ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਮਿਲਿਆ ਪੱਤਰਕਾਰਾਂ ਦਾ ਵਫ਼ਦ, ਜਲਦ ਹੀ ਕਾਰਵਾਈ ਸ਼ੁਰੂ ਕਰਨ ਦਾ ਦਿੱਤਾ ਵਿਸ਼ਵਾਸ
ਲੋਕ ਸੰਪਰਕ ਵਿਭਾਗ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਸਿਹਤ ਵਿਭਾਗ ਕਰੇਗਾ ਕਾਰਵਾਈ ਸ਼ੁਰੂ
ਅਸ਼ਵਨੀ ਚਾਵਲਾ, ਚੰਡੀਗੜ੍ਹ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਪੱਤਰਕਾਰਾਂ ਨੂੰ ਦੂਜੇ ਸੂਬਿਆਂ ਵਾਂਗ ਸਿਹਤ ਬੀਮਾ ਦੇਣ ਦੇ ਵਾਅਦੇ ਨੂੰ ਅੱਜ ਪੱਤਰਕਾਰਾਂ ਨੇ ਨਾ ਸਿਰਫ਼ ਸਰਕਾਰ ਨੂੰ ਇਸ ਸਬੰਧੀ ਯਾਦ ਕਰਵਾਇਆ, ਸਗੋਂ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਬਕਾਇਦਾ ਮੈਮੋਰੈਂਡਮ ਵੀ ਦਿੱਤਾ ਗਿਆ। ਜਿਸ ‘ਤੇ ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਜਲਦ ਹੀ ਕਾਰਵਾਈ ਕਰਨਾ ਦਾ ਭਰੋਸਾ ਦਿੰਦੇ ਹੋਏ ਸਿਹਤ ਵਿਭਾਗ ਦੇ ਨਾਲ ਹੀ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਹਿ ਦਿੱਤਾ ਹੈ। ਜਾਣਕਾਰੀ ਅਨੁਸਾਰ ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਈ ਵਾਅਦੇ ਕੀਤੇ ਸਨ, ਜਿਨ੍ਹਾਂ ਵਿੱਚ ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਹਤ ਬੀਮਾ ਯੋਜਨਾ ‘ਚ ਲੈ ਕੇ ਆਉਣ ਦਾ ਵਾਅਦਾ ਵੀ ਸ਼ਾਮਲ ਸੀ ਪਰ ਢਾਈ ਸਾਲ ਦੀ ਸਰਕਾਰ ਦੌਰਾਨ ਕਾਂਗਰਸ ਸਰਕਾਰ ਵੱਲੋਂ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਜਦੋਂ ਕਿ ਸਿਹਤ ਬੀਮਾ ਯੋਜਨਾ ਲਾਗੂ ਕਰਨਾ ਬਹੁਤ ਹੀ ਜਿਆਦਾ ਜਰੂਰੀ ਸਮਝਿਆ ਜਾ ਰਿਹਾ ਹੈ।
ਸਿਹਤ ਬੀਮਾ ਯੋਜਨਾ ਪਿਛਲੀ ਅਕਾਲੀ-ਭਾਜਪਾ ਸਰਕਾਰ ‘ਚ ਲਾਗੂ ਕਰਨ ਲਈ ਟੈਂਡਰ ਤੱਕ ਲਗਾਏ ਗਏ ਸਨ ਪਰ ਉਸ ਵਿੱਚ ਸਰਕਾਰ ਨਾਕਾਮ ਸਾਬਤ ਹੋਈ ਸੀ। ਜਿਸ ਕਾਰਨ ਹੁਣ ਤੱਕ ਪੱਤਰਕਾਰਾਂ ਨੂੰ ਸਿਹਤ ਬੀਮਾ ਨਹੀਂ ਮਿਲ ਸਕਿਆ ਹੈ। ਇਸੇ ਮੰਗ ਨੂੰ ਲੈ ਕੇ ਵੀਰਵਾਰ ਨੂੰ ਪੱਤਰਕਾਰਾਂ ਦੇ ਇੱਕ ਵਫ਼ਦ ਨੇ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ ਨਾਲ ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਮੁਲਾਕਾਤ ਕਰਦੇ ਹੋਏ ਮੈਮੋਰੈਂਡਮ ਦਿੱਤਾ ਤੇ ਮੰਗ ਕੀਤੀ ਕਿ ਜਲਦ ਹੀ ਸਿਹਤ ਬੀਮਾ ਯੋਜਨਾ ਨੂੰ ਲਾਗੂ ਕੀਤਾ ਜਾਵੇ। ਇਸ ਸਿਹਤ ਬੀਮਾ ਯੋਜਨਾ ਵਿੱਚ ਐਕਰੀਡੇਟਿਡ ਪੱਤਰਕਾਰਾਂ ਤੋਂ ਇਲਾਵਾ ਬਲਾਕ ਪੱਧਰ ‘ਤੇ ਤੈਨਾਤ ਪੀਲਾ ਕਾਰਡ ਧਾਰਕ ਪੱਤਰਕਾਰ ਵੀ ਸ਼ਾਮਲ ਹਨ। ਬਲਬੀਰ ਸਿੱਧੂ ਵੱਲੋਂ ਵਿਸ਼ਵਾਸ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਵਿਭਾਗ ਦੇ ਅਧਿਕਾਰੀ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਜਲਦ ਹੀ ਇਸ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰਨ ਲਈ ਕਦਮ ਚੁੱਕਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।