ ਡਰ ਲੱਗਦਾ ਕਿ ਆਉਣ ਵਾਲੀ ਪੀੜ੍ਹੀ ਦਾ ਕੀ ਬਣੇਗਾ? ਵਿਸ਼ਵ ਸਿਹਤ ਸੰਗਠਨ ਅਨੁਸਾਰ ਇੱਕ ਸਾਲ ਵਿੱਚ ਤਕਰੀਬਨ 40 ਲੱਖ ਦੇ ਕਰੀਬ ਲੋਕ ਨਸ਼ਿਆਂ ਕਾਰਨ ਮੌਤ ਦੇ ਮੂੰਹ ਵੱਲ ਜਾ ਰਹੇ ਹਨ। ਜੇਕਰ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ 100 ‘ਚੋਂ 70 ਫ਼ੀਸਦੀ ਨੌਜਵਾਨ, 20 ਫ਼ੀਸਦੀ ਕੁੜੀਆਂ ਤੇ 5 ਫ਼ੀਸਦੀ ਬੱਚੇ ਨਸ਼ਿਆਂ ਦੀ ਦਲਦਲ ‘ਚ ਧਸੇ ਹੋਏ ਹਨ।

ਜੇਕਰ ਨਸ਼ਿਆਂ ਦੇ ਵਧਣ ਦੇ ਕਾਰਨਾਂ ਦਾ ਪਤਾ ਕਰੀਏ ਤਾਂ ਇਸਦਾ ਸਿਹਰਾ ਸਿੱਧਾ ਦੇਸ਼ ਦੀਆਂ ਸਰਕਾਰਾਂ, ਅਧਿਆਪਕਾਂ ਤੇ ਮਾਪਿਆਂ ਨੂੰ ਜਾਂਦਾ ਹੈ। ਸਭ ਤੋਂ ਮਾਰੂ ਪੱਖ ਸਿੱਖਿਆ ਭਾਗ ਦਾ ਹੈ ਜੋ ਇਸ ਅਮਲ ਤੋਂ ਅੱਖਾਂ ਮਿੱਟੀ ਬੈਠਾ ਹੈ। ਜਿਸ ਵਜ੍ਹਾ ਨਾਲ ਛੋਟੀਆਂ-ਛੋਟੀਆਂ ਕਲਾਸਾਂ ਅੱਠਵੀਂ, ਨੌਵੀਂ ਆਦਿ ਦੇ ਬੱਚੇ ਕਈ ਤਰ੍ਹਾਂ ਦੇ ਨਸ਼ਿਆਂ ਦੇ ਸ਼ਿਕਾਰ ਹੋਏ ਬੈਠੇ ਹਨ ਨਾਲ ਹੀ ਕਈ ਸਕੂਲਾਂ ਤੇ ਕਾਲਜਾਂ ਦੇ ਅਧਿਆਪਕ ਸਾਹਿਬਾਨ ਵੀ ਸ਼ਰਾਬ ਅਤੇ ਸਿਗਰਟਨੋਸ਼ੀ ਦੇ ਆਦੀ ਹਨ ਜੋ ਅਧਿਆਪਕ ਖੁਦ ਹੀ ਸ਼ਰਾਬ ਅਤੇ ਸਿਗਰਨੋਸ਼ੀ ਦੀ ਬਿਮਾਰੀ ਵਿੱਚ ਫਸੇ ਹਨ ਭਲਾ ਉਹ ਕਿੱਦਾਂ ਸਕੂਲ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਹਟਾ ਸਕਦੇ ਹਨ। ਹੋਰ ਤਾਂ ਹੋਰ ਇਹ ਅਧਿਆਪਕ ਸਹਿਬਾਨ ਅੱਜ-ਕੱਲ੍ਹ ਤਾਂ ਸੋਸ਼ਲ ਮੀਡੀਆ ‘ਤੇ ਵੀ ਦਾਰੂ ਦੀਆਂ ਬੋਤਲਾਂ ਅੱਗੇ ਰੱਖ ਕੇ ਫੋਟੋਆਂ ਖਿਚਵਾ-ਖਿਚਵਾ ਪਾਉਂਦੇ ਹਨ। ਜੇਕਰ ਸਰਕਾਰਾਂ ਚਾਹੁਣ ਤਾਂ ਨਸ਼ਿਆਂ ਦਾ ਵਧਦਾ ਰੁਝਾਨ ਬਿਲਕੁਲ ਖ਼ਤਮ ਕਰ ਸਕਦੀਆਂ ਹਨ। ਨਸ਼ਿਆਂ ਦੇ ਪੈਕਟਾਂ ਤੇ ਦਾਰੂ ਦੀਆਂ ਬੋਤਲਾਂ ‘ਤੇ ਲਿਖਣਾ ਕਿ ‘ਇਹ ਸਿਹਤ ਲਈ ਹਾਨੀਕਾਰਕ ਹੈ’ ਆਦਿ ਨਾਲ ਕੁੱਝ ਨਹੀਂ ਹੁੰਦਾ। ਜੇ ਸਰਕਾਰ ਚਾਹੇ ਤਾਂ ਨਸ਼ਿਆਂ ਦੀਆਂ ਫੈਕਟਰੀਆਂ ਬੰਦ ਕਰਵਾ ਸਕਦੀ ਹੈ, ਪਰ ਨਹੀਂ।

ਅਫਸੋਸ ਕਿ ਸਰਕਾਰਾਂ ਨੂੰ ਆਪਣਾ ਫ਼ਿਕਰ ਹੈ ਸਮਾਜ ਦਾ ਨਹੀਂ। 2007 ਦੀਆਂ ਅਸੈਂਬਲੀ ਚੋਣਾਂ ਮੌਕੇ ਸ਼ਰਾਬ ਖੁੱਲ੍ਹੀ ਵਰਤਾਈ ਗਈ ਸੀ।  ਇਨ੍ਹਾਂ ਨਸ਼ਿਆਂ ਦੇ ਖਾਣ ਨਾਲ ਰੋਜ਼ ਸੈਂਕੜੇ ਲੋਕ ਅਣਿਆਈ ਮੌਤ ਮਰ ਜਾਂਦੇ ਹਨ ਤੇ ਪਿੱਛੋਂ ਪਰਿਵਾਰਾਂ ਦੇ ਪੱਲੇ ਰੋਣਾ, ਕੁਰਲਾਉਣਾ ਹੀ ਰਹਿ ਜਾਂਦਾ ਹੈ। ਕਈ ਪਰਿਵਾਰਾਂ ਦਾ ਤਾਂ ਉਸ ਤੋਂ ਬਿਨਾਂ ਕੋਈ ਸਹਾਰਾ ਵੀ ਨਹੀਂ ਹੁੰਦਾ ਜੋ ਸਹਾਰਾ ਹੁੰਦਾ ਹੈ ਉਹ ਨਸ਼ੇ ਦੀ ਦਲਦਲ ਵਿੱਚ ਪੈ ਕੇ ਉਨ੍ਹਾਂ ਨੂੰ ਅਲਵਿਦਾ ਆਖ ਚੁੱਕਿਆ ਹੁੰਦਾ ਹੈ। ਨਿੱਤ ਦੇ ਕਲੇਸ਼-ਝਗੜੇ ਪਿਓ ਨੇ ਪੁੱਤ ਮਾਰ’ਤਾ, ਪੁੱਤ ਨੇ ਪਿਓ ਮਾਰ’ਤਾ, ਭਰਾ ਨੇ ਭੈਣ ਮਾਰ ਦਿੱਤੀ ਆਦਿ ਨਸ਼ਿਆਂ ਦੀ ਵਜ੍ਹਾ ਨਾਲ ਹੋਏ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ। ਜੇਕਰ ਅਸਲੀਅਤ ਜਾਣੀ ਜਾਵੇ ਤਾਂ ਇਨ੍ਹਾਂ ਸਭ ਹਾਦਸਿਆਂ ਦੇ ਪਿੱਛੇ ਸਰਕਾਰਾਂ ਹੀ ਤਾਂ ਜ਼ਿੰਮੇਵਾਰ ਹਨ। ਜੇਕਰ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਪੁਲਿਸ ਫੜ੍ਹ ਲੈਂਦੀ ਹੈ ਤਾਂ ਇਨ੍ਹਾਂ ਤਸਕਰਾਂ ਦੀ ਪਹੁੰਚ ਉੱਪਰ ਤੱਕ ਹੋਣ ਕਾਰਨ ਇਹ ਅਧਿਕਾਰੀਆਂ ਨੂੰ ਅੰਗੂਠਾ ਦਿਖਾ ਕੇ ਨਿੱਕਲ ਜਾਂਦੇ ਹਨ। ਸਾਡੀ ਸਰਕਾਰ ਦਾ ਫ਼ਰਜ਼ ਬਣਦਾ ਕਿ ਜਾਣੇ-ਅਣਜਾਣੇ ਵਿੱਚ ਇਨ੍ਹਾਂ ਕੋਹੜ ਭਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਨੂੰ ਨਸ਼ਾ ਰਹਿਤ ਕਰਕੇ ਉਨ੍ਹਾਂ ਦੇ ਮੁੜ-ਵਸੇਬੇ ਦਾ ਪ੍ਰਬੰਧ ਕਰੇ।

ਸਰਕਾਰ ਨੂੰ ਨਸ਼ਿਆਂ ਦੀਆਂ ਫੈਕਟਰੀਆਂ ਬੰਦ ਕਰਕੇ ਨਸ਼ਾ ਛੁਡਾਊ ਕੇਂਦਰ ਜ਼ਿਆਦਾ ਖੋਲ੍ਹਣੇ ਚਾਹੀਦੇ ਹਨ। ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਹੁਕਮ ਚਾੜ੍ਹ ਦਿੱਤੇ ਜਾਂਦੇ ਹਨ ਕਿ ਨਸ਼ਿਆਂ ਖਿਲਾਫ਼ ਸੈਮੀਨਾਰ, ਨਾਟਕ ਕਰਵਾਓ। ਪਰ ਸ਼ਾਇਦ ਇਹ ਸਭ ਕੀਤੇ ਯਤਨ ਬੇਕਾਰ ਸਾਬਿਤ ਹੋ ਰਹੇ ਹਨ ਜਦੋਂ ਨਸ਼ਿਆਂ ਦੀ ਪੂਰਤੀ ਨਾ ਹੋਣ ਕਾਰਨ ਨੌਜਵਾਨ ਸੜਕਾਂ ‘ਤੇ ਮਰ ਰਹਿਆਂ ਦੀਆਂ ਵਾਇਰਲ ਵੀਡੀਓ ਤੇ ਖਬਰਾਂ ਪ੍ਰਕਾਸ਼ਿਤ ਹੋਈਆਂ ਵੇਖਦੇ ਹਾਂ। ਇਹਨਾਂ ਨਸ਼ਿਆਂ ਖਿਲਾਫ਼ ਕੀਤੇ ਸਮਾਗਮਾਂ ਵਿੱਚ ਜਿਆਦਾਤਰ ਸੱਤਾਧਾਰੀ ਪਾਰਟੀ ਦੇ ਹੀ ਵਰਕਰ ਤੇ ਆਗੂ ਮੌਜੂਦ ਹੁੰਦੇ ਹਨ। ਮੇਰੇ ਵਿਚਾਰ ਮੁਤਾਬਕ ਜ਼ਿਆਦਾਤਰ ਬੱਚਿਆਂ ਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਮਾਪੇ ਨਸ਼ਿਆਂ ‘ਚ ਲਾਉਣ ਲਈ ਮੋਹਰੀ ਰੋਲ ਅਦਾ ਕਰਦੇ ਹਨ। ਕਈ ਵਾਰ ਤਾਂ ਅਖ਼ਬਾਰਾਂ ਵਿੱਚ ਪੜ੍ਹਿਆ ਕਿ ਪਿਓ-ਪੁੱਤ, ਮਾਂ-ਪੁੱਤ ਦੋਵੇਂ ਤਸਕਰੀ ਕਰਦੇ ਕਾਬੂ। ਹੁਣ ਜੇਕਰ ਪਿਓ ਜਾਂ ਮਾਂ ਹੀ ਨਸ਼ਿਆਂ ਦੀ ਤਸਕਰੀ ਕਰਦੇ ਹੋਣ ਜਾਂ ਸੇਵਨ ਕਰਦੇ ਹੋਣ ਤਾਂ ਬੱਚੇ ਅਤੇ ਨੌਜਵਾਨ ਕਿਵੇਂ ਬਚ ਜਾਣਗੇ! ਪਿੰਡਾਂ ਸ਼ਹਿਰਾਂ ਵਿੱਚ ਜਿਆਦਾਤਰ ਬੀੜੀ, ਡੋਡੇ, ਅਫੀਮ, ਸ਼ਰਾਬ, ਕੈਪਸੂਲ ਸੇਵਨ ਹੁੰਦਾ ਹੈ, ਇਸ ਦਲਦਲ ਵਿੱਚ ਫਸਣ ਲਈ ਬੱਚਿਆਂ ਨੌਜਵਾਨਾਂ ਤੋਂ ਬਜ਼ੁਰਗ ਵੀ ਮਗਰ ਨਹੀਂ ਹਨ।

ਬੜੀ ਸ਼ਰਮ ਆਉਂਦੀ ਏ ਕਿ ਚਿੱਟੀ ਦਾੜ੍ਹੀ ਤੇ ਮੂੰਹ ਵਿੱਚ ਡੋਡੇ, ਬੀੜੀ, ਜਰਦਾ ਹੋਰ ਤਾਂ ਹੋਰ ਮੈਡੀਕਲ ਸਟੋਰਾਂ ‘ਤੇ ਗੋਲੀਆਂ ਖਾਂਦਿਆਂ ਨੂੰ ਵੀ ਆਮ ਵੇਖਿਆ ਜਾਂਦਾ ਹੈ ਤਾਂ ਫਿਰ ਇਹੋ-ਜਿਹੇ ਮਾਪੇ ਆਪਣੀ ਔਲਾਦ ਨੂੰ ਵੀ ਕੀ ਸਿੱਖਿਆ ਦੇ ਸਕਦੇ ਹਨ? ਜਦੋਂ ਮਾਪੇ ਹੀ ਅਜਿਹੇ ਨਸ਼ਿਆਂ ਵਿਚ ਫਸੇ ਹੋਏ ਹਨ ਫਿਰ ਕੀ ਉਮੀਦ ਰੱਖੀ ਜਾ ਸਕਦੀ ਹੈ ਅਜਿਹੇ ਮਾਪਿਆਂ ਤੋਂ? ਕਈ ਮਾਪੇ ਨਜਾਇਜ਼ ਆਪਣੇ ਬੱਚਿਆਂ ‘ਤੇ ਸ਼ੱਕ ਕਰਦੇ ਨੇ ਕਿ ਉਨ੍ਹਾਂ ਦੀ ਔਲਾਦ ਨਸ਼ੇ ਕਰਦੀ ਹੈ ਤੇ ਫਿਰ ਹੌਲੀ-ਹੌਲੀ ਸ਼ੱਕ ਦੀ ਬਦੌਲਤ ਚੰਗੀ ਔਲਾਦ ਵੀ ਨਸ਼ਿਆਂ ਦੇ ਹੜ੍ਹ ‘ਚ ਵਹਿ ਤੁਰਦੀ ਹੈ। ਫਿਰ ਮਾਪਿਆਂ ਕੋਲ ਪਛਤਾਵਾ ਰਹਿ ਜਾਂਦਾ ਹੈ। ਕਦੇ ਵੀ ਬੱਚਿਆਂ ਨੂੰ ਵਾਰ-ਵਾਰ ਨਹੀਂ ਕਹਿਣਾ ਚਾਹੀਦਾ ਤੇ ਨਾ ਹੀ ਨਜਾਇਜ਼ ਸ਼ੱਕ ਕਰਨਾ ਚਾਹੀਦਾ ਹੈ। ਮਾਪਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਮਾਪੇ ਨਸ਼ਿਆਂ ਦੀ ਵਰਤੋਂ ਕਰ ਰਹੇ ਹਨ ਉਹ ਖੁਦ ਨਸ਼ਾ ਛੱਡ ਕੇ ਆਪਣੀ ਔਲਾਦ ਨੂੰ ਕੁਰਾਹੇ ਪੈਣ ਤੋਂ ਬਚਾਉਣ। ਹਾਲਾਂਕਿ ਕੋਈ ਮਾਂ-ਬਾਪ ਨਹੀਂ ਚਾਹੁੰਦਾ ਹੁੰਦਾ ਕਿ ਉਨ੍ਹਾਂ ਦੀ ਔਲਾਦ ਨਸ਼ਿਆਂ ਦੇ ਹੜ੍ਹ ਵਿੱਚ ਵਹਿ ਤੁਰੇ। ਆਓ! ਅੱਜ ਆਪਾਂ ਸਭ ਰਲ-ਮਿਲ ਕੇ ਇਸ ਸੋਹਣੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢੀਏ ਤੇ ਸੋਹਣਾ ਬਣਾਉਣ ਲਈ ਹੰਭਲਾ ਮਾਰੀਏ ਤੇ ਫਿਰ ਤੋਂ ਨਸ਼ਾ ਮੁਕਤ ਪੰਜਾਬ ਬਣਾ ਕੇ ਮੇਲਿਆਂ ਵਿੱਚ ਢੱਡ-ਸਾਰੰਗੀ, ਅਲਗੋਜ਼ੇ, ਢੋਲਕੀਆਂ ਤੇ ਛੇਣੇ ਖੜਕਾਈਏ ਤੇ ਪੰਜਾਬ ਦਾ ਕਲਚਰ, ਭੰਗੜਾ ਤੇ ਗਿੱਧਾ ਪਾਈਏ।

ਨਾਮਪ੍ਰੀਤ ਸਿੰਘ ਗੋਗੀ
ਆਈ.ਈ.ਵੀ. ਅਧਿਆਪਕ,
ਸ. ਪ੍ਰ. ਸਕੂਲ, ਰਾਏਕੋਟ (ਲੁਧਿਆਣਾ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।