ਪਿਛਲੇ ਸਾਲ ਨਾਲੋਂ ਇੱਕ ਹਜ਼ਾਰ ਮੈਗਾਵਾਟ ਬਿਜਲੀ ਦੀ ਮੰਗ ‘ਚ ਵਾਧਾ
ਭਾਰੀ ਤੂਫਾਨ ਦੇ ਨੁਕਸਾਨ ਦੇ ਬਾਵਜ਼ੂਦ ਬਿਜਲੀ ਸਪਲਾਈ ਕੀਤੀ ਬਹਾਲ : ਸੀਐੱਮਡੀ ਸਰਾਂ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪਾਵਰਕੌਮ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 22 ਜੂਨ ਨੂੰ ਆਪਣੇ ਸਾਰੇ ਘਰੇਲੂ, ਸੰਨਤੀ ਅਤੇ ਖੇਤੀਬਾੜੀ ਖੇਤਰ ਦੇ ਖਪਤਕਾਰਾਂ ਨੂੰ 2638 ਲੱਖ ਯੂਨਿਟ ਬਿਜਲੀ ਸਪਲਾਈ ਕੀਤੀ ਹੈ, ਜਿਹੜੀ ਕਿ ਇਸ ਸਾਲ 2019 ਦੇ ਝੋਨੇ ਅਤੇ ਗਰਮੀ ਦੇ ਮੌਸਮ ਵਿੱਚ ਸਭ ਤੋਂ ਵੱਧ ਰਹੀ ਹੈ ਤੇ 183 ਲੱਖ ਯੂਨਿਟ ਵੱਧ ਬਿਜਲੀ ਹੈ। ਪਾਵਰਕੌਮ ਵੱਲੋਂ ਪਿਛਲੇ ਸਾਲ 22 ਜੂਨ 2018 ਨੂੰ 2455 ਲੱਖ ਯੂਨਿਟ ਬਿਜਲੀ ਸਪਲਾਈ ਕੀਤੀ ਸੀ। ਲੰਘੀ 22 ਜੂਨ ਨੂੰ ਬਿਜਲੀ ਦੀ ਮੰਗ 11994 ਮੈਗਾਵਾਟ ਸੀ ਜਦਕਿ ਪਿਛਲੇ ਸਾਲ 22 ਜੂਨ 2018 ਨੂੰ 10988 ਮੈਗਾਵਾਟ ਸੀ ਤੇ ਇਸ ਵਾਰ 1000 ਮੈਗਾਵਾਟ ਮੰਗ ਦਾ ਵਾਧਾ ਹੋਇਆ ਹੈ। ਪਾਵਰਕੌਮ ਦੇ ਚੇਅਰਮੈਂਨ ਕਮ ਮੈਨੇਜਿੰਗ ਡਾਇਰੈਕਟਰ ਇੰਜ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ 13 ਜੂਨ ਤੋਂ ਆਪਣੇ ਖੇਤੀਬਾੜੀ ਖਪਤਕਾਰਾਂ ਨੂੰ 8 ਘੰਟੇ ਬਿਜਲੀ ਸਪਲਾਈ ਕਰ ਰਿਹਾ ਹੈ ਤੇ ਇਸ ਤੋਂ ਇਲਾਵਾ ਰਾਜ ਦੇ ਸਾਰੇ ਖਪਤਕਾਰਾਂ ਨੂੰ 24 ਘੰਟੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਜ ਦੇ ਸਾਰੇ ਏ.ਪੀ. ਖਪਤਕਾਰਾਂ ਨੂੰ ਹਰ ਸਬ ਸਟੇਸ਼ਨ ਤੇ ਤਿੰਨ ਗਰੁੱਪਾਂ ਵਿਚ ਵੰਡਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ 14000 ਮੈਗਾਵਾਟ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਸਾਰੇ ਪ੍ਰਬੰਧ ਕੀਤੇ ਹੋਏ ਹਨ ਜਦਕਿ ਅਨੁਮਾਨਿਤ ਮੰਗ 13500 ਮੈਗਾਵਾਟ ਹੋਣ ਦੀ ਸੰਭਾਵਨਾ ਹੈ। ਪਾਵਰਕੌਮ ਆਪਣੇ ਹਾਈਡ੍ਰੋ ਪਲਾਂਟਾਂ ਤੋਂ 1000 ਮੈਗਾਵਾਟ 1760 ਮੈਗਵਾਟ ਆਪਣੇ ਥਰਮਲ ਪਲਾਂਟਾਂ ਤੋਂ 4580 ਮੈਗਾਵਾਟ ਸੈਂਟਰਲ ਸੈਕਟਰ ਜਿਨ੍ਹਾਂ ‘ਚ ਬੀ.ਬੀ.ਐੱਮ.ਬੀ. ਸ਼ਾਮਲ ਹੈ, 3370 ਮੈਗਾਵਾਟ ਪੰਜਾਬ ਵਿਚ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ 800 ਮੈਗਾਵਾਟ ਐਨ.ਆਰ.ਐਸ.ਈ ਸ੍ਰੋਤਾਂ ਤੋਂ ਅਤੇ ਬੈਂਕਿੰਗ ਰਾਹੀਂ 2570 ਮੈਗਾਵਾਟ ਬਿਜਲੀ ਦੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੇ ਮੱਧ ਵਿਚ ਆਏ ਝੱਖੜ ਅਤੇ ਤੂਫਾਨ ਨਾਲ ਬੁਨਿਆਦੀ ਬਿਜਲੀ ਢਾਂਚੇ ਦਾ ਵੱਡਾ ਨੁਕਸਾਨ ਹੋਇਆ ਸੀ, ਜਿਸ ਵਿਚ 7100 ਪੋਲ ਤੇ 1300 ਟਰਾਂਸਫਾਰਮਰ ਆਪਣੀ ਨੀਹਾਂ ਤੋਂ ਉੱਖੜ ਗਏ ਸਨ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਨੇ ਆਪਣੇ ਨੁਕਸਾਨ ਹੋਏ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮੁੜ ਸਥਾਪਿਤ ਕਰ ਲਿਆ ਹੈ ਤੇ ਕਾਰਪੋਰੇਸ਼ਨ ਖੇਤੀਬਾੜੀ ਖਪਤਕਾਰਾਂ ਨੂੰ 8 ਘੰਟੇ ਬਿਜਲੀ ਸਪਲਾਈ ਕਰਨ ਲਈ ਬਚਨਵੱਧ ਹੈ। ਉਨ੍ਹਾਂ ਕਿਹਾ ਕਿ ਜਿੱਥੇ ਤੂਫਾਨ ਕਾਰਨ ਖੇਤੀਬਾੜੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਵਿਚ ਵਿਘਨ ਪਿਆ ਸੀ ਉਨ੍ਹਾਂ ਨੂੰ ਅਗਲੇ ਦਿਨਾਂ ਵਿਚ ਵਾਧੂ ਬਿਜਲੀ ਦੇ ਕੇ ਮੁਆਵਜਾ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।