ਬਿੰਦਰ ਸਿੰਘ ਖੁੱਡੀ ਕਲਾਂ
ਸੂਬੇ ਦੇ ਸਰਕਾਰੀ ਸਕੂਲਾਂ ਤੋਂ ਪੱਛੜੇਪਣ ਦਾ ਧੱਬਾ ਦੂਰ ਹੁੰਦਾ ਪ੍ਰਤੀਤ ਹੋ ਰਿਹਾ ਹੈ। ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਫਰਜ਼ ਨਿਭਾਉਂਦੇ ਪ੍ਰਤੀਤ ਹੋ ਰਹੇ ਹਨ। ਸਿੱਖਿਆ ਦਾ ਮਨੋਰਥ ਵਿਦਿਆਰਥੀਆਂ ਨੂੰ ਮਹਿਜ਼ ਅੱਖਰ ਗਿਆਨ ਦੇਣ ਨਾਲ ਹੀ ਪੂਰਾ ਨਹੀਂ ਹੋ ਜਾਂਦਾ। ਸਿੱਖਿਆ ਦਾ ਅਸਲ ਮਨੋਰਥ ਇੱਕ ਵਿਅਕਤੀ ਨੂੰ ਜਿੰਮੇਵਾਰ ਨਾਗਰਿਕ ਬਣਾਉਣ ਅਤੇ ਉਪਜੀਵਕਾ ਕਮਾਉਣ ਦੇ ਯੋਗ ਬਣਾਉਣਾ ਹੁੰਦਾ ਹੈ। ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਸਾਡਾ ਸਕੂਲੀ ਵਿੱਦਿਅਕ ਢਾਂਚਾ ਵਿਵਹਾਰਿਕ ਜੀਵਨ ਤੋਂ ਦੂਰ ਹੈ। ਕਿਹਾ ਇਹ ਵੀ ਜਾਂਦਾ ਹੈ ਕਿ ਸਾਡਾ ਸਕੂਲੀ ਢਾਂਚਾ ਵਿਦਿਆਰਥੀਆਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਸਮਰੱਥ ਨਹੀਂ ਬਣਾਉਂਦਾ।
ਸੂਬੇ ਦੇ ਸਰਕਾਰੀ ਸਕੂਲਾਂ ਵੱਲੋਂ ਦਿੱਤੀ ਜਾ ਰਹੀ ਸਮੇਂ ਦੇ ਹਾਣ ਦੀ ਸਿੱਖਿਆ ਵਿਦਿਆਰਥੀਆਂ ਲਈ ਵਰਦਾਨ ਬਣਨ ਲੱਗੀ ਹੈ। ਭਾਰਤ ਸਰਕਾਰ ਦੇ ਮਨੁੱਖੀ ਵਸੀਲੇ ਮੰਤਰਾਲੇ ਅਤੇ ਰਾਸ਼ਟਰੀ ਕੌਸ਼ਲ ਵਿਕਾਸ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਸ਼ੁਰੂ ਕੀਤੀ ਕਿੱਤਾ ਮੁਖੀ ਸਿਖਲਾਈ ਵਿਦਿਆਰਥੀਆਂ ਨੂੰ ਪੈਰਾਂ ‘ਤੇ ਖੜ੍ਹੇ ਹੋਣ ਦਾ ਸੁਨਹਿਰੀ ਅਵਸਰ ਪ੍ਰਦਾਨ ਕਰ ਰਹੀ ਹੈ।
ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ ਸਕੀਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਕੀਮ ਤਹਿਤ ਵਿਦਿਆਰਥੀਆਂ ਨੂੰ ਉਦਯੋਗਿਕ ਇਕਾਈਆਂ ਦੀ ਮੰਗ ਅਨੁਸਾਰ ਇਨਫਰਮੇਸ਼ਨ ਟੈਕਨਾਲੋਜੀ, ਐਗਰੀਕਲਚਰ, ਆਟੋ ਮੋਬਾਈਲ, ਅਪੈਰੀਅਲ, ਹੈਲਥ ਕੇਅਰ, ਪ੍ਰਚੂਨ, ਟੂਰ ਐਂਡ ਟਰੈਵਲ, ਬਿਊਟੀ ਐਂਡ ਵੈੱਲਨੈੱਸ ਅਤੇ ਸਕਿਊਰਿਟੀ ਸਮੇਤ ਕਈ ਖੇਤਰਾਂ ‘ਚ ਮੁਹਾਰਤ ਹਾਸਲ ਕਰਵਾਈ ਜਾਂਦੀ ਹੈ। ਵਿਦਿਆਰਥੀਆਂ ਲਈ ਇਹ ਕਿੱਤਾ ਮੁਖੀ ਸਿੱਖਿਆ ਚੋਣਵੀਂ ਰੱਖੀ ਗਈ ਹੈ। ਕੋਈ ਵਿਦਿਆਰਥੀ ਚਾਹੇ ਤਾਂ ਇਹਨਾਂ ਵਿਸ਼ਿਆਂ ਦੀ ਚੋਣ ਕਰ ਸਕਦਾ ਹੈ ਜੇਕਰ ਨਾ ਚਾਹੇ ਤਾਂ ਉਸ ਨੂੰ ਛੋਟ ਵੀ ਹੈ। ਇਸੇ ਤਰ੍ਹਾਂ ਦਸਵੀਂ ਜਮਾਤ ਤੋਂ ਬਾਅਦ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੋਕੇਸ਼ਨਲ ਸਕੀਮ ਤਹਿਤ ਵੱਖ-ਵੱਖ ਟਰੇਡਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਗਿਆਰਵੀਂ ਅਤੇ ਬਾਰਵੀਂ ਜਮਾਤਾਂ ਦੇ ਵਿਦਿਆਰਥੀ ਆਪਣੀ ਰੁਚੀ ਅਨੁਸਾਰ ਕਿਸੇ ਵੀ ਖੇਤਰ ‘ਚ ਕਿੱਤਾ ਮੁਖੀ ਸਿਖਲਾਈ ਹਾਸਲ ਕਰ ਸਕਦੇ ਹਨ।
ਨੌਵੀਂ ਅਤੇ ਦਸਵੀਂ ਜਮਾਤਾਂ ‘ਚ ਐਨ.ਐਸ.ਕਿਊ.ਐਫ. ਅਤੇ ਗਿਆਰਵੀਂ ਅਤੇ ਬਾਰਵੀਂ ਜਮਾਤਾਂ ‘ਚ ਵੋਕੇਸ਼ਨਲ ਵਿਸ਼ੇ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਸਿੱਖਿਆ ਵਿਭਾਗ ਵੱਲੋਂ ਕਾਲਜਾਂ ਦੀ ਤਰਜ਼ ‘ਤੇ ਪਲੇਸਮੈਂਟ ਦੇ ਬੰਦੋਬਸਤ ਕੀਤੇ ਜਾ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਇਹਨਾਂ ਵਿਸ਼ਿਆਂ ਦੀ ਚੋਣ ਬਾਜ਼ਾਰ ‘ਚ ਮੁਹਾਰਤ ਪ੍ਰਾਪਤ ਕਾਮਿਆਂ ਦੀ ਮੰਗ ਅਨੁਸਾਰ ਕੀਤੀ ਗਈ ਹੈ। ਸਰਕਾਰੀ ਸਕੂਲਾਂ ਦੇ ਮੁਹਾਰਤ ਪ੍ਰਾਪਤ ਇਹਨਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਦੇਣ ਲਈ ਸਰਕਾਰੀ ਅਤੇ ਨਿੱਜੀ ਅਦਾਰੇ ਵੱਡੇ ਪੱਧਰ ‘ਤੇ ਦਿਲਸਚਪੀ ਲੈ ਰਹੇ ਹਨ। ਇਸ ਵਰ੍ਹੇ 30 ਮਈ ਨੂੰ ਅਠਾਰਾਂ ਵਰ੍ਹਿਆਂ ਦੀ ਉਮਰ ਪੂਰੀ ਕਰਨ ਵਾਲੇ ਵਿਦਿਆਰਥੀਆਂ ਲਈ ਵਿਭਾਗ ਵੱਲੋਂ ਰੁਜ਼ਗਾਰ ਮੇਲਿਆਂ ਦਾ ਪ੍ਰਬੰਧ ਕਰਕੇ ਪਲੇਸਮੈਂਟ ਕਰਵਾਈ ਜਾ ਰਹੀ ਹੈ। 24 ਜੂਨ ਤੋਂ ਸ਼ੁਰੂ ਹੋਏ 29 ਜੂਨ ਤੱਕ ਸੂਬੇ ਦੇ ਸਾਰੇ ਜਿਲ੍ਹਿਆਂ ਦੇ ਵਿਦਿਆਰਥੀਆਂ ਨੂੰ ਨੇੜੇ ਤੋਂ ਨੇੜੇ ਰੁਜ਼ਗਾਰ ਮੇਲਿਆਂ ਦੇ ਪ੍ਰਬੰਧ ਕੀਤੇ ਗਏ ਹਨ।
24 ਜੂਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਵਿਖੇ ਜਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਜਿਲ੍ਹੇ ਦੇ 1129 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਜਿਸ ਵਿੱਚ ਨਿੱਜੀ ਕੰਪਨੀਆਂ ਨੇ ਵਿਦਿਆਰਥੀਆਂ ਨੂੰ ਵੱਡੀ ਪੱਧਰ ‘ਤੇ ਰੁਜ਼ਗਾਰ ਦਿੱਤਾ। 25 ਜੂਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਲਾਏ ਰੁਜ਼ਗਾਰ ਮੇਲੇ ‘ਚ ਜਿਲ੍ਹਾ ਲੁਧਿਆਣਾ, ਮੋਗਾ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਦੇ ਕੁੱਲ 1397 ਵਿਦਿਆਰਥੀਆਂ ਨੇ ਸ਼ਿਰਕਤ ਕਰਕੇ ਰੁਜ਼ਗਾਰ ਪ੍ਰਾਪਤ ਕੀਤਾ।
26 ਜੂਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਪਟਿਆਲਾ ‘ਚ ਲੱਗੇ ਰੁਜ਼ਗਾਰ ਮੇਲੇ ਦੌਰਾਨ ਜਿਲ੍ਹਾ ਪਟਿਆਲਾ, ਬਰਨਾਲਾ ਅਤੇ ਸੰਗਰੂਰ ਦੇ 935 ਵਿਦਿਆਰਥੀਆਂ ਸ਼ਿਰਕਤ ਕੀਤੀ। 27 ਜੂਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਬਠਿੰਡਾ ਵਿਖੇ ਲੱਗ ਰਹੇ ਰੁਜ਼ਗਾਰ ਮੇਲੇ ‘ਚ ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ ਅਤੇ ਫਾਜਿਲਕਾ ਜਿਲ੍ਹਿਆਂ ਦੇ 1528 ਵਿਦਿਆਰਥੀ ਸ਼ਿਰਕਤ ਕਰਨਗੇ, 28 ਜੂਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼ ਤਿੰਨ ਬੀ ਵਨ ‘ਚ ਹੋ ਰਹੇ ਮੇਲੇ ‘ਚ ਮੋਹਾਲੀ, ਫਤਿਹਗੜ੍ਹ ਸਾਹਿਬ, ਸ਼ਹੀਦ ਭਗਤ ਸਿੰਘ ਨਗਰ ਅਤੇ ਰੋਪੜ ਜਿਲ੍ਹਿਆਂ ਦੇ 777 ਵਿਦਿਆਰਥੀ ਸ਼ਿਰਕਤ ਕਰਨਗੇ ਇਸੇ ਤਰ੍ਹਾਂ 29 ਜੂਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲੰਧਰ ‘ਚ ਲੱਗ ਰਹੇ ਰੁਜ਼ਗਾਰ ਮੇਲੇ ‘ਚ ਗੁਰਦਾਸਪੁਰ, ਪਠਾਨਕੋਟ, ਜਲੰਧਰ ਅਤੇ ਕਪੂਰਥਲਾ ਜਿਲ੍ਹਿਆਂ ਦੇ 1813 ਵਿਦਿਆਰਥੀ ਸ਼ਿਰਕਤ ਕਰਨਗੇ।
ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਕੰਪਨੀਆਂ ਦੀ ਮੰਗ ਅਨੁਸਾਰ ਕਿੱਤਾ ਮੁਖੀ ਸਿਖਲਾਈ ਦੇ ਕੇ ਰੁਜ਼ਗਾਰ ਦੇਣ ਦਾ ਉਪਰਾਲਾ ਆਪਣੇ-ਆਪ ‘ਚ ਵਿਲੱਖਣ ਹੈ। ਅਕਸਰ ਇਸ ਪ੍ਰਕਾਰ ਦੇ ਮੇਲੇ ਕਾਲਜਾਂ ਵੱਲੋਂ 22-23 ਵਰ੍ਹਿਆਂ ਦੀ ਉਮਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਲਾਏ ਜਾਂਦੇ ਹਨ।
ਪਰ ਸਿੱਖਿਆ ਵਿਭਾਗ ਮਹਿਜ਼ 18 ਵਰ੍ਹਿਆਂ ਦੀ ਉਮਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਕੇ ਉਹਨਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਕੇ ਉਹਨਾਂ ਨੂੰ ਜਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕਰ ਰਿਹਾ ਹੈ। ਸਰਕਾਰੀ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਰੁਜ਼ਗਾਰ ਨਾਲ ਬੇਰੁਜ਼ਗਾਰੀ ਦੇ ਆਲਮ ਨੂੰ ਲਾਜ਼ਮੀ ਤੌਰ ‘ਤੇ ਠੱਲ੍ਹ ਪਵੇਗੀ। ਸਰਕਾਰੀ ਸਕੂਲਾਂ ਦੇ ਇਸ ਉੱਦਮ ਨਾਲ ਸਰਕਾਰੀ ਸਕੂਲਾਂ ਪ੍ਰਤੀ ਸਮਾਜ ਦੇ ਵਿਸ਼ਵਾਸ ‘ਚ ਵੀ ਇਜ਼ਾਫਾ ਹੋਵੇਗਾ। ਮਾਪਿਆਂ ਨੂੰ ਵੀ ਚਾਹੀਦੈ ਕਿ ਹੁਣ ਜਦੋਂ ਸਿਰਫ ਰਸਮੀ ਸਿੱਖਿਆ ਵਿਦਿਆਰਥੀਆਂ ਨੂੰ ਪੈਰਾਂ ‘ਤੇ ਖੜ੍ਹੇ ਹੋਣ ਦੇ ਸਮਰੱਥ ਬਣਾਉਣ ਦੇ ਯੋਗ ਨਹੀਂ ਤਾਂ ਆਪਣੇ ਬੱਚਿਆਂ ਨੂੰ ਕਿੱਤਾ ਮੁਖੀ ਸਿੱਖਿਆ ਪ੍ਰਾਪਤ ਕਰਵਾ ਕੇ ਛੋਟੀ ਉਮਰ ਤੋਂ ਹੀ ਰੁਜ਼ਗਾਰ ਦੇ ਯੋਗ ਬਣਾਉਣ ਲਈ ਸਰਕਾਰੀ ਸਕੂਲਾਂ ‘ਚ ਦਾਖਲਾ ਕਰਵਾਉਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।