ਲੁਟੇਰਿਆਂ ਵੱਲੋਂ ਏਟੀਐੱਮ ਲੁੱਟਣ ਦੀ ਨਾਕਾਮ ਕੋਸ਼ਿਸ਼
ਤਰੁਣ ਕੁਮਾਰ ਸ਼ਰਮਾ, ਨਾਭਾ
ਬੀਤੀ ਰਾਤ ਰਿਆਸਤੀ ਸ਼ਹਿਰ ਵਿਖੇ ਲੁਟੇਰਿਆਂ ਨੇ ਇੱਕ ਏਟੀਐੱਮ ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਸਥਾਨਕ ਥੂਹੀ ਰੋਡ ਲਾਗੇ ਸਥਿੱਤ ਪੰਜਾਬ ਐਂਡ ਸਿੰਧ ਬੈਂਕ ਦੀ ਸ਼ਾਖਾ ਨਾਲ ਲੱਗਦੇ ਬੈਂਕ ਦੇ ਹੀ ਏਟੀਐੱਮ ਨੂੰ ਅਣਪਛਾਤੇ ਲੁਟੇਰਿਆਂ ਨੇ ਨਿਸ਼ਾਨਾ ਬਣਾ ਲਿਆ। ਘਟਨਾ ਸਮੇਂ ਏਟੀਐੱਮ ਵਿੱਚ ਢਾਈ ਲੱਖ ਤੋਂ ਵੱਧ ਰਕਮ ਮੌਜ਼ੂਦ ਸੀ ਜੋ ਕਿ ਸਹੀ ਸਲਾਮਤ ਬਰਾਮਦ ਹੋਈ ਹੈ। ਲੁਟੇਰੇ ਪੂਰੀ ਤਿਆਰੀ ਵਿੱਚ ਆਏ ਸਨ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਜਿੱਥੇ ਏਟੀਐੱਮ ਦੇ ਸੀਸੀਟੀਵੀ ਕੈਮਰਿਆਂ ਨੂੰ ਨਿਸ਼ਾਨਾ ਬਣਾਇਆ ਉੱਥੇ ਗੈਸ ਕਟਰ ਦੀ ਮੱਦਦ ਨਾਲ ਏਟੀਐੱਮ ਦੇ ਸ਼ਟਰ ਦੇ ਤਾਲੇ ਤੇ ਸੈਂਟਰ ਤਾਲੇ ਨੂੰ ਤੋੜਿਆ। ਲੁਟੇਰੇ ਏਟੀਐੱਮ ਮਸ਼ੀਨ ਤੱਕ ਪੁੱਜਣ ‘ਚ ਕਾਮਯਾਬ ਹੋ ਗਏ ਸਨ
ਪਰੰਤੂ ਨਕਦੀ ਕੱਢਣ ਤੋਂ ਪਹਿਲਾਂ ਹੀ ਉਹ ਮੌਕਾ ਛੱਡ ਕੇ ਦੌੜ ਗਏ ਜਾਪਦੇ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਡੀਐੱਸਪੀ ਵਰਿੰਦਰਜੀਤ ਸਿੰਘ ਥਿੰਦ ਪੁਲਿਸ ਪਾਰਟੀ ਸਣੇ ਮੌਕੇ ‘ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਘਟਨਾ ਦੀ ਪੁਸ਼ਟੀ ਕਰਦਿਆਂ ਬੈਂਕ ਦੇ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਮੇਂ ਏਟੀਐੱਮ ਵਿੱਚ ਕੁੱਲ 2 ਲੱਖ, 60 ਹਜ਼ਾਰ, 900 ਰੁਪਏ ਮੌਜ਼ੂਦ ਸਨ ਪਰੰਤੂ ਗਨੀਮਤ ਇਹ ਰਹੀ ਕਿ ਲੁਟੇਰੇ ਇਸ ਰਕਮ ਨੂੰ ਪ੍ਰਾਪਤ ਕਰਨ ਵਿੱਚ ਅਸਮਰਥ ਰਹੇ। ਦੂਜੇ ਪਾਸੇ ਕੋਤਵਾਲੀ ਪੁਲਿਸ ਇੰਚਾਰਜ ਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਨਾਲ ਲੁਟੇਰਿਆਂ ਦੀ ਭਾਲ ਵਿੱਚ ਜੁਟ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਲੁਟੇਰੇ ਜਲਦ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।