ਹਾਲ ਰੋਟੀਏ, ਨੀ ਦੁਹਾਈ ਰੋਟੀਏ

Roti

ਜਗਜੀਤ ਸਿੰਘ ਕੰਡਾ

ਸਦੀਆਂ ਤੋਂ ਮੇਰੇ ਰੰਗਲੇ ਪੰਜਾਬ ਨੂੰ ਲੁੱਟਣ ਲਈ ਸਮੇਂ ਦੇ ਹਾਕਮਾਂ ਤੇ ਬਾਹਰਲੇ ਧਾੜਵੀਆਂ ਅੱਡੀ-ਚੋਟੀ ਦਾ ਜ਼ੋਰ ਲਾ ਕੇ ਇਸਦਾ ਖੁਰਾ ਖੋਜ਼ ਮਿਟਾਉਣ ਲਈ ਆਪਣੀ ਜ਼ੋਰ-ਅਜ਼ਮਾਈ ਕੀਤੀ ਪਰੰਤੂ ਇਸ ਦੀ ਪਵਿੱਤਰ ਧਰਤੀ ‘ਤੇ ਦਸ ਗੁਰੂ ਸਾਹਿਬਾਨਾਂ ਦੀ ਮਿਹਰ ਸਦਕਾ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਪਿਛਲੇ ਸਮਿਆਂ ਵਿੱਚ ਤਾਂ ਧਾੜਵੀ ਬਾਹਰੋਂ ਆਉਂਦੇ ਸਨ ਪਰੰਤੂ ਅੱਜ ਮੇਰੇ ਰੰਗਲੇ ਪੰਜਾਬ ਨੂੰ ਆਪਣਿਆਂ ਤੋਂ ਖਤਰਾ ਹੈ।

ਕੁਲਦੀਪ ਕੰਡਿਆਰੇ ਦੀ ਕਲਮ ਤੋਂ ਲਿਖੇ, ਪ੍ਰਸਿੱਧ ਗਾਇਕ ਤੇ ਫਿਲਮੀ ਕਲਾਕਾਰ ਕਰਮਜੀਤ ਅਨਮੋਲ ਦੀ ਅਵਾਜ਼ ਵਿੱਚ ਗਾਏ ਇਸ ਗੀਤ ‘ਹਾਲ ਰੋਟੀਏ, ਨੀ ਦੁਹਾਈ ਰੋਟੀਏ’ ਜਾਵੇਂ ਸਾਰੀ ਦੁਨੀਆਂ ਨੂੰ ਖਾਈ ਰੋਟੀਏ ਨੀ’ ਦੀਆਂ ਸਾਰੀਆਂ ਪੰਕਤੀਆਂ ਪੰਜਾਬ ਦੇ ਅੱਜ ਵਾਲੇ ਮੌਜੂਦਾ ਹਾਲਾਤਾਂ ਨੂੰ ਖੋਲ੍ਹ ਕੇ ਬਿਆਨ ਕਰਦੀਆਂ ਹਨ ਛੋਟੇ ਬੱਚੇ, ਜਿਨ੍ਹਾਂ ਨੇ ਆਪਣੇ ਬਚਪਨ ਨੂੰ ਖੇਡਣ-ਕੁੱਦਣ ਦੇ ਨਾਲ-ਨਾਲ ਸਕੂਲਾਂ ਵਿੱਚ ਪੜ੍ਹਨ ਲਈ ਜਾਣਾ ਸੀ, ਗਰੀਬੀ ਦੀ ਹਾਲਤ ਕਾਰਨ ਰੋਟੀ ਲਈ ਢਾਬਿਆਂ ‘ਤੇ ਜੂਠੇ ਭਾਂਡੇ ਮਾਂਜਣ ਦੇ ਨਾਲ, ਸੜਕਾਂ ਅਤੇ ਬਜ਼ਾਰਾਂ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਭੀਖ ਮੰਗਣ ਲਈ ਮਜ਼ਬੂਰ ਹਨ ਇਸ ਮਜ਼ਬੂਰੀ ਨੇ ਮਾਸੂਮ ਤੇ ਕੋਮਲ ਇਹਨਾਂ ਫੁੱਲਾਂ ਦੀਆਂ ਪੱਤੀਆਂ ਨੂੰ ਅਨਪੜ੍ਹਤਾ ਦੀ ਮੂੰਗਲੀ ਨੇ ਮਸਲ ਕੇ ਰੱਖ ਦਿੱਤਾ ਤੇ ਵਿਚਾਰੀ ਮਾਸੂਮੀਅਤ ਰੋਟੀ ਖਾਤਰ ਪਰਾਂ ਹੋ ਦੰਦਾਂ ਵਿੱਚ ਉਂਗਲੀ ਪਾ ਦੇਖਦੀ ਰਹੀ।

ਮੈਂ ਆਪਣੇ ਕੁਝ ਜ਼ਰੂਰੀ ਕੰਮਾਂ-ਕਾਰਾਂ ਲਈ ਜਦੋਂ ਚੰਡੀਗੜ੍ਹ ਜਾਣਾ ਤਾਂ ਲੁਧਿਆਣਾ ਸ਼ਹਿਰ ਦੀਆਂ ਬੱਤੀਆਂ ‘ਤੇ ਛੋਟੇ ਬੱਚੇ-ਬੱਚੀਆਂ ਨੂੰ ਕਾਰਾਂ ਦੇ ਬੰਦ ਸ਼ੀਸ਼ੇ ਖੜਕਾ ਕੇ ਅੱਤ ਦੀ ਗਰਮੀ ਵਿੱਚ ਭੀਖ ਮੰਗਦੇ ਦੇਖਦਾ ਉਨ੍ਹਾਂ ਦੀ ਮਾਸੂਮੀਅਤ ਦੇਖ ਕੇ ਮੇਰੇ ਮਨ ਅੰਦਰਲੇ ਪੱਥਰ ਦੇ ਪਹਾੜ ਨੇ ਬਹੁਤ ਵਾਰੀ ਪਿਘਲ ਕੇ ਮੇਰੀਆਂ ਅੱਖਾਂ ਨੂੰ ਗਿੱਲਿਆਂ ਕੀਤਾ ਪਰੰਤੂ ਸਿਵਾਏ ਕਾਗਜ਼ ਦੀ ਹਿੱਕ ‘ਤੇ ਲਿਖਣ ਤੋਂ ਮੈਂ ਕੁਝ ਨਹੀਂ ਕਰ ਸਕਿਆ ਕਿਉਂਕਿ ਇਹ ਕੰਮ ਸਾਡੀਆਂ ਸਰਕਾਰਾਂ ਦੇ ਹਿੱਸੇ ਆਉਂਦਾ ਹੈ। ਜਦੋਂ ਇਸ ਪਾਪੀ ਪੇਟ ਨੂੰ ਰੋਟੀ ਦੀ ਭੁੱਖ ਲੱਗਦੀ ਹੈ ਤਾਂ ਵੱਡੇ-ਵੱਡੇ ਨਾਢੂ ਖਾਂ ਵੀ ਡਿੱਗ ਪੈਂਦੇ ਹਨ ਤੇ ਜੋ ਲੋਕ ਫਾਕੇ ਕੱਟਦੇ ਹਨ ਉਹ ਕਿੱਥੋਂ ਤੱਕ ਅੜਨਗੇ? ਬੇਰੁਜ਼ਗਾਰੀ ਕਾਰਨ ਸਾਡੇ ਦੇਸ਼ ਦੇ ਹਾਲਾਤ ਅਜਿਹੇ ਬਣੇ ਹੋਏ ਹਨ ਖਾਸ ਕਰਕੇ ਪੰਜਾਬ ਦੇ ਗਰੀਬ ਮਾਪਿਆਂ ਨੂੰ ਆਪਣੀਆਂ ਨੌਜਵਾਨ ਧੀਆਂ ਵਿਆਹੁਣ ਲਈ ਦਰ-ਦਰ ਭਟਕਣਾ ਪੈ ਰਿਹਾ ਹੈ ਕਿਸੇ ਸਮੇਂ ਪੰਜਾਬ ਵਿੱਚ ਧੀਆਂ ਵਿਆਹੁਣ ਦੇ ਮੁੱਲ ਵੱਟੇ ਜਾਂਦੇ ਸਨ। ਅੱਜ ਹਾਲਾਤ ਅਜਿਹੇ ਹੀ ਹਨ ਪਰੰਤੂ ਗਰੀਬੀ ਕਾਰਨ ਮੁੱਲ ਤਾਰਨ ਵਾਲੇ ਨਹੀਂ ਲੱਭਦੇ ਕਿਉਂਕਿ ਅੱਜ ਤਾਂ ਹਰ ਕਿਸੇ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ ਇੱਜਤਾਂ ਸੜਕਾਂ ‘ਤੇ ਰੁਲਣ ਨੂੰ ਮਜ਼ਬੂਰ ਹਨ। ਕੁਝ ਦਹਾਕੇ ਪਹਿਲਾਂ ਤੱਕ ਕਿਸੇ ਦੀ ਧੀ ਨੂੰ ਪੂਰੇ ਪਿੰਡ ਦੀ ਧੀ-ਭੈਣ ਸਮਝਿਆ ਜਾਂਦਾ ਸੀ।

ਪੰਜਾਬ ਦੇ ਪੁਰਾਤਨ ਸੱਭਿਆਚਾਰ ਦੀ ਹਾਲਤ ਇਸ ਤੋਂ ਹੋਰ ਕੀ ਮਾੜੀ ਹੋ ਸਕਦੀ ਹੈ ਕਿ ਇਸ ਰੋਟੀ ਖਾਤਰ ਅੱਜ ਧੀਆਂ ਡੀ. ਜੇ. ਵਾਲਿਆਂ ਦੀ ਸਟੇਜ ‘ਤੇ ਨੱਚ ਕੇ ਕਮਾਉਣ ਲਈ ਮਜ਼ਬੂਰ ਨੇ ਗਰੀਬ ਤਾਂ ਭੁੱਖੇ ਢਿੱਡ ਨੂੰ ਭਰਨ ਲਈ ਅਜਿਹਾ ਕਰ ਰਿਹਾ ਹੁੰਦਾ ਹੈ ਪਰ ਚੰਦਰੀ ਦੁਨੀਆਂ ਇਸ ਤਮਾਸ਼ੇ ਨੂੰ ਦੇਖ-ਦੇਖ ਤਾੜੀਆਂ ਮਾਰ ਕੇ ਹੱਸਦੀ ਹੋਈ ਠਹਾਕੇ ਲਾ ਰਹੀ ਹੁੰਦੀ ਹੈ ਅੱਜ ਦੇ ਜਮਾਨੇ ਵਿੱਚ ਗਰੀਬਾਂ ਲਈ ਰੋਟੀ ਹੀ ਰੱਬ ਹੈ ਕਿਉਂਕਿ ਇਹ ਇੱਜਤਾਂ ਦੇ ਮੁੱਲ ਮਿਲਦੀ ਹੈ। ਇਸ ਰੋਟੀ ਲਈ ਮਹਿੰਗੇ ਮੁੱਲ ਤਾਰਨ ਵਾਸਤੇ ਪੰਜਾਬ ਦੀ ਮੌਜੂਦਾ ਜਵਾਨੀ ਹਰ ਹੀਲੇ ਵਿਦੇਸ਼ ਭੱਜਣ ਲਈ ਆਪਣੇ ਸਰਮਾਏ ਨੂੰ ਸਮੇਤ ਜਮੀਨਾਂ ਵੇਚ-ਵੱਟ ਕੇ ਉਡਾਰੀ ਮਾਰ ਰਹੀਆਂ ਲਾਈਨਾਂ ਨੂੰ ਹੋਰ ਲੰਬੀਆਂ ਕਰਨ ਲਈ ਕਾਹਲੀ ਹੈ ਪਿੱਛੋਂ ਮਾਵਾਂ ਧੂੰਏਂ ਦੇ ਪੱਜ ਪੱਥਰ ਦਿਲ ‘ਤੇ ਧਰ ਕੇ ਹੀਰੇ ਪੁੱਤਾਂ ਦੇ ਵਿਛੋੜੇ ਕਾਰਨ ਲੁਕ-ਲੁਕ ਕੇ ਰੋਂਦੀਆਂ ਦੇਖ ਗੱਲ ਰੋਟੀ ਦੁਆਲੇ ਆ ਖੜ੍ਹਦੀ ਹੈ। ਰੋਟੀ ਦੀ ਖਾਤਰ ਵਿਦੇਸ਼ਾਂ ਨੂੰ ਰੁਖ਼ ਕੀਤੀ ਜਵਾਨੀ ਨੂੰ ਦੇਖ ਕੇ ਵੀ ਮੇਰੇ ਦੇਸ਼ ਦੇ ਲੀਡਰਾਂ ਕੋਲ ਅੱਜ ਆਪਣੇ ਚੋਣ ਮਨੋਰਥ ਪੱਤਰ ਵਿੱਚੋਂ ਰੁਜ਼ਗਾਰ ਸਬੰਧੀ ਏਜੰਡਾ ਗਧੇ ਦੇ ਸਿਰ ਤੋਂ ਸਿੰਗਾਂ ਵਾਂਗ ਗਾਇਬ ਹੈ। ਦੇਸ਼ ਭਗਤਾਂ ਵੱਲੋਂ ਗੋਰਿਆਂ ਤੋਂ ਮਹਿੰਗੇ ਮੁੱਲ ਤਾਰ ਕੇ ਖਰੀਦੀ ਹੋਈ ਅਜ਼ਾਦੀ ਨੂੰ ਅੱਜ ਅਸੀਂ ਖੁਦ ਗੋਰਿਆਂ ਦੀ ਗੁਲਾਮੀ ਕੀਮਤਾਂ ਤਾਰ ਕੇ ਕਬੂਲ ਕਰ ਰਹੇ ਹਾਂ ਤੇ ਫਖਰ ਨਾਲ ਆਪਣੀਆਂ ਕੋਠੀਆਂ ਤੇ ਕਾਰਾਂ ਦੇ ਮਗਰ ਵਿਦੇਸ਼ੀ ਝੰਡਿਆਂ ਦੇ ਸਟੀਕਰ ਚਿਪਕਾ ਕੇ ਆਪਣੀ ਧੋਣ ਵਿੱਚ ਐਨਆਰਆਈ ਦਾ ਕਿੱਲਾ ਫਸਾਈ ਫਿਰਦੇ ਹਾਂ।

ਆਈਲੈਟਸ ਤੇ ਸਟੱਡੀ ਵੀਜੇ ਰਾਹੀਂ ਜਿੰਨਾ ਪੈਸਾ ਕਾਰਪੋਰੇਟ ਘਰਾਣਿਆਂ ਤੇ ਬਾਹਰਲੇ ਮੁਲਕਾਂ ਦੀਆਂ ਤਿਜੋਰੀਆਂ ਵਿੱਚ ਦਿਨ-ਰਾਤ ਜਾ ਰਿਹਾ ਹੈ ਜੇਕਰ ਗੁਰੂ ਸਾਹਿਬਾਨਾਂ ਦੇ ਕਹੇ ਅਨੁਸਾਰ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਧਾਰਨੀ ਬਣੀਏ ਤਾਂ ਰੋਟੀ ਖਾਤਰ ਸੱਤ ਸਮੁੰਦਰੋਂ ਪਾਰ ਜਾਣ ਵਾਲੇ ਜਹਾਜ਼ ਵਾਲੀ ਟਿਕਟ ਦੀ ਲੋੜ ਨਹੀਂ ਹੈ ਆਪਣੇ ਘਰ-ਪਰਿਵਾਰ ਦੇ ਨਾਲ ਪੰਜਾਬ ਵਿੱਚ ਰਹਿੰਦੇ ਹੋਏ ਵੀ ਰੋਟੀ ਬਹੁਤ ਚੰਗੀ ਖਾਧੀ ਜਾ ਸਕਦੀ ਹੈ। ਰੋਟੀ ਗੀਤ ਦੀ ਵੀਡੀਓ ਅੰਦਰਲੇ ਸਮਾਜ ਸੇਵਕ ਨੇ ਤਾਂ ਰੋਟੀਆਂ ਮੰਗ-ਮੰਗ ਕੇ ਭੁੱਖੇ ਬੱਚਿਆਂ ਨੂੰ ਖਵਾ ਦਿੱਤੀਆਂ ਪਰੰਤੂ ਅਜਿਹਾ ਹਰਗਿਜ਼ ਨਾ ਵਾਪਰੇ ਇਸ ਲਈ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਰੋਟੀ ਲਈ ਹਰ ਇੱਕ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ, ਜਿਸ ਨਾਲ ਪੰਜਾਬ ਹੋਰ ਤਰੱਕੀ ਦੀਆਂ ਲੀਹਾਂ ਨੂੰ ਸਰ ਕਰਦੇ ਹੋਏ ਆਪਣੀ ਮੰਜਿਲ ਵੱਲ ਵਧ ਕੇ ਇਸਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾਉਣ ਲਈ ਆਪਣਾ ਯੋਗਦਾਨ ਪਾਵੇ ਨਾ ਕਿ ਅੱਜ ਦੇ ਮੌਜੂਦਾ ਹਾਲਾਤਾਂ ਮੁਤਾਬਿਕ ਨੌਜਵਾਨਾਂ ਦੀ ਰੋਟੀ ਲਈ ਸਿਆਸਤਦਾਨ ਆਪੋ-ਆਪਣੀਆਂ ਰੋਟੀਆਂ ਸੇਕਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।