ਭਾਰੀ ਸੁਰੱਖਿਆ ਵਿੱਚ ਅਦਾਲਤ ‘ਚ ਕੀਤਾ ਪੇਸ਼
ਮੁਲਜ਼ਮਾਂ ਨੂੰ ਨਾਭਾ ਮੈਕਸੀਮਮ ਸਕਿਊਰਟੀ ਜੇਲ੍ਹ ਨਾਭਾ ਭੇਜਿਆ
ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਕਤਲ ਕਾਂਡ ਵਿੱਚ ਗ੍ਰਿਫਤਾਰ ਕੀਤੇ ਪੰਜ ਮੁਲਜ਼ਮਾਂ ਨੂੰ ਨਾਭਾ ਦੀ ਮੈਕਸੀਮਮ ਸਕਿਊਰਟੀ ਜੇਲ੍ਹ ਵਿੱਚ ਹੀ ਰੱਖਿਆ ਜਾਵੇਗਾ। ਜਿਕਰਯੋਗ ਹੈ ਕਿ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗੁਰਸੇਵਕ ਸਿੰਘ, ਮਨਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਲਖਵੀਰ ਸਿੰਘ ਲੱਖਾ ਇਸ ਤੋਂ ਪਹਿਲਾਂ ਜਿੱਥੇ ਨਾਭਾ ਦੀ ਨਵੀਂ ਜਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਸਨ ਉਥੇ ਪੰਜਵਾਂ ਮੁਲਜ਼ਮ ਜਸਪ੍ਰੀਤ ਸਿੰਘ ਨਿਹਾਲਾ ਪਹਿਲਾਂ ਤੋਂ ਹੀ ਨਾਭਾ ਦੀ ਮੈਕਸੀਮਮ ਸਕਿਊਰਟੀ ਜੇਲ੍ਹ ਵਿੱਚ ਬੰਦ ਸੀ ਜਿਸ ਨੂੰ ਬੀਤੇ ਦਿਨੀਂ ਪੁਲਿਸ ਵੱਲੋਂ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਬੀਤੇ ਦਿਨੀਂ ਮਾਮਲੇ ਦੇ ਮੁੱਖ ਮੁਲਜ਼ਮ ਗੁਰਸੇਵਕ ਸਿੰਘ ਅਤੇ ਜਸਪ੍ਰੀਤ ਸਿੰਘ ਨਿਹਾਲਾ ਤੋਂ ਦੋ ਮੋਬਾਇਲ ਵੀ ਬਰਾਮਦ ਕੀਤੇ ਗਏ ਹਨ। ਸੂਤਰਾਂ ਅਨੁਸਾਰ ਬਰਾਮਦ ਕੀਤੇ ਦੋਵੇਂ ਮੋਬਾਇਲਾਂ ਰਾਹੀਂ ਦੋਵੇਂ ਆਪਸ ਵਿੱਚ ਗੱਲਬਾਤ ਕਰਦੇ ਸਨ।
ਕਤਲ ਕਾਂਡ ਦਾ ਖੁਲਾਸਾ ਕਰਨ ‘ਚ ਪੁਲਿਸ ਅੱਜ ਵੀ ਅਸਫਲ
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਅੰਦਰ ਬੀਤੇ ਦਿਨੀਂ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਕਾਂਡ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਭਾਵੇਂ ਉੱਚ ਅਧਿਕਾਰੀਆਂ ਦੀ ਅਗਵਾਈ ਵਾਲੀ ‘ਸਿੱਟ’ ਦਾ ਗਠਨ ਕੀਤਾ ਗਿਆ ਸੀ ਪਰੰਤੂ ਅੱਜ ਮਾਮਲੇ ਦੇ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਖਤਮ ਕਰਨ ਤੋਂ ਬਾਦ ਵੀ ਪੁਲਿਸ ਮਾਮਲੇ ਦੀ ਸਾਜਿਸ਼ ਦਾ ਖੁਲਾਸਾ ਕਰਨ ਵਿੱਚ ਅਸਫਲ ਸਿੱਧ ਹੋਈ ਹੈ। ਕਤਲ ਕਿਸ ਤਰ੍ਹਾਂ ਕੀਤਾ ਗਿਆ, ਕਤਲ ਪਿੱਛੇ ਕਿਸ ਦਾ ਹੱਥ ਸੀ, ਕੌਣ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਦੀ ਸਾਜਿਸ਼ ਵਿੱਚ ਲੱਗਿਆ ਹੋਇਆ ਸੀ, ਮੁਲਜ਼ਮਾਂ ਨੂੰ ਇਸ ਕਤਲ ਨੂੰ ਅੰਜਾਮ ਦੇਣ ਲਈ ਕਿਸ ਨੇ ਅਤੇ ਕਿਉਂ ਉਕਸਾਇਆ ਅਤੇ ਮੁਲਜ਼ਮਾਂ ਦੀ ਮ੍ਰਿਤਕ ਨਾਲ ਕਿਸ ਤਰ੍ਹਾਂ ਦੁਸ਼ਮਣੀ ਸੀ? ਅਜਿਹੇ ਕਈ ਸਾਰੇ ਸਵਾਲ ਅੱਜ ਵੀ ਆਮ ਲੋਕਾਂ ਲਈ ਬੁਝਾਰਤ ਹੀ ਬਣੇ ਹੋਏ ਹਨ। ਇੱਕ ਪਾਸੇ ਪੁਲਿਸ ਦੇ ਕਈ ਆਲਾ ਅਧਿਕਾਰੀ ਪਿਛਲੇ ਕਾਫੀ ਦਿਨਾਂ ਤੋਂ ਮਾਮਲੇ ਦੀ ਸਾਜਿਸ਼ ਦਾ ਜਲਦ ਖੁਲਾਸਾ ਕਰਨ ਦੇ ਦਾਅਵੇ ਕਰਦੇ ਨਜ਼ਰ ਆਏ ਪਰੰਤੂ ਅੱਜ ਤੱਕ ਇਸ ਮਾਮਲੇ ਦੀ ਅਸਲੀਅਤ ਦਾ ਖੁਲਾਸਾ ਨਾ ਹੋਣਾ ਜਿੱਥੇ ਹੈਰਾਨੀ ਦਾ ਸਬੱਬ ਬਣ ਗਿਆ ਉੱਥੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਵੀ ਛੱਡਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀ ਆਪਣੇ ਹੀ ਉੱਚ ਅਧਿਕਾਰੀਆਂ ਕੋਲ ਜਾਂਚ ਹੋਣ ਦਾ ਹਵਾਲਾ ਦੇ ਕੇ ਮਾਮਲੇ ਦੀ ਅਸਲੀਅਤ ਸਬੰਧੀ ਕੁੱਝ ਵੀ ਕਹਿਣ ਤੋਂ ਬਚ ਰਹੇ ਹਨ।
ਤਰੁਣ ਕੁਮਾਰ ਸ਼ਰਮਾ
ਨਾਭਾ, 1 ਜੁਲਾਈ।
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਬੀਤੇ ਦਿਨੀਂ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕੀਤੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ 5 ਮੁਲਜ਼ਮਾਂ ਨੂੰ ਅੱਜ ਨਾਭਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਦੋਵਾਂ ਧਿਰਾਂ ਦੀ ਬਹਿਸ ਸੁਣ ਕੇ ਪੰਜੇ ਮੁਲਜ਼ਮਾਂ ਨੂੰ 12 ਜੁਲਾਈ ਤੱਕ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ। ਮਾਮਲੇ ‘ਚ ਗੁਰਸੇਵਕ ਸਿੰਘ, ਮਨਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਲਖਵੀਰ ਸਿੰਘ ਲੱਖਾ ਅਤੇ ਜਸਪ੍ਰੀਤ ਸਿੰਘ ਨਿਹਾਲਾ ਨਾਮੀ ਮੁਲਜ਼ਮਾਂ ਨੂੰ ਅੱਜ ਡੀਐਸਪੀ ਕ੍ਰਿਸ਼ਨ ਕੁਮਾਰ ਪੈਂਥੇ, ਡੀਐਸਪੀ ਵਰਿੰਦਰਜੀਤ ਸਿੰਘ ਥਿੰਦ ਦੀ ਅਗਵਾਈ ਵਿੱਚ ਭਾਰੀ ਸੁਰੱਖਿਆ ਅਧੀਨ ਨਾਭਾ ਦੀ ਮਾਣਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸ੍ਰੀ ਮਤੀ ਮਹਿਮਾ ਭੁੱਲਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਸਰਕਾਰੀ ਵਕੀਲ ਨੇ ਮੁਲਜ਼ਮਾਂ ਦੇ ਪੁਲਿਸ ਰਿਮਾਂਡ ਵਿੱਚ ਵਾਧੇ ਦੀ ਮੰਗ ਨੂੰ ਮੁੱਖ ਰੱਖਦਿਆਂ ਆਪਣੀ ਬਹਿਸ ਦੌਰਾਨ ਦੱਸਿਆ ਕਿ ਮਾਮਲੇ ਦੇ ਮੁਲਜ਼ਮਾਂ ਕੋਲੋਂ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਸਮੇਂ ਖੂਨ ਨਾਲ ਲਿੱਬੜੇ ਕੱਪੜੇ ਬਰਾਮਦ ਕਰ ਲਏ ਗਏ ਹਨ। ਇਸ ਤੋਂ ਇਲਾਵਾ ਗੁਰਸੇਵਕ ਅਤੇ ਜਸਪ੍ਰੀਤ ਨਾਮੀਂ ਦੋਵੇਂ ਮੁਲਜ਼ਮਾਂ ਕੋਲੋਂ ਦੋ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ।
ਪੁਲਿਸ ਵੱਲੋਂ ਬਰਾਮਦ ਕੀਤੇ ਮੋਬਾਇਲ ਫੋਨਾਂ ਤੋਂ ਕਿਸ ਨੂੰ ਅਤੇ ਕਦੋਂ ਫੋਨ ਕੀਤੇ ਗਏ ਹਨ, ਸੰਬੰਧੀ ਹਵਾਲਾ ਦੇ ਕੇ ਕਿਹਾ ਗਿਆ ਕਿ ਇਸ ਬਾਰੇ ਮਾਮਲੇ ਦੇ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਬਹੁਤ ਜਰੂਰੀ ਹੈ। ਲਿਹਾਜ਼ਾ ਪੁਲਿਸ ਵੱਲੋਂ ਦਰਖਾਸਤ ਪੇਸ਼ ਕਰਕੇ ਮੁਲਜ਼ਮਾਂ ਦੇ ਪੰਜ ਦਿਨ ਦੇ ਹੋਰ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ।
ਬਚਾਅ ਪੱਖ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਰਵਿੰਦਰ ਸਿੰਘ ਗਰੇਵਾਲ ਨੇ ਪੁਲਿਸ ਰਿਮਾਂਡ ਵਿੱਚ ਵਾਧੇ ਦੀ ਮੰਗ ਦੀ ਵਿਰੋਧਤਾ ਕਰਦਿਆਂ ਕਿਹਾ ਗਿਆ ਕਿ ਮਾਮਲੇ ਦੇ ਸਾਰੇ ਮੁਲਜ਼ਮ ਹੀ ਪਿਛਲੇ ਕਾਫੀ ਦਿਨਾਂ ਤੋਂ ਪੁਲਿਸ ਰਿਮਾਂਡ ‘ਤੇ ਚੱਲੇ ਆ ਰਹੇ ਹਨ ਪਰੰਤੂ ਪੁਲਿਸ ਦੇ ਹੱਥ ਅੱਜ ਤੱਕ ਕੋਈ ਠੋਸ ਸਬੂਤ ਨਹੀਂ ਲੱਗਾ ਹੈ। ਲਿਹਾਜ਼ਾ ਦੋਵਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਦ ਮਾਣਯੋਗ ਅਦਾਲਤ ਨੇ ਪੁਲਿਸ ਰਿਮਾਂਡ ਦੀ ਮੰਗ ਨੂੰ ਦਰਕਿਨਾਰ ਕਰਦਿਆਂ ਮਾਮਲੇ ਦੇ ਪੰਜੇ ਮੁਲਜ਼ਮਾਂ ਨੂੰ 12 ਜੁਲਾਈ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਆਦੇਸ਼ ਜਾਰੀ ਕਰ ਦਿੱਤਾ। ਇਸ ਤੋਂ ਇਲਾਵਾ ਮੁਲਜ਼ਮਾਂ ਦੇ ਵਕੀਲ ਵੱਲੋਂ ਮੁਲਜ਼ਮਾਂ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਨਾ ਮਿਲਣ ਦਾ ਹਵਾਲਾ ਦੇ ਕੇ ਮੁਲਜ਼ਮਾਂ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲਾਉਣ ਦੀ ਬੇਨਤੀ ਵੀ ਕੀਤੀ ਗਈ ਜਿਸ ‘ਤੇ ਆਦੇਸ਼ ਜਾਰੀ ਕਰਦਿਆਂ ਮਾਣਯੋਗ ਅਦਾਲਤ ਨੇ ਮੁਲਜ਼ਮਾਂ ਨੂੰ ਕੋਰਟ ਅੰਦਰ ਹੀ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਮਿਲਾਉਣ ਦਾ ਆਦੇਸ਼ ਵੀ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।