ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ‘ਚ ਨਜ਼ਰ ਨਹੀਂ ਆਇਆ 8 ਸੀਟਾਂ ਹਾਰਨ ਦਾ ਦੁੱਖ
ਚੰਡੀਗੜ੍ਹ (ਅਸ਼ਵਨੀ ਚਾਵਲਾ) ਲੋਕ ਸਭਾ ਚੋਣਾਂ ‘ਚ 8 ਸੀਟਾਂ ‘ਤੇ ਹੋਈ ਵੱਡੀ ਹਾਰ ਦਾ ਮੰਥਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਦੀ ਗਈ ਕੋਰ ਕਮੇਟੀ ਦੀ ਮੀਟਿੰਗ ‘ਚ ਹਾਰ ਦਾ ਦੁੱਖ ਘੱਟ ਤੇ 2 ਸੀਟਾਂ ‘ਤੇ ਜਿੱਤ ਦੀ ਜ਼ਿਆਦਾ ਖ਼ੁਸ਼ੀ ਮਨਾਈ ਗਈ। ਕੋਰ ਕਮੇਟੀ ਦੀ ਮੀਟਿੰਗ ਵਿੱਚ ਇੰਝ ਲੱਗ ਹੀ ਨਹੀਂ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ 10 ‘ਚੋਂ ਸਿਰਫ਼ 2 ਸੀਟਾਂ ‘ਤੇ ਹੀ ਜਿੱਤ ਪ੍ਰਾਪਤ ਕਰਦੇ ਹੋਏ 8 ਸੀਟਾਂ ਨੂੰ ਹਾਰ ਗਈ ਹੈ। ਕੋਰ ਕਮੇਟੀ ‘ਚ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਖ਼ੁਸ਼ੀ ਦਾ ਹੀ ਜਸ਼ਨ ਦਿਖਾਈ ਦਿੱਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਦੋਵੇਂ ਸੀਟਾਂ ਦੀ ਜਿੱਤਣ ਦੀ ਖ਼ੁਸ਼ੀ ਦੇ ਨਾਲ ਹੀ ਇਸ ਗੱਲ ਨੂੰ ਲੈ ਕੇ ਸੰਤੁਸ਼ਟ ਹੈ ਕਿ ਇਨ੍ਹਾਂ ਲੋਕ ਸਭਾ ਚੋਣਾਂ ‘ਚ ਉਨ੍ਹਾਂ ਦੀ ਪਾਰਟੀ ਨੇ ਵੋਟ ਫੀਸਦੀ ਦਰ ਪ੍ਰਾਪਤ ਕਰਨ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਲੋਕ ਸਭਾ ਚੋਣਾਂ ‘ਚ ਪਿਛਲੀ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 7 ਫੀਸਦੀ ਤੋਂ ਜਿਆਦਾ ਵਾਧਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿਖੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ, ਜਿਸ ‘ਚ ਜ਼ਿਆਦਾਤਰ ਅਕਾਲੀ ਲੀਡਰਾਂ ਨੇ ਭਾਗ ਲੈਂਦੇ ਹੋਏ ਚੋਣਾਂ ਦੌਰਾਨ ਪਾਰਟੀ ਦੇ ਪ੍ਰਦਰਸ਼ਨ ਤੇ ਨਫ਼ੇ-ਨੁਕਸਾਨ ਦਾ ਜਿਕਰ ਕੀਤਾ। ਇਸ ਮੀਟਿੰਗ ਵਿੱਚ ਹਾਰ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੇ ਚਿਹਰਿਆਂ ‘ਤੇ ਮਾਯੂਸੀ ਵੀ ਨਜ਼ਰ ਸਾਫ਼ ਆ ਰਹੀ ਸੀ ਪਰ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੇ ਅੱਗੇ ਹਾਰ ਦਾ ਦੁੱਖ ਫਿੱਕਾ ਹੀ ਨਜ਼ਰ ਆ ਰਿਹਾ ਸੀ।
ਕੋਰ ਕਮੇਟੀ ਦੀ ਮੀਟਿੰਗ ਦੌਰਾਨ ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਲੀਡਰਸ਼ਿਪ ਤੇ ਸਾਰੇ ਵਿਧਾਇਕ ਨੂੰ ਅਗਲੇ ਸਮੇਂ ਆਉਣ ਵਾਲੀਆਂ ਜਿਮਨੀ ਚੋਣਾਂ ਵੱਲ ਧਿਆਨ ਦੇਣ ਲਈ ਕਿਹਾ ਹੈ ਤਾਂ ਕਿ ਜਿਮਨੀ ਚੋਣਾਂ ‘ਚ ਵੱਡੀ ਜਿੱਤ ਪ੍ਰਾਪਤ ਕਰਦੇ ਹੋਏ ਉਹ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਰੁਤਬੇ ਨੂੰ ਹਰ ਹਾਲਤ ‘ਚ ਹਾਸਲ ਕਰ ਸਕੇ।
ਮੀਟਿੰਗ ਤੋਂ ਬਾਅਦ ਪਾਰਟੀ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕੋਰ ਕਮੇਟੀ ਦੀ ਮੀਟਿੰਗ ‘ਚ ਵੋਟ ਫੀਸਦੀ ਦਰ ਦੇ ਵਾਧੇ ਨੂੰ ਲੈ ਕੇ ਸੰਤੁਸ਼ਟੀ ਜ਼ਾਹਿਰ ਕੀਤੀ ਗਈ ਹੈ ਤੇ ਪਾਰਟੀ ਨੇ ਪਿਛਲੀ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕ ਸਭਾ ਚੋਣਾਂ ‘ਚ ਸਾਰੀਆਂ ਪਾਰਟੀਆਂ ਨਾਲੋਂ ਜਿਆਦਾ ਵੋਟ ਫੀਸਦੀ ਦਰ ‘ਚ ਵਾਧਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੋਇਆ ਹੈ। ਹੁਣ ਉਨ੍ਹਾਂ ਦੀ ਪਾਰਟੀ ਆਪਣਾ ਸਾਰਾ ਧਿਆਨ ਆਉਣ ਵਾਲੀ ਵਿਧਾਨ ਸਭਾ ਦੀ ਜਿਮਨੀ ਚੋਣਾਂ ਵੱਲ ਦੇਵੇਗੀ ਅਤੇ ਹਰ ਸੰਭਵ ਕੋਸ਼ਿਸ਼ ਕਰੇਗੀ ਕਿ ਉਹ ਸਾਰੀ ਜਿਮਨੀ ਚੋਣਾਂ ‘ਚ ਜਿੱਤ ਪ੍ਰਾਪਤ ਕਰਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।