ਮਾਲ ਵਿਭਾਗ ‘ਚ 1400 ਪਟਵਾਰੀਆਂ ਦੀ ਹੋਵੇਗੀ ਜਲਦ ਭਰਤੀ : ਗੁਰਪ੍ਰੀਤ ਕਾਂਗੜ
ਸੁਰਿੰਦਰ ਪਾਲ, ਭਾਈ ਰੂਪਾ
ਮਾਲ ਵਿਭਾਗ ਵਿਖੇ ਜਲਦ ਹੀ 1400 ਪਟਵਾਰੀਆਂ ਦੀ ਨਵੀਂ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਾਨੂੰਨਗੋ ਤੋਂ ਨਾਇਬ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਤੋਂ ਤਹਿਸੀਲਦਾਰਾਂ ਵਜੋਂ ਜਲਦ ਤਰੱਕੀ ਕੀਤੀ ਜਾ ਰਹੀ ਹੈ। ਇਹ ਵਿਚਾਰ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਨਣ ਸਬੰਧੀ ਕੀਤੇ ਗਏ ਸੰਗਤ ਦਰਸ਼ਨ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ।
ਕਾਂਗੜ ਨੇ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਮਾਲ ਵਿਭਾਗ ਦੇ ਬੁਨਿਆਦੀ ਢਾਂਚੇ ਵਿਚ ਵੀ ਸੁਧਾਰ ਕੀਤਾ ਜਾ ਰਿਹਾ ਹੈ ਅਤੇ ਮਾਲ ਮਹਿਕਮੇ ਨਾਲ ਸਬੰਧਿਤ ਕੰਮਾਂ ਬਾਰੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਸਬੰਧੀ ਹਰ ਇੱਕ ਪਿੰਡ ‘ਚ 550-550 ਪੌਦੇ ਲਗਾਏ ਜਾ ਰਹੇ ਹਨ। ਸੰਗਤ ਦਰਸ਼ਨ ਦੌਰਾਨ ਕਾਂਗੜ ਵੱਲੋਂ ਆਮ ਲੋਕਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਵੱਖ-ਵੱਖ ਤਰ੍ਹਾਂ ਦੀਆਂ ਪੈਨਸ਼ਨਾਂ, ਪੀਣ ਵਾਲੇ ਪਾਣੀ, ਨਹਿਰੀ ਪਾਣੀ, ਖਾਲਿਆਂ ਦੀ ਸਮੱਸਿਆਵਾਂ, ਬਿਜਲੀ ਦੀ ਸਮੱਸਿਆ, ਨਜਾਇਜ਼ ਕਬਜ਼ਿਆਂ ਤੇ ਸਾਂਝੀਆਂ ਸਮੱਸਿਆਵਾਂ ਤੋਂ ਇਲਾਵਾ ਨਿੱਜੀ ਸਮੱਸਿਆਵਾਂ ਵੀ ਸੁਣੀਆਂ ਗਈਆਂ।
ਇਸ ਮੌਕੇ ਉਨ੍ਹਾਂ ਪਿੰਡ ਭਾਈਰੂਪਾ ਦੇ ਦਲਿਤ ਵਰਗ ਨਾਲ ਸਬੰਧਿਤ ਲੜਕੀ ਜਸਪ੍ਰੀਤ ਕੌਰ ਜਿਸ ਦੇ ਪਿਤਾ ਵੱਲੋਂ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਲਈ ਗਈ ਸੀ, ਦੀ ਮਾਤਾ ਨੂੰ ਮੌਕੇ ‘ਤੇ ਹੀ ਸਬੰਧਿਤ ਅਧਿਕਾਰੀਆਂ ਨੂੰ ਵਿਧਵਾ ਪੈਨਸ਼ਨ ਲਗਾਉਣ ਅਤੇ ਲੜਕੀ ਜਸਪ੍ਰੀਤ ਕੌਰ ਨੂੰ ਮਿਉਂਸੀਪਲ ਕਮੇਟੀ ਵਿਖੇ ਆਰਜ਼ੀ ਨੌਕਰੀ ਦੇਣ ਦੇ ਆਦੇਸ਼ ਤੋਂ ਇਲਾਵਾ ਉਸਦੀ ਆਰਥਿਕ ਸਹਾਇਤਾ ਲਈ 10 ਹਜ਼ਾਰ ਰੁਪਏ ਦੀ ਮਾਲੀ ਮਦਦ ਕੀਤੀ। ਇਸ ਮੌਕੇ ਐੱਸਡੀਐੱਮ ਰਾਮਪੁਰਾ ਫੂਲ ਖ਼ੁਸ਼ਦਿਲ ਸਿੰਘ, ਡੀਐੱਸਪੀ ਜਸਵੀਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਕਿਰਨਜੀਤ ਸਿੰਘ ਰੋਮਾਣਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।