ਪੰਜ ਸਾਲ ਦੀ ਮਾਸੂਮ ਧੀ ਨੂੰ ਪਾਣੀ ਵਾਲੀ ਟੈਂਕੀ ‘ਚ ਸੁੱਟਿਆ
ਤੀਸਰੀ ਮੰਜ਼ਿਲ ‘ਤੇ ਪਾਣੀ ਵਾਲੀ ਟੈਂਕੀ ‘ਚੋਂ ਜਿਉਂਦਾ ਮਿਲੀ ਲੜਕੀ
ਪਟਿਆਲਾ ਪੁਲਿਸ ਵੱਲੋਂ 20 ਘੰਟਿਆਂ ‘ਚ ਸੁਲਝਾਇਆ ਗਿਆ ਮਸਲਾ
ਖੁਸ਼ਵੀਰ ਤੂਰ/ਸੁਨੀਲ ਚਾਵਲਾ, ਪਟਿਆਲਾ/ਸਮਾਣਾ
ਸਮਾਣਾ ਨੇੜਲੇ ਪਿੰਡ ਆਲਮਪੁਰ ਵਿਖੇ ਬੀਤੀ ਰਾਤ ਲਾਪਤਾ ਹੋਈ ਪਿੰਡ ਦੀ 5 ਸਾਲਾ ਦੋਹਤੀ ਨੂੰ ਪਟਿਆਲਾ ਪੁਲਿਸ ਨੇ ਮੁਸਤੈਦੀ ਵਰਤਦਿਆਂ 20 ਘੰਟਿਆਂ ਦੇ ਅੰਦਰ ਹੀ ਇੱਕ ਘਰ ਦੀ ਤੀਸਰੀ ਮੰਜ਼ਿਲ ‘ਤੇ ਪਈ ਪਾਣੀ ਦੀ ਟੈਂਕੀ ‘ਚੋਂ ਜਿਉਂਦਾ ਬਰਾਮਦ ਕਰ ਲਿਆ ਹੈ ਪੰਜ ਸਾਲਾ ਲੜਕੀ ਨੂੰ ਮਾਂ ਵੱਲੋਂ ਹੀ ਆਪਣੇ ਗੁਆਂਢੀਆਂ ਤੋਂ ਬਦਲਾ ਲੈਣ ਲਈ ਗੁਆਂਢੀਆਂ ਦੀ ਹੀ ਪਾਣੀ ਵਾਲੀ ਟੈਂਕੀ ਵਿੱਚ ਸੁੱਟ ਦਿੱਤਾ ਸੀ।
ਇਸ ਦਿਲ ਕੰਬਾਊ ਘਟਨਾ ਬਾਰੇ ਪਟਿਆਲਾ ਦੇ ਐੱਸਐੱਸਪੀ ਸ੍ਰ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 8 ਜੁਲਾਈ ਨੂੰ ਗੁਰਪ੍ਰੀਤ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਰੋਗਲਾ ਥਾਣਾ ਦਿੜ੍ਹਬਾ ਜ਼ਿਲ੍ਹਾ ਸੰਗਰੂਰ ਨੇ ਐੱਸ. ਆਈ. ਸਾਧਾ ਸਿੰਘ ਇੰਚਾਰਜ ਚੌਂਕੀ ਗਾਜੇਵਾਸ ਕੋਲ ਆਪਣਾ ਬਿਆਨ ਲਿਖਵਾਇਆ ਕਿ ਉਸ ਦੀ ਪਤਨੀ ਸੁਮਨ ਰਾਣੀ ਬੱਚਿਆਂ ਨੂੰ ਛੁੱਟੀਆਂ ਹੋਣ ਕਰਕੇ, ਬੱਚਿਆਂ ਸਮੇਤ ਆਪਣੇ ਪੇਕੇ ਘਰ ਪਿੰਡ ਆਲਮਪੁਰ ਪਿਛਲੇ ਇੱਕ ਮਹੀਨੇ ਤੋਂ ਆਈ ਹੋਈ ਸੀ ਉਸ ਅਨੁਸਾਰ 8 ਜੁਲਾਈ ਨੂੰ ਸਵੇਰੇ ਕਰੀਬ 5 ਵਜੇ ਉਸ ਦੀ ਪਤਨੀ ਨੇ, ਉਸ ਨੂੰ ਫੋਨ ਕੀਤਾ ਕਿ ਉਹ ਰਾਤ ਨੂੰ ਰੋਟੀ ਖਾਕੇ ਬੱਚਿਆਂ ਨੂੰ ਨਾਲ ਲੈ ਕੇ ਇੱਕ ਮੰਜੇ ‘ਤੇ ਵਿਹੜੇ ‘ਚ ਪੱਖਾ ਲਾ ਕੇ ਸੁੱਤੇ ਸੀ, ਸੁਬ੍ਹਾ ਉੱਠਣ ‘ਤੇ ਦੇਖਿਆ ਕਿ ਉਸ ਦੀ ਲੜਕੀ ਮੰਜੇ ‘ਤੇ ਨਹੀਂ ਸੀ ਉਹ ਤੁਰੰਤ ਆਪਣੇ ਸਹੁਰੇ ਘਰ ਪੁੱਜਾ ਤੇ ਆਪਣੀ ਲੜਕੀ ਦੀ ਭਾਲ ਕੀਤੀ ਜੋ ਨਹੀਂ ਮਿਲੀ, ਜਿਸ ਉਪਰੰਤ ਥਾਣਾ ਸਦਰ ਸਮਾਣਾ ‘ਚ ਸੂਚਨਾ ਦਿੱਤੀ
ਐੱਸਐੱਸਪੀ ਸ੍ਰ. ਸਿੱਧੂ ਨੇ ਦੱਸਿਆ ਕਿ ਲਾਪਤਾ ਲੜਕੀ ਦੀ ਭਾਲ ਲਈ ਪੁਲਿਸ ਵੱਲੋਂ ਪਿੰਡ ਆਲਮਪੁਰ ਦੇ ਘਰਾਂ ਦੀ ਤਲਾਸ਼ੀ ਲਈ ਗਈ ਤੇ ਪਿੰਡ ਦੇ ਸੀ.ਸੀ.ਟੀ.ਵੀ. ਕੈਮਰੇ, ਰੂੜੀਆਂ ਤੇ ਤੂੜੀ ਵਾਲੇ ਕੁੱਪਾਂ, ਪਾਣੀ ਵਾਲੇ ਟੋਭੇ ਦੀ ਚੰਗੀ ਤਰ੍ਹਾਂ ਸ਼ਾਮ ਤੱਕ ਛਾਣਬੀਣ ਕੀਤੀ ਗਈ ਐੱਸਐੱਸਪੀ ਨੇ ਦੱਸਿਆ ਕਿ ਰਾਤ ਸਮੇਂ ਪਿੰਡ ‘ਚ ਠੀਕਰੀ ਪਹਿਰਾ ਲਗਵਾਇਆ ਗਿਆ ਤੇ ਪੁਲਿਸ ਫੋਰਸ ਨਾਲ ਪਿੰਡ ਆਲਮਪੁਰ ਆਉਣ ਵਾਲੀਆਂ ਸਾਰੀਆਂ ਸੜਕਾਂ ‘ਤੇ ਰਾਤ ਸਮੇਂ ਨਾਕਾਬੰਦੀ ਕੀਤੀ ਗਈ ਉਨ੍ਹਾਂ ਦੱਸਿਆ ਕਿ 9 ਜੁਲਾਈ ਨੂੰ ਸਵੇਰੇ 5 ਤੋਂ 6 ਵਜੇ ਗੁਰਪ੍ਰੀਤ ਸਿੰਘ ਦੇ ਸਹੁਰਿਆਂ ਦੇ ਘਰ ਦੇ ਨਾਲ ਵਾਲੇ ਇੱਕ ਘਰ ਨੂੰ ਛੱਡਕੇ, ਨਾਲ ਲੱਗਦੇ ਗੁਰਨਾਮ ਸਿੰਘ ਪੁੱਤਰ ਚਰਨਾਂ ਰਾਮ ਦੇ ਘਰ ਦੀ ਤੀਜੀ ਮੰਜਿਲ ‘ਤੇ ਰੱਖੀ ਪਾਣੀ ਵਾਲੀ ਇੱਕ ਹਜ਼ਾਰ ਲੀਟਰ ਦੀ ਟੈਂਕੀ ‘ਚੋਂ ਕੁਝ ਅਵਾਜ਼ਾਂ ਆਉਣ ਕਾਰਨ ਇਸ ਦੀ ਇਤਲਾਹ ਪੁਲਿਸ ਨੂੰ ਮਿਲੀ, ਜਿਸ ‘ਤੇ ਪੁਲਿਸ ਵੱਲੋਂ ਮੌਕੇ ‘ਤੇ ਜਾ ਕੇ ਲਾਪਤਾ ਲੜਕੀ ਨੂੰ ਪਾਣੀ ਵਾਲੀ ਟੈਂਕੀ ‘ਚੋਂ ਜਿਉਂਦਾ ਬਰਾਮਦ ਕਰਵਾਕੇ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਦਾਖਲ ਕਰਵਾਇਆ ਗਿਆ
ਸ੍ਰ. ਸਿੱਧੂ ਨੇ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਤੋਂ ਕੀਤੀ ਗਈ ਮੁੱਢਲੀ ਪੁੱਛਗਿਛ ਤੋਂ ਇਹ ਗੱਲ ਸਾਹਮਣੇ ਆਈ ਕਿ ਲਾਪਤਾ ਲੜਕੀ ਦੀ ਮਾਤਾ ਸੁਮਨ ਰਾਣੀ ਪਤਨੀ ਗੁਰਪ੍ਰੀਤ ਸਿੰਘ ਨੇ ਕਰੀਬ ਇੱਕ ਹਫਤਾ ਪਹਿਲਾਂ ਗੁਰਨਾਮ ਸਿੰਘ ਪੁੱਤਰ ਚਰਨਾਂ ਰਾਮ ਦੇ ਘਰੋਂ 4,000 ਰੁਪਏ ਚੋਰੀ ਕੀਤੇ ਸੀ, ਜਿਸ ਬਾਰੇ ਪਤਾ ਲੱਗਣ ਕਰਕੇ ਉਸ ਨੇ ਇਹ ਪੈਸੇ ਵਾਪਸ ਕਰ ਦਿੱਤੇ ਪਰ ਲੜਕੀ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਜੇ ਤੂੰ ਚੋਰੀ ਕੀਤੀ ਹੈ ਤਾਂ ਉਹ ਬੱਚਿਆਂ ਨੂੰ ਨਾਲ ਲੈਕੇ ਜਾਵੇਗਾ ਪਰ ਉਸਨੂੰ ਵਾਪਸ ਨਹੀਂ ਲਿਜਾਵੇਗਾ ਇਸ ਕਰਕੇ ਲੜਕੀ ਦੀ ਮਾਤਾ ਸੁਮਨ ਰਾਣੀ ਨੇ ਆਪਣੀ ਬੇਇਜਤੀ ਦਾ ਬਦਲਾ ਲੈਣ ਲਈ ਆਪਣੀ ਲੜਕੀ ਨੂੰ ਗੁਰਨਾਮ ਸਿੰਘ ਦੇ ਘਰ ਦੀ ਤੀਜੀ ਮੰਜਿਲ ‘ਤੇ ਬਣੀ ਪਾਣੀ ਵਾਲੀ ਟੈਂਕੀ ‘ਚ ਸੁੱਟ ਦਿੱਤਾ ਸੀ, ਕਿ ਜੇਕਰ ਲੜਕੀ ਮਰ ਗਈ ਤਾਂ ਇਸ ਦਾ ਸਾਰਾ ਇਲਜਾਮ ਗੁਰਨਾਮ ਸਿੰਘ ਤੇ ਉਸ ਦੇ ਪਰਿਵਾਰ ‘ਤੇ ਲਾਕੇ, ਉਨ੍ਹਾਂ ਨੂੰ ਫਸਾਇਆ ਜਾ ਸਕੇ
ਸ੍ਰ. ਸਿੱਧੂ ਨੇ ਦੱਸਿਆ ਕਿ ਇਹ ਸਾਰਾ ਓਪਰੇਸ਼ਨ ਬਹੁਤ ਹੀ ਸੁਚੱਜੇ ਢੰਗ ਨਾਲ ਤੇ ਬੜੀ ਹੀ ਮੁਸਤੈਦੀ ਨਾਲ ਨੇਪਰੇ ਚਾੜ੍ਹਿਆ ਗਿਆ ਤੇ ਲਾਪਤਾ 5 ਸਾਲਾ ਮਾਸੂਮ ਲੜਕੀ ਨੂੰ 20 ਘੰਟੇ ਦੇ ਅੰਦਰ ਅੰਦਰ ਸਹੀ ਸਲਾਮਤ ਬਰਾਮਦ ਕਰਵਾਇਆ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।