ਵਾਧੂ ਪਾਣੀ ਛੱਡਣ ਦਾ ਫੈਸਲਾ ਸਾਰੇ ਭਾਈਵਾਲ ਸੂਬਿਆਂ ਦੀ ਸਹਿਮਤੀ ਨਾਲ ਟੈਕਨੀਕਲ ਕਮੇਟੀ ਵੱਲੋਂ ਲਿਆ ਗਿਆ: ਮੁੱਖ ਮੰਤਰੀ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ ਸੂਬੇ ਦੀਆਂ ਨਹਿਰਾਂ ਸੁੱਕੀਆਂ ਹੋਣ ਤੇ ਸਰਕਾਰ ਵੱਲੋਂ ਪਾਕਿਸਤਾਨ ਨੂੰ ਪਾਣੀ ਛੱਡਣ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਹਿਫ਼ਾਜਤੀ ਕਦਮਾਂ ਵਜੋਂ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਜੋ ਸਤਲੁਜ ਤੇ ਬਿਆਸ ਦਰਿਆ ਦੇ ਇਲਾਕਿਆਂ ‘ਚ ਹੜ੍ਹ ਤੋਂ ਬਚਿਆ ਜਾ ਸਕੇ। ਪੀ.ਈ.ਪੀ ਦੇ ਮੁਖੀ ਵੱਲੋਂ ਲਾਏ ਦੋਸ਼ਾਂ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਇਨ੍ਹਾਂ ਨੂੰ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਦੱਸਿਆ ਹੈ ਤੇ ਕਿਹਾ ਹੈ ਕਿ ਇਸ ਦਾ ਉਦੇਸ਼ ਗਲਤ ਸੂਚਨਾ ਦਾ ਪਸਾਰ ਕਰਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਫਾਲਤੂ ਪਾਣੀ ਨੂੰ ਛੱਡਣ ਦਾ ਫੈਸਲਾ ਹਿਫ਼ਾਜਤੀ ਕਦਮਾਂ ਵਜੋਂ ਨਿਯਮਿਤ ਤਰੀਕੇ ਨਾਲ ਟੈਕਨੀਕਲ ਕਮੇਟੀ ਦੀ 28 ਮਈ 2019 ਨੂੰ ਹੋਈ ਮੀਟਿੰਗ ‘ਚ ਕੀਤਾ ਗਿਆ। ਇਸ ਵਿੱਚ ਸਾਰੇ ਭਾਈਵਾਲ ਸੂਬਿਆਂ ਦੇ ਨੁਮਾਇੰਦੇ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਆਮ ਸਹਿਮਤੀ ਨਾਲ ਇਹ ਵਿਚਾਰ ਸਾਹਮਣੇ ਆਇਆ ਕਿ ਇਸ ਵੇਲੇ ਸਪੱਸ਼ਟ ਤੌਰ ‘ਤੇ ਫਾਲਤੂ ਪਾਣੀ ਹੈ ਤੇ ਫਾਲਤੂ ਪਾਣੀ ਨੂੰ ਜਾਰੀ ਕਰਕੇ ਤੇ ਇਸ ਦੇ ਨਾਲ ਹੀ ਬਿਜਲੀ ਉਤਪਾਦਨ ਦਾ ਲਾਭ ਪ੍ਰਾਪਤ ਕਰਨ ਲਈ ਇਸ ਨੂੰ ਫਾਇਦੇਮੰਦ ਤਰੀਕੇ ਨਾਲ ਵਰਤਣ ਦਾ ਢੁਕਵਾਂ ਸਮਾਂ ਹੋਵੇਗਾ। ਜੇ ਅਜਿਹਾ ਨਾ ਕੀਤਾ ਜਾਂਦਾ ਤੇ ਬਾਅਦ ‘ਚ ਫਾਲਤੂ ਪਾਣੀ ਸਪਿਲਵੇਅ ਰਾਹੀਂ ਛੱਡ ਦਿੱਤਾ ਜਾਂਦਾ ਤਾਂ ਉਹ ਨਾ ਸਿਰਫ਼ ਫਜ਼ੂਲ ਚਲਿਆ ਜਾਂਦਾ ਸਗੋਂ ਇਸ ਨਾਲ ਸਤਲੁਜ ਤੇ ਬਿਆਸ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ‘ਚ ਹੜ੍ਹਾਂ ਨਾਲ ਨੁਕਸਾਨ ਵੀ ਹੁੰਦਾ।
