ਪੰਜਾਬ ਦੀਆਂ ਅੱਧੀ ਦਰਜ਼ਨ ਤੋਂ ਵੱਧ ਸੀਟਾਂ ‘ਤੇ ਵੱਡੇ ਰਾਜਸੀ ਆਗੂਆਂ ਦਾ ਭਵਿੱਖ ਹੋਵੇਗਾ ਤੈਅ
ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਸੂਬੇ ਅੰਦਰ ਲੋਕ ਸਭਾ ਚੋਣਾਂ ਦੇ ਕੱਲ੍ਹ ਆਉਣ ਵਾਲੇ ਨਤੀਜਿਆਂ ਨੂੰ ਲੈ ਕੇ ਜਿੱਥੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ ਉੱਥੇ ਹੀ ਆਮ ਲੋਕਾਂ ਵਿੱਚ ਜਿੱਤ ਹਾਰ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀਆਂ ਕਿਆਸਅਰਾਈਆਂ ਦੀ ਪਰਤ ਵੀ ਅੱਜ ਲਹਿ ਜਾਵੇਗੀ। ਵੱਖ-ਵੱਖ ਪਾਰਟੀਆਂ ਦੇ ਸਮਰਥਕ ਭਾਵੇਂ ਆਪਣੇ ਉਮੀਦਵਾਰ ਦੀ ਜਿੱਤ ਦੇ ਦਾਅਵੇ ਠੋਕ ਰਹੇ ਹਨ, ਪਰ ਲੋਕਾਂ ਵੱਲੋਂ ਕਿਸ ਉਮੀਦਵਾਰ ਨੂੰ ਫ਼ਤਵਾ ਦਿੱਤਾ ਗਿਆ ਹੈ, ਇਸ ਦਾ ਸੱਚ ਅੱਜ ਈਵੀਐੱਮ ਖੁੱਲ੍ਹਣ ਤੋਂ ਬਾਅਦ ਸਾਹਮਣੇ ਆ ਜਾਵੇਗਾ। ਪੰਜਾਬ ਅੰਦਰ ਅੱਧੀ ਦਰਜ਼ਨ ਸੀਟਾਂ ਉੱਪਰ ਕਈ ਰਾਜਸੀ ਘਰਾਣਿਆਂ ਦੇ ਆਗੂਆਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ।
ਜਾਣਕਾਰੀ ਅਨੁਸਾਰ ਪੰਜਾਬ ਅੰਦਰ 19 ਮਈ ਨੂੰ ਵੋਟਾਂ ਪਈਆਂ ਸਨ ਤੇ ਪੰਜਾਬ ਦੇ 13 ਹਲਕਿਆਂ ਦੇ ਉਮੀਦਵਾਰਾਂ ਦੀ ਕਿਸਮਤ ਲੋਕਾਂ ਵੱਲੋਂ ਈਵੀਐਮ ਮਸ਼ੀਨਾਂ ਵਿੱਚ ਕੈਦ ਕਰ ਦਿੱਤੀ ਗਈ ਸੀ। ਅੱਜ ਦੇਸ਼ ਭਰ ‘ਚ ਆ ਰਹੇ ਨਤੀਜਿਆਂ ਉੱਪਰ ਆਮ ਲੋਕਾਂ ਦੀਆਂ ਨਜ਼ਰਾਂ ਬਣੀਆਂ ਹੋਈਆਂ ਹਨ ਤੇ ਲੋਕਾਂ ‘ਚ ਇਸ ਗੱਲ ਦਾ ਭਰਮ ਬਣਿਆ ਹੋਇਆ ਹੈ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਕਿਸ ਪਾਰਟੀ ਦੇ ਹਿੱਸੇ ਜਾਵੇਗੀ। ਉੁਂਜ ਭਾਵੇਂ ਐਗਜਿਟ ਪੋਲਜ਼ ਵਿੱਚ ਮੋਦੀ ਸਰਕਾਰ ਦਾ ਮੁੜ ਤੋਂ ਹੱਥ ਭਾਰੂ ਦਰਸਾਇਆ ਗਿਆ ਹੈ ਪਰ ਵਿਰੋਧੀਆਂ ਅਤੇ ਰਾਜਸੀ ਪੰਡਿਤਾਂ ਵੱਲੋਂ ਇਸ ਨੂੰ ਸਿਰੇ ਤੋਂ ਨਕਾਰਿਆ ਜਾ ਰਿਹਾ ਹੈ।
ਪੰਜਾਬ ਅੰਦਰ ਲੋਕ ਸਭਾ ਹਲਕਾ ਪਟਿਆਲਾ ‘ਤੇ ਪੰਜਾਬ ਸਮੇਤ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਕਿ ਇੱਥੋਂ ਸੰਸਦ ਦੀਆਂ ਪੌੜੀਆਂ ਕਿਹੜਾ ਉਮੀਦਵਾਰ ਚੜ੍ਹੇਗਾ। ਇੱਥੋਂ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਦਾ ਰਾਜਸੀ ਭਵਿੱਖ ਦਾਅ ‘ਤੇ ਲੱਗਿਆ ਹੋਇਆ ਹੈ ਅਤੇ ਇਨ੍ਹਾਂ ਦਾ ਮੁਕਾਬਲਾ ਪੀਡੀਏ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ, ਅਕਾਲੀ-ਭਾਜਪਾ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਤੇ ਆਪ ਉਮੀਦਵਾਰ ਨੀਨਾ ਮਿੱਤਲ ਵਿਚਕਾਰ ਹੈ, ਪਰ ਜਿਆਦਾ ਟੱਕਰ ਡਾ. ਗਾਂਧੀ ਅਤੇ ਪਰਨੀਤ ਕੌਰ ਵਿਚਕਾਰ ਹੀ ਦਿਸ ਰਹੀ ਹੈ। ਜ਼ਿਲ੍ਹਾ ਪਟਿਆਲਾ ਅੰਦਰ ਪਰਨੀਤ ਕੌਰ ਤੇ ਡਾ. ਗਾਂਧੀ ਦੀ ਜਿੱਤ ਉੱਪਰ ਸਭ ਤੋਂ ਵਧੇਰੇ ਸਿਆਸੀ ਟੇਵੇ ਲਾਏ ਜਾ ਰਹੇ ਹਨ ਕਿਉਂਕਿ ਇੱਥੋਂ ਇਸ ਵਾਰ ਗਹਿਗੱਚ ਮੁਕਾਬਲਾ ਹੋਇਆ ਹੈ।
ਇਸ ਤੋਂ ਇਲਾਵਾ ਹਲਕਾ ਬਠਿੰਡਾ ਤੋਂ ਬਾਦਲਾਂ ਦੀ ਨੂੰਹ ਬੀਬੀ ਹਰਸਿਮਰਤ ਕੌਰ ਤੇ ਕਾਂਗਰਸ ਦੇ ਧਾਕੜ ਉਮੀਦਵਾਰ ਰਾਜਾ ਵੜਿੰਗ ਵਿਚਕਾਰ ਫਸਵੀਂ ਟੱਕਰ ਬਣੀ ਹੋਈ ਹੈ। ਉਂਜ ਇਸ ਸੀਟ ਤੋਂ ਆਪ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਅਤੇ ਪੀਡੀਏ ਉਮੀਦਵਾਰ ਸੁਖਪਾਲ ਖਹਿਰਾ ਵੀ ਚੋਣ ਮੈਦਾਨ ਵਿੱਚ ਹਨ। 23 ਮਈ ਦੇ ਨਤੀਜੇ ਇੱਥੋਂ ਬਾਦਲ ਪਰਿਵਾਰ ਦੀ ਨੂੰਹ ਦਾ ਸਿਆਸੀ ਭਵਿੱਖ ਤੈਅ ਕਰਨਗੇ ਕਿਉਂਕਿ ਇਸ ਸੀਟ ਤੋਂ ਸਭ ਤੋਂ ਵੱਧ ਸੱਟਾ ਲੱਗਿਆ ਹੋਇਆ ਹੈ। ਇੱਥੋਂ ਹਰਸਿਮਰਤ ਕੌਰ ਬਾਦਲ ਦੀ ਤੀਜੀ ਵਾਰ ਹੈਟ੍ਰਿਕ ਲੱਗੇਗੀ ਜਾਂ ਨਹੀਂ, ਇਸ ਦਾ ਭੁਲੇਖਾ ਦੂਰ ਹੋ ਜਾਵੇਗਾ। ਇਸ ਦੇ ਨਾਲ ਹੀ ਫਿਰੋਜਪੁਰ ਸੀਟ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ‘ਚੋਂ ਪਲਟੀ ਖਾ ਕੇ ਕਾਂਗਰਸ ‘ਚ ਗਏ ਸ਼ੇਰ ਸਿੰਘ ਘੁਬਾਇਆ ਦਾ ਪੇਚ ਫਸਿਆ ਹੋਇਆ ਹੈ। ਇੱਥੋਂ ਦੇ ਲੋਕ ਕਿਸ ਸ਼ੇਰ ਨੂੰ ਸਵਾ ਸ਼ੇਰ ਬਣਾਉਂਦੇ ਹਨ, ਇਹ ਈਵੀਐਮ ਖੁੱਲ੍ਹਣ ਤੋਂ ਬਾਅਦ ਸਾਹਮਣੇ ਆ ਜਾਵੇਗਾ। ਇਸੇ ਤਰ੍ਹਾਂ ਹੀ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਤੇ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਦੇ ਰਾਜਸੀ ਭਵਿੱਖ ਦਾ ਵੀ ਨਿਬੇੜਾ ਹੋਵੇਗਾ ਇੱਥੋਂ ਭਗਵੰਤ ਮਾਨ ਵੱਲੋਂ ਦੋਵੇਂ ਉਮੀਦਵਾਰਾਂ ਨੂੰ ਵੱਡੀ ਟੱਕਰ ਦਿੱਤੀ ਗਈ ਹੈ।
ਫਰੀਦਕੋਟ ਸੀਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ, ਅਕਾਲੀ ਦਲ ਦੇ ਗੁਲਜਾਰ ਸਿੰਘ ਰਣੀਕੇ ਅਤੇ ਆਪ ਦੇ ਪ੍ਰੋ. ਸਾਧੂ ਸਿੰਘ ਸਿੰਘ ਵਿਚਕਾਰ ਵੀ ਫਸਵਾਂ ਮੁਕਾਬਲਾ ਹੈ। ਇੱਥੋਂ ਇਨ੍ਹਾਂ ਤਿੰਨਾਂ ਉਮੀਦਵਾਰਾਂ ਦੀ ਰਾਜਸੀ ਕਿਸਮਤ ਦਾ ਫੈਸਲਾ ਜਨਤਾ ਵੱਲੋਂ ਈਵੀਐਮ ‘ਤੇ ਦੱਬੀਆਂ ਗਈਆਂ ਉਂਗਲਾਂ ਦੇ ਕੱਲ੍ਹ ਨੂੰ ਉਜਾਗਰ ਹੋਣ ਤੋਂ ਬਾਅਦ ਬਾਹਰ ਆ ਜਾਵੇਗਾ।
ਹਲਕਾ ਗੁਰਦਾਸਪੁਰ ਤੋਂ ਫਿਲਮੀ ਹਸਤੀ ਸੰਨੀ ਦਿਓਲ ਤੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਕਿਸਮਤ ਦਾ ਫੈਸਲਾ ਵੀ 23 ਮਈ ਨੂੰ ਹੋਵੇਗਾ ਕਿ ਇੱਥੋਂ ਦੇ ਲੋਕ ਫਿਲਮੀ ਸੈਲੀਬਰੇਟੀ ਨੂੰ ਹੀ ਸੰਸਦ ਦੀਆਂ ਪੌੜੀਆਂ ਚਾੜ੍ਹਨਗੇ ਜਾਂ ਫਿਰ ਕਾਂਗਰਸ ਦੇ ਸੁਨੀਲ ਜਾਖੜ ਮੁੜ ਇਸ ਸੀਟ ਤੋਂ ਆਪਣਾ ਝੰਡਾ ਲਹਿਰਾਉਣਗੇ। ਉੁਂਜ ਇਸ ਸੀਟ ‘ਤੇ ਪਿਛਲੇ 20 ਸਾਲਾਂ ਤੋਂ ਮਹਰੂਮ ਵਿਨੋਦ ਖੰਨਾ ਭਾਜਪਾ ਵੱਲੋਂ ਸੰਸਦ ਮੈਂਬਰ ਰਹੇ ਹਨ। ਇਸ ਤੋਂ ਇਲਾਵਾ ਆਨੰਦਪੁਰ ਸੀਟ ਤੋਂ ਅਕਾਲੀ ਦਲ ਦੇ ਥੰਮ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਕਾਂਗਰਸ ਦੇ ਦਿੱਗਜ ਉਮੀਦਵਾਰ ਮਨੀਸ਼ ਤਿਵਾੜੀ ਦੀ ਸਾਖ ਦਾਅ ‘ਤੇ ਲੱਗੀ ਹੋਈ ਹੈ। ਸ੍ਰੀ ਅੰਮਿਤਸਰ ਸਾਹਿਬ ਤੋਂ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਵਿਚਕਾਰ ਲੜਾਈ ਹੈ। ਔਜਲਾ ਦੂਜੀ ਵਾਰ ਸੰਸਦ ਦੀਆਂ ਪੌੜੀਆਂ ਚੜ੍ਹਨ ਲਈ ਆਪਣੀ ਜੱਦੋਂ ਜਹਿਦ ਕਰ ਰਹੇ ਹਨ ਜੋ ਕਿ ਚੋਣ ਨਤੀਜੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਗੇ। ਖਡੂਰ ਸਾਹਿਬ ਸੀਟ ਤੋਂ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਅਤੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਅਤੇ ਪੀਡੀਏ ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਦੀ ਜਿੱਤ ਹਾਰ ਤੋਂ ਪਰਦਾ ਹਟੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।