ਬਲਜੀਤ ਸਿੰਘ
ਕਿਸੇ ਵੀ ਭਾਸ਼ਾ ਦੇ ਹਰਮਨਪਿਆਰੀ ਹੋਣ ਦੇ ਵਿੱਚ ਉਥੋਂ ਦੇ ਵਸਨੀਕਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਕੋਈ ਵੀ ਭਾਸ਼ਾ ਤਾਂ ਹੀ ਸਭ ਕਿਤੇ ਮਸ਼ਹੂਰ ਹੋ ਸਕਦੀ ਹੈ, ਜੇਕਰ ਉਸ ਸੂਬੇ ਦੇ ਲੋਕ ਆਪਣੀ ਭਾਸ਼ਾ ਨੂੰ ਸੰਸਾਰ ਤੱਕ ਪਹੁੰਚਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਉਣ। ਜੋ ਆਪਣੀ ਮਾਂ ਬੋਲੀ ਨੂੰ ਹੀ ਭੁੱਲ ਗਿਆ, ਉਸ ‘ਤੇ ਜਿੰਨੀਆਂ ਵੀ ਲਾਹਨਤਾ ਪਾਈਆਂ ਜਾਣ ਥੋੜ੍ਹੀਆਂ ਹਨ।
ਪੰਜਾਬੀ ਭਾਸ਼ਾ ਬਹੁਤ ਹੀ ਸੁਰੀਲੀ ਬੋਲੀ ਹੈ। ਪਰ ਅਜੌਕੀ ਪੀੜ੍ਹੀ ਦੁਆਰਾ ਆਪਣੀ ਮਾਤ ਭਾਸ਼ਾ ਪੰਜਾਬੀ ਤੋਂ ਪਾਸਾ ਵੱਟਣਾ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ। ਨੌਜਵਾਨ ਵਰਗ ਵੱਲੋਂ ਇਸ ਦੀ ਕੀਤੀ ਜਾ ਰਹੀ ਬੇਕਦਰੀ ਨੇ ਵਿਦਵਾਨ ਵਰਗ ਅਤੇ ਬੁੱਧੀਜੀਵੀ ਵਰਗ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਅੱਜ ਦੇ ਬੱਚੇ ਤੇ ਨੌਜਵਾਨ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ ਅਤੇ ਅੰਗਰੇਜ਼ੀ ਜਾਂ ਹਿੰਦੀ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਠੀਕ ਹੈ ਬਦਲਦੇ ਹੋਏ ਯੁੱਗ ਦੇ ਨਾਲ ਸਾਨੂੰ ਹੋਰਨਾਂ ਭਾਸ਼ਾਵਾਂ ਨੂੰ ਸਿੱਖਣਾ ਵੀ ਬਹੁਤ ਚੰਗੀ ਗੱਲ ਹੈ, ਪਰ ਆਪਣੀ ਮਾਤ ਭਾਸ਼ਾ ਪੰਜਾਬੀ ਤੋਂ ਬੇਮੁੱਖ ਹੋਣਾ ਬਹੁਤ ਬੁਰੀ ਗੱਲ ਹੈ। ਪੜ੍ਹੇ-ਲਿਖੇ ਘਰਾਂ ਵਿੱਚ ਉਹਨਾਂ ਦੇ ਬੱਚੇ ਪੰਜਾਬੀ ਬੋਲਣ ਤੋਂ ਪਾਸਾ ਵੱਟਦੇ ਆਮ ਦੇਖੇ ਜਾ ਸਕਦੇ ਹਨ। ਇਸ ਦੇ ਪਿੱਛੇ ਬਹੁਤ ਕਾਰਨ ਹਨ। ਉਹਨਾਂ ਕਾਰਨਾਂ ਨੂੰ ਜਾਨਣਾ ਸਾਡੇ ਲਈ ਅਤਿ ਜ਼ਰੂਰੀ ਹੈ। ਸਭ ਤੋਂ ਪਹਿਲਾਂ ਅਮੀਰ ਘਰਾਂ ਦੇ ਬੱਚੇ ਆਮ ਤੌਰ ‘ਤੇ ਅੰਗਰੇਜ਼ੀ ਮਾਧਿਅਮ ਦੇ ਸਕੂਲਾਂ ਵਿੱਚ ਪੜ੍ਹਦੇ ਹੋਣ ਕਰਕੇ ਸਕੂਲਾਂ ਦੇ ਵਿੱਚ ਅਕਸਰ ਹਿੰਦੀ ਜਾਂ ਅੰਗਰੇਜ਼ੀ ਬੋਲਣ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਸਕੂਲ ਵਿੱਚ ਪੰਜਾਬੀ ਬੋਲਣ ‘ਤੇ ਜ਼ੁਰਮਾਨਾ ਤੱਕ ਵੀ ਲਾਇਆ ਜਾਂਦਾ ਹੈ। ਦੂਜਾ ਕੁਝ ਫੋਕੀ ਸ਼ੌਹਰਤ ਹਾਸਲ ਕਰਨ ਦੇ ਚੱਕਰ ਵਿੱਚ ਵੀ ਅੱਜ ਦਾ ਨੌਜਵਾਨ ਵਰਗ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦਾ ਹੈ ਤੇ ਕਈ ਇਹੋ ਜਿਹੇ ਵੀ ਦੇਖੇ ਹਨ,
ਜਿਨਾਂ ਨੂੰ ਪੰਜਾਬੀ ਬੋਲਣ ਤੇ ਲਿਖਣ ਵਿੱਚ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿੰਨੀ ਸ਼ਰਮਨਾਕ ਗੱਲ ਹੈ ਕਿ ਜਿਸ ਰਾਜ ਵਿੱਚ ਅਸੀਂ ਪੜ੍ਹੇ-ਲਿਖੇ ਤੇ ਵੱਡੇ ਹੋਏ ਹਾਂ, ਉਸ ਰਾਜ ਦੀ ਮਾਤ ਭਾਸ਼ਾ ਤੋਂ ਅਸੀਂ ਕੋਰੇ ਹਾਂ ਜਾਂ ਸਾਨੂੰ ਆਪਣੀ ਮਾਤ-ਭਾਸ਼ਾ ਦੀ ਪੂਰੀ ਤਰ੍ਹਾਂ ਸਮਝ ਨਹੀਂ ਹੈ। ਲਾਹਨਤ ਹੈ ਸਾਡੀ ਇਹੋ ਜਿਹੀ ਅਗਾਹਵਧੂ ਸੋਚ ‘ਤੇ ਜੇਕਰ ਸਾਨੂੰ ਆਪਣੀ ਮਾਤ ਭਾਸ਼ਾ ਦਾ ਹੀ ਪੂਰਾ ਗਿਆਨ ਨਹੀਂ ਹੈ।
ਇਸ ਤੋਂ ਇਲਾਵਾ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਦੇ ਸੇਵਕ ਕਹਾਉਣ ਵਾਲੇ ਕਲਾਕਾਰਾਂ ਦੇ ਬੱਚੇ ਵੀ ਘਰਾਂ ਵਿੱਚ ਅਤੇ ਘਰ ਤੋਂ ਬਾਹਰ ਵੀ ਹਿੰਦੀ ਜਾਂ ਅੰਗਰੇਜ਼ੀ ਹੀ ਬੋਲਦੇ ਆਮ ਦੇਖੇ ਜਾ ਸਕਦੇ ਹਨ, ਇਹ ਲੋਕ ਪੰਜਾਬੀ ਦਾ ਢਿੰਡੋਰਾ ਸਿਰਫ ਟੀਵੀ ਦੀ ਸਕਰੀਨ ‘ਤੇ ਪਿੱਟਦੇ ਹਨ, ਅਸਲ ਜ਼ਿੰਦਗੀ ਵਿੱਚ ਇਸ ਨੂੰ ਅਪਨਾਉਣ ਵੱਲ ਇਨ੍ਹਾਂ ਦਾ ਕੋਈ ਧਿਆਨ ਨਹੀਂ ਹੈ। ਕਿਵੇਂ ਦੀ ਸੋਚ ਦੇ ਮਾਲਕ ਹੋ ਤੁਸੀਂ? ਜਿਸ ਪੰਜਾਬੀ ਮਾਂ ਬੋਲੀ ਕਰਕੇ ਤੁਹਾਡੀ ਦੁਨੀਆਂ ‘ਚ ਪਹਿਚਾਣ ਬਣੀ ਹੈ, ਤੁਸੀਂ ਉਸ ਨੂੰ ਹੀ ਭੁੱਲਦੇ ਜਾ ਰਹੇ ਹੋ? ਲਾਹਨਤ ਹੈ ਤੁਹਾਡੇ ‘ਤੇ।
ਇਸ ਦੇ ਉਲਟ ਕੁਝ ਪੰਜਾਬੀ ਨੂੰ ਪਿਆਰ ਕਰਨ ਵਾਲੇ ਵਿਦਵਾਨ ਤੇ ਸਾਫਟਵੇਅਰ ਇੰਜਨੀਅਰ ਵਧਾਈ ਦੇ ਪਾਤਰ ਹਨ, ਜੋ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨੂੰ ਲੈ ਕੇ ਕਈ ਤਰ੍ਹਾਂ ਦੇ ਸਾਫਟਵੇਅਰ ਪੰਜਾਬੀ ਵਿੱਚ ਬਣਾ ਕੇ ਪੰਜਾਬੀ ਨੂੰ ਹੋਰ ਜ਼ਿਆਦਾ ਲੋਕਾਂ ਵਿੱਚ ਫੈਲਾ ਰਹੇ ਹਨ।
ਸਰਕਾਰੀ ਦਫ਼ਤਰਾਂ ਦੇ ਵਿੱਚ ਜਦੋਂ ਵੀ ਕੋਈ ਸਰਕਾਰੀ ਸਕੀਮ ਜਾਂ ਕਈ ਤਰ੍ਹਾਂ ਦੇ ਨੌਕਰੀਆਂ ਦੇ ਫਾਰਮ ਵੀ ਕਈ ਵਾਰ ਅੰਗਰੇਜ਼ੀ ਭਾਸ਼ਾ ਵਿੱਚ ਹੁੰਦੇ ਹਨ, ਜਿਸ ਕਰਕੇ ਆਮ ਲੋਕਾਂ ਨੂੰ ਦਫਤਰਾਂ ਦੇ ਬਾਹਰ ਬਣੀਆਂ ਦੁਕਾਨਾਂ ‘ਤੇ ਜਾ ਕੇ ਇਹ ਫਾਰਮ ਭਰਨੇ ਪੈਂਦੇ ਹਨ ਅਤੇ ਇਸ ਕਰਕੇ ਆਮ ਲੋਕ ਲੁੱਟ ਦਾ ਸ਼ਿਕਾਰ ਹੁੰਦੇ ਹਨ। ਕਿਸੇ ਵੀ ਭਾਸ਼ਾ ਦਾ ਮਜ਼ਬੂਤ ਆਧਾਰ ਇਹ ਹੁੰਦਾ ਹੈ ਕਿ ਜਿਸ ਰਾਜ ਦੀ ਉਹ ਮਾਤ ਭਾਸ਼ਾ ਹੈ, ਉਸ ਰਾਜ ਦੇ ਲੋਕ ਉਸ ਭਾਸ਼ਾ ਨਾਲ ਕਿੰਨਾ ਕੁ ਪਿਆਰ ਕਰਦੇ ਹਨ ਅਤੇ ਆਪਣੀ ਮਾਤ ਭਾਸ਼ਾ ਨੂੰ ਬਚਾਉਣ ਲਈ ਉਹ ਕੀ ਉਪਰਾਲੇ ਕਰ ਰਹੇ ਹਨ। ਸੋ ਸਭ ਬੁੱਧੀਜੀਵੀਆਂ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਪੰਜਾਬੀ ਦੀ ਦਿਨੋਂ-ਦਿਨ ਹੁੰਦੀ ਬੇਕਦਰੀ ਨੂੰ ਰੋਕਣ ਲਈ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਬਣਦਾ ਮਾਣ-ਸਨਮਾਨ ਦਿਵਾ ਸਕੀਏ।
ਮਮਦੋਟ, ਤਹਿ: ਤੇ ਜ਼ਿਲ੍ਹਾ ਫਿਰੋਜਪੁਰ।
ਮੋ: 9465405597
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Iissue, Concern, Present Generation, Punjabi, Stupid