ਖਹਿਰੇ ਵੱਲੋਂ 15000 ਤੋਂ 20000 ਕਿਊਸਿਕ ਪਾਣੀ ਛੱਡੇ ਜਾਣ ਦੇ ਕੀਤੇ ਆਧਾਰਹੀਣ ਦਾਅਵੇ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 24ਵੀਂ ਦਿਨਾਂ ਤੋਂ ਫਿਰੋਜ਼ਪੁਰ ਹੈੱਡਵਰਕਸ ਤੋਂ ਪਾਕਿਸਤਾਨ ਨੂੰ 8700 ਸੀਜ਼ ਔਸਤਨ ਪਾਣੀ ਰੋਜ਼ਮਰਾ ਦੇ ਆਧਾਰ ‘ਤੇ ਛੱਡਿਆ ਗਿਆ ਹੈ ਤੇ ਇਸ ਸਬੰਧੀ ਨਿਯਮਿਤ ਤੌਰ ‘ਤੇ ਸਥਿਤੀ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਜਾ ਰਹੇ ਪਾਣੀ ‘ਤੇ ਆਉਂਦੇ ਦਿਨਾਂ ਦੌਰਾਨ ਕੰਟਰੋਲ ਕਰ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਸੂਬੇ ਦੇ ਅੰਕੜੇ ਪੇਸ਼ ਕਰਦੇ ਹੋਏ ਦੱਸਿਆ ਕਿ 13 ਜੂਨ ਤੱਕ ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1609.43 ਫੁੱਟ ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 100 ਫੁੱਟ ਜ਼ਿਆਦਾ ਹੈ। ਪੌਂਗ ਡੈਮ ਤੇ ਰਣਜੀਤ ਸਾਗਰ ਦੀ ਸਥਿਤੀ ਵੀ ਇਸੇ ਤਰ੍ਹਾਂ ਦੀ ਹੈ। ਇੱਥੇ ਪਾਣੀ ਦਾ ਪੱਧਰ ਪਿਛਲੇ ਸਾਲ ਇਸੇ ਤਾਰੀਖ ਦੇ ਮੁਕਾਬਲੇ ਕ੍ਰਮਵਾਰ 46.41 ਫੁੱਟ ਤੇ 38 ਫੁੱਟ ਵੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇ ਹਿਫਾਜਤੀ ਕਦਮਾਂ ਵਜੋਂ ਇਹ ਫੈਸਲਾ ਨਾ ਲਿਆ ਜਾਂਦਾ ਤਾਂ ਭਾਖੜਾ ਤੋਂ ਸਤਲੁਜ ਦਰਿਆ ‘ਚ ਲਾਜ਼ਮੀ ਤੌਰ ‘ਤੇ ਜੁਲਾਈ ਤੇ ਅਗਸਤ ਮਹੀਨਿਆਂ ਦੌਰਾਨ 50000 ਤੋਂ 200000 ਕਿਊਸਿਕ ਪਾਣੀ ਛੱਡਿਆ ਜਾਂਦਾ ਜਿਸਦੇ ਕਾਰਨ ਦਰਿਆ ਦੇ ਨੇੜੇ ਦੇ ਇਲਾਕਿਆਂ ‘ਚ ਹੜ੍ਹ ਵਰਗੀ ਸਥਿਤੀ ਹੋ ਜਾਂਦੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।