ਪਟਿਆਲਾ(ਸੱਚ ਕਹੂੰ ਨਿਊਜ)। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਤੋਂ ਵਧੀਆ ਕੰਮ ਨਾ ਕਰਨ ਦੀ ਗੱਲ ਕਹਿ ਕੇ ਮੰਤਰਾਲਾ ਵਾਪਸ ਲੈ ਕੇ ਉਨ੍ਹਾਂ ਨੂੰ ਬਿਜਲੀ ਮੰਤਰਾਲਾ ਦਿੱਤਾ ਗਿਆ, ਉਸ ਤੋਂ ਸਾਬਤ ਹੁੰਦਾ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਵਿਚ ਨਿਰਵਿਘਨ ਬਿਜਲੀ ਦੇਣ ਲਈ ਸੰਜੀਦਾ ਨਹੀਂ ਹੈ ਕਿਉਂਕਿ ਬਿਜਲੀ ਮੰਤਰਾਲਾ ਬਹੁਤ ਅਹਿਮ ਹੈ ਤੇ ਆਉਣ ਵਾਲੇ 4 ਮਹੀਨੇ ਪੰਜਾਬ ਦੀ ਆਰਥਿਕਤਾ ਲਈ ਸਭ ਤੋਂ ਵੱਧ ਮਹੱਤਵਪੂਰਨ ਹਨ ਤੇ ਉਸ ‘ਚ ਸਭ ਤੋਂ ਵੱਡਾ ਯੋਗਦਾਨ ਨਿਰਵਿਘਨ ਬਿਜਲੀ ਦਾ ਰਹਿਣ ਵਾਲਾ ਹੈ। ਇਸ ਤੋਂ ਸਾਫ ਹੈ ਕਿ ਕੈ. ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਜੇਕਰ ਪਰਫਾਰਮੈਂਸ ਠੀਕ ਨਾ ਕਰਨ ਨੂੰ ਆਧਾਰ ਬਣਾ ਕੇ ਉਨ੍ਹਾਂ ਦਾ ਵਿਭਾਗ ਬਦਲਿਆ ਗਿਆ ਹੈ ਤਾਂ ਉਸ ਦੇ ਪਿੱਛੇ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਮੰਤਰਾਲਾ ਦੇਣਾ ਸਰਕਾਰ ਦੀ ਨੀਅਤ ‘ਤੇ ਕਈ ਸਵਾਲ ਖੜ੍ਹੇ ਕਰਦਾ ਹੈ।
ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਹੁਣ ਤੱਕ ਨਾ ਤਾਂ ਨਹਿਰਾਂ ਦੀਆਂ ਟੇਲਾਂ ਸਾਫ ਕੀਤੀਆਂ ਗਈਆਂ ਹਨ ਤੇ ਨਾ ਹੀ ਬਿਜਲੀ ਦੇ ਟਰਾਂਸਫਾਰਮਰਾਂ ਦੀ ਮੁਰੰਮਤ ਕੀਤੀ ਗਈ ਹੈ ਜਦੋਂ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ‘ਚ ਇੱਕ ਹਫਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਦਾ ਆਧਾਰ ਖੇਤੀਬਾੜੀ ਹੈ ਅਤੇ ਸਰਕਾਰ ਕਿਸਾਨਾਂ ਨੂੰ ਲੈ ਕੇ ਸੰਜੀਦਾ ਦਿਖਾਈ ਨਹੀਂ ਦੇ ਰਹੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਵਿਸ਼ੇਸ਼ ਤੌਰ ‘ਤੇ ਪਟਿਆਲਾ ਜ਼ਿਲ੍ਹੇ ਦੇ ਨਹਿਰੀ ਪਾਣੀ ਦੇ ਮੁੱਦੇ ਨੂੰ ਚੁੱਕਿਆ ਸੀ ਪਰ ਇਸ ਵਾਰ ਵੀ ਅਜੇ ਤੱਕ ਨਾ ਤਾਂ ਨਹਿਰਾਂ ਦੀ ਸਫਾਈ ਕੀਤੀ ਗਈ।
ਇਸ ਮੌਕੇ ਪ੍ਰੀਤ ਮਸੀਹ, ਭਰਤ ਗੋਇਲ ਐਮਸੀ, ਸੰਦੀਪ ਸਿੰਘ ਰਾਜਾ ਤੁੜ, ਮਹਾਂਵੀਰ ਸਿੰਘ ਐੱਮਸੀ, ਬਿੱਟੂ ਹਰੀਕਾ, ਕ੍ਰਿਸ਼ਨ ਸਿੰਘ ਯੂਥ ਆਗੂ, ਸੁਰਿੰਦਰ ਸਿੰਘ ਸੰਨੀ ਹਸਨਪੁਰ, ਅਵਤਾਰ ਸਿੰਘ ਹਰੀਕਾ, ਨਿਰਮਲ ਸਿੰਘ, ਰਵਿੰਦਰ ਸਿੰਘ ਰਵੀ ਤੇ ਵਰਿੰਦਰ ਡਕਾਲਾ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।