ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਮੌਜ਼ੂਦਗੀ ਵਿੱਚ ਵੰਡੇ ਗਏ ਨਿਯੁਕਤੀ ਪੱਤਰ
ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਸਨ ਇਹ ਅਧਿਆਪਕ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸਿੱਖਿਆ ਵਿਭਾਗ ਨੂੰ ਸੰਭਾਲਣ ਵਾਲੇ ਮੰਤਰੀ ਵਿਜੈਇੰਦਰ ਸਿੰਗਲਾ ਦੀ ਸ਼ੁਰੂਆਤ ਚੰਗੀ ਹੋ ਗਈ ਹੈ। ਵੀਰਵਾਰ ਨੂੰ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਹੀ ਵਿਜੈਇੰਦਰ ਸਿੰਗਲਾ ਨੇ ਉਨ੍ਹਾਂ 5178 ਅਧਿਆਪਕਾਂ ਪੱਕੇ ਕਰਦੇ ਹੋਏ ਨਿਯੁਕਤੀ ਪੱਤਰ ਵੰਡ ਦਿੱਤੇ ਹਨ, ਜਿਹੜੇ ਕਿ ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ਕਰਦੇ ਹੋਏ ਪੱਕੇ ਕਰਨ ਦੀ ਮੰਗ ਕਰ ਰਹੇ ਸਨ। ਸਿੰਗਲਾ ਨੇ ਆਪਣੇ ਦਫ਼ਤਰ ਦੇ ਪਹਿਲੇ ਦਿਨ ਹੀ ਇਹ ਨਿਯੁਕਤੀ ਪੱਤਰ ਵੰਡੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਲ 2014-15 ਤੇ 2016 ‘ਚ ਪੇਂਡੂ ਖੇਤਰਾਂ ਦੇ ਸਕੂਲਾਂ ਲਈ ਮਾਸਟਰ ਕਾਡਰ ਦੇ 5178 ਅਧਿਆਪਕਾਂ ਦੀ ਭਰਤੀ ਕੀਤੀ ਸੀ। ਇਨ੍ਹਾਂ ਅਧਿਆਪਕਾਂ ਦੀ ਭਰਤੀ 3 ਸਾਲਾਂ ਲਈ ਠੇਕੇ ਦੇ ਆਧਾਰ ‘ਤੇ ਇਸ ਸ਼ਰਤ ‘ਤੇ ਕੀਤੀ ਗਈ ਸੀ ਕਿ ਜ਼ਰੂਰੀ ਸ਼ਰਤਾਂ ਪੂਰੀਆਂ ਹੋਣ ‘ਤੇ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਮਾਮਲਿਆਂ ਨੂੰ ਵਿਚਾਰਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੇ ਮਾਰਚ 2019 ‘ਚ ਇਨ੍ਹਾਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਸਹਿਮਤੀ ਦੇ ਦਿੱਤੀ ਸੀ। ਆਦਰਸ਼ ਚੋਣ ਜ਼ਾਬਤਾ ਖਤਮ ਹੋਣ ਪਿੱਛੋਂ ਵਿਭਾਗ ਨੇ ਇਨ੍ਹਾਂ ਨੂੰ ਰੈਗੂਲਰ ਕਰਮਚਾਰੀਆਂ ਵਜੋਂ ਨਿਯੁਕਤ ਕਰ ਲਿਆ ਹੈ। ਸਿੰਗਲਾ ਨੇ ਕਿਹਾ ਕਿ ਸੂਬੇ ਦੇ ਵਿਕਾਸ ਲਈ ਮਿਆਰੀ ਸਿੱਖਿਆ ਬਹੁਤ ਜ਼ਰੂਰੀ ਹੈ। ਇਸ ਲਈ, ਉਹ ਮੁੱਖ ਤੌਰ ‘ਤੇ ਵਿਭਾਗ ਦੇ ਅਪਗਰੇਡੇਸ਼ਨ ਤੇ ਸੁਚੱਜੇ ਢੰਗ ਨਾਲ ਕੰਮਕਾਜ ਕਰਨ ‘ਤੇ ਧਿਆਨ ਕੇਂਦਰਿਤ ਕਰਨਗੇ। ਸਕੂਲ ਸਿੱਖਿਆ ਵਿਭਾਗ ਵਿਚ ਸੁਧਾਰ ਲਈ ਸਕੂਲਾਂ ਦੀ ਨਿਯਮਿਤ ਅਚਨਚੇਤ ਚੈਕਿੰਗ ਵੀ ਸ਼ੁਰੂ ਕੀਤੀ ਜਾਵੇਗੀ ਅਤੇ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਈ ਸਾਰੇ ਸਬੰਧਿਤ ਖੇਤਰਾਂ ਤੋਂ ਫੀਡਬੈਕ ਲਈ ਜਾਵੇਗੀ। ਉਨ੍ਹਾਂ ਸਕੂਲ ਸਿੱਖਿਆ ਦੇ ਵਿਕਾਸ ਲਈ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵਿਭਾਗ ਦੇ ਸਕੱਤਰ ਕ੍ਰਿਸਨ ਕੁਮਾਰ ਆਈ.ਏ.ਐਸ.ਵੀ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।