ਅਮਰਿੰਦਰ ਸਿੰਘ ਨੇ ਸੰਧੂ ਦੀ ਡਿਊਟੀ ਲਗਾਈ, ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨਾਲ ਕਰਨਗੇ ਫੈਸਲਾ
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਲਾਉਣ ‘ਚ ਮਹਿਲਾ ਰਾਖਵਾਂਕਰਨ ਦਾ ਮਾਮਲਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਲਈ ਰਾਖਵਾਂਕਰਨ ਸਬੰਧੀ ਹੁਣ ਸੰਦੀਪ ਸੰਧੂ ‘ਕਪਤਾਨੀ’ ਕਰਦੇ ਹੋਏ ਨਜ਼ਰ ਆਉਣਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੈਪਟਨ ਸੰਦੀਪ ਸੰਧੂ ‘ਤੇ ਭਰੋਸਾ ਕਰਦਿਆਂ ਆਪਣੇ ਵੱਲੋਂ ਹਰ ਫੈਸਲਾ ਲੈਣ ਲਈ ਡਿਊਟੀ ਲਾਈ ਹੈ। ਇਸ ਲਈ ਪੰਚਾਇਤੀ ਰਾਜ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਰਾਖਵਾਂਕਰਨ ਲਈ ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਕੈਪਟਨ ਸੰਦੀਪ ਸੰਧੂ ਤੋਂ ਹਰੀ ਝੰਡੀ ਲੈਣਗੇ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਹ ਫੈਸਲਾ ਕਾਂਗਰਸ ਦੇ ਵਿਧਾਇਕਾਂ ਦੀ ਨਰਾਜ਼ਗੀ ਨੂੰ ਦੂਰ ਕਰਨ ਲਈ ਲਿਆ ਹੈ, ਕਿਉਂਕਿ ਰਾਖਵਾਂਕਰਨ ਦੇ ਕਾਰਨ ਕੁਝ ਵਿਧਾਇਕ ਆਪਣੇ ਚਹੇਤੀਆਂ ਨੂੰ ਚੇਅਰਮੈਨੀ ਤੇ ਉਪ ਚੇਅਰਮੈਨੀ ਦਿਵਾਉਣ ‘ਚ ਨਾਕਾਮ ਰਹੇ ਹਨ , ਜਿਸ ਕਾਰਨ ਇਸ ਨਰਾਜ਼ਗੀ ਨੂੰ ਦੂਰ ਕਰਨ ਤੇ ਸਾਰੇ ਮਾਮਲੇ ਨੂੰ ਸੁਲਝਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਦੀ ਡਿਊਟੀ ਲਗਾਈ ਹੈ।
ਜਾਣਕਾਰੀ ਅਨੁਸਾਰ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ‘ਚ 50 ਫੀਸਦੀ ਮਹਿਲਾ ਰਾਖਵਾਂਕਰਨ ਤੋਂ ਬਾਅਦ ਹੁਣ ਸਰਕਾਰ ਇਨ੍ਹਾਂ ਦੀ ਚੇਅਰਮੈਨੀ ਤੇ ਉਪ ਚੇਅਰਮੈਨੀ ਵਿੱਚ ਵੀ 50 ਫੀਸਦੀ ਰਾਖਵਾਂਕਰਨ ਕਰਨ ਜਾ ਰਹੀ ਹੈ, ਜਿਸ ਲਈ ਨੋਟੀਫਿਕੇਸ਼ਨ ਤੱਕ ਕਰਨ ਦੀ ਤਿਆਰੀ ਵਿੱਢੀ ਹੋਈ ਹੈ ਪਰ ਇਸ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਹੀ ਕਈ ਵਿਧਾਇਕਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਮੁਲਾਕਾਤ ਕਰਕੇ ਇਤਰਾਜ਼ ਜ਼ਾਹਿਰ ਕੀਤਾ ਕਿ ਜਿਹੜੇ ਕਾਂਗਰਸੀ ਲੀਡਰਾਂ ਨੇ ਦਿਨ ਰਾਤ ਇੱਕ ਕਰਕੇ ਜਿਤਾਉਣ ਲਈ ਅਹਿਮ ਰੋਲ ਨਿਭਾਇਆ ਹੈ, ਹੁਣ ਰਾਖਵਾਂਕਰਨ ਦੇ ਨਾਂਅ ‘ਤੇ ਉਨ੍ਹਾਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਹੈ। ਇਸ ਲਈ ਰਾਖਵਾਂਕਰਨ ਨੂੰ ਕਰਨ ਤੋਂ ਪਹਿਲਾਂ ਵਿਧਾਇਕਾਂ ਨੂੰ ਘੱਟ ਤੋਂ ਘੱਟ ਉਨ੍ਹਾਂ ਦੇ ਹਲਕੇ ਬਾਰੇ ਸਲਾਹ ਲੈ ਲਈ ਜਾਵੇ ਤਾਂ ਕਿ ਜ਼ਿਆਦਾ ਲੀਡਰ ਨਰਾਜ਼ ਨਾ ਹੋਣ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਆਪਣੇ ਵੱਲੋਂ ਕੋਈ ਵੀ ਫੈਸਲਾ ਲੈਣ ਲਈ ਕੈਪਟਨ ਸੰਦੀਪ ਸੰਧੂ ਦੀ ਡਿਊਟੀ ਲਗਾ ਦਿੱਤੀ ਹੈ। ਜਿਸ ਕਾਰਨ ਹੁਣ ਵਿਧਾਇਕ ਆਪਣੇ ਹਲਕੇ ਵਿੱਚ ਲੱਗਣ ਵਾਲੇ ਚੇਅਰਮੈਨ ਤੇ ਉਪ ਚੇਅਰਮੈਨ ਦਾ ਰਾਖਵੇਂਕਰਨ ਅਨੁਸਾਰ ਫ਼ਾਰਮੂਲਾ ਕੈਪਟਨ ਸੰਦੀਪ ਸੰਧੂ ਨੂੰ ਸੌਂਪਣਗੇ ਤੇ ਉਨ੍ਹਾਂ ਵਿਧਾਇਕਾਂ ਦੀ ਇੱਛਾ ਅਨੁਸਾਰ ਉਸ ਕੈਪਟਨ ਸੰਦੀਪ ਸੰਧੂ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨਾਲ ਮੀਟਿੰਗ ਕਰਦੇ ਹੋਏ ਰਾਖਵਾਂਕਰਨ ਕਰਵਾਉਣਗੇ।
ਮਾਮਲੇ ਦਾ ਹੋ ਰਿਹਾ ਐ ਹੱਲ਼, ਹੁਣ ਅਸੀਂ ਖੁਸ਼ : ਵਿਧਾਇਕ
ਸਿਵਲ ਸਕੱਤਰੇਤ ਵਿਖੇ ਕੈਪਟਨ ਸੰਦੀਪ ਸੰਧੂ ਨਾਲ ਮੁਲਾਕਾਤ ਕਰਨ ਤੋਂ ਬਾਅਦ 2 ਵਿਧਾਇਕਾਂ ਨੇ ਦੱਸਿਆ ਕਿ ਉਹ ਹੁਣ ਖੁਸ਼ ਹਨ ਕਿਉਂਕਿ ਜਿਹੜੇ ਲੀਡਰਾਂ ਨੂੰ ਉਹ ਚੇਅਰਮੈਨ ਜਾਂ ਫਿਰ ਉਪ ਚੇਅਰਮੈਨ ਬਣਾਉਣਾ ਚਾਹੁੰਦੇ ਸਨ, ਉਨ੍ਹਾਂ ਅਨੁਸਾਰ ਹੀ ਰਾਖਵਾਂਕਰਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਹੜੀ ਥਾਂ ‘ਤੇ ਰਾਖਵਾਂਕਰਨ ਫਿਰ ਵੀ ਅੜਿੱਕੇ ਆ ਰਿਹਾ ਹੈ ਤਾਂ ਉੱਥੇ ਲੀਡਰ ਦੀ ਪਤਨੀ ਨੂੰ ਚੇਅਰਮੈਨ ਬਣਾਇਆ ਜਾ ਰਿਹਾ ਹੈ, ਜਿਸ ਨਾਲ ਕਾਫ਼ੀ ਜ਼ਿਆਦਾ ਪਰੇਸ਼ਾਨੀ ਘੱਟ ਹੋਣ ਦੀ ਉਮੀਦ ਹੈ। ਸਾਰਾ ਮਾਮਲਾ ਹੱਲ਼ ਹੋਣ ਤੱਕ ਕੋਈ ਵੀ ਵਿਧਾਇਕ ਅੱਗੇ ਆ ਕੇ ਜਿਆਦਾ ਕੁਝ ਦੱਸਣ ਨੂੰ ਤਿਆਰ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।