ਸਰਕਾਰੀ ਵਰਦੀਆਂ ਦੀ ਇਮਾਨਦਾਰੀ ਦਾ ਕੱਚ-ਸੱਚ, ਲੈਬਾਰਟਰੀ ਟੈਸਟ ਕੱਢੂ ਬਾਹਰ

Laboratory, Official, Uniforms

ਸਿੱਖਿਆ ਵਿਭਾਗ ਨੇ ਸਪਲਾਈ ਲਈ ਆਈਆਂ ਵਰਦੀਆਂ ਨੂੰ ਭੇਜਿਆ ਲੈਬਾਰਟਰੀ, ਕੱਪੜੇ ਦਾ ਹੋ ਰਿਹਾ ਐ ਟੈਸਟ

ਚੰਡੀਗੜ੍ਹ, ਅਸ਼ਵਨੀ ਚਾਵਲਾ

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਵੰਡੀਆਂ ਗਈਆਂ ਵਰਦੀਆਂ ‘ਚ ਵਰਤੀ ਗਈ ਇਮਾਨਦਾਰੀ ਦਾ ਕੱਚ-ਸੱਚ ਹੁਣ ਕੋਈ ਅਧਿਕਾਰੀ ਨਹੀਂ ਸਗੋਂ ਇੱਕ ਜਾਂਚ ਲੈਬਾਰਟਰੀ ਬਾਹਰ ਕੱਢ ਕੇ ਲਿਆਵੇਗੀ ਸਿੱਖਿਆ ਵਿਭਾਗ ਵੱਲੋਂ ਸਪਲਾਈ ਹੋਈਆਂ ਸਕੂਲੀ ਵਰਦੀਆਂ ਦੇ ਕੱਪੜੇ ਅਤੇ ਹੋਰ ਮੈਟਰੀਅਲ ਦੀ ਜਾਂਚ ਲਈ ਲੈਬਾਰਟਰੀ ਨੂੰ ਸੈਂਪਲ ਭੇਜ ਦਿੱਤੇ ਹਨ ਜੇਕਰ ਰਿਪੋਰਟ ਠੀਕ ਆਈ ਤਾਂ ਵਰਦੀ ਸਪਲਾਈ ਕਰਨ ਵਾਲੀ ਫਰਮ ਨੂੰ ਪੈਸੇ ਦੀ ਅਦਾਇਗੀ ਕਰਨ ਬਾਰੇ ਰਾਹ ਖੋਲ੍ਹ ਦਿੱਤੇ ਜਾਣਗੇ, ਨਹੀਂ ਤਾਂ ਇੱਕ ਵੀ ਵਰਦੀ ਦੀ ਅਦਾਇਗੀ ਪੰਜਾਬ ਸਰਕਾਰ ਨਹੀਂ ਕਰੇਗੀ। ਲੈਬਾਰਟਰੀ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਾ ਰਹਿ ਜਾਵੇ ਜਾਂ ਫਿਰ ਕੋਈ ਹੋਰ ਚੱਕਰ ਨਾ ਚਲ ਜਾਵੇ, ਇਸ ਲਈ ਵਿਭਾਗ ਦੇ ਅਧਿਕਾਰੀਆਂ ਨੇ ਲੈਬਾਰਟਰੀ ਨੂੰ ਹੀ ਪੂਰੀ ਤਰ੍ਹਾਂ ਗੁਪਤ ਰੱਖਿਆ ਹੋਇਆ ਹੈ ਤਾਂ ਕਿ ਕੋਈ ਵੀ ਵਿਅਕਤੀ ਉਸ ਲੈਬਾਰਟਰੀ ਤੱਕ ਆਪਣੀ ਪਹੁੰਚ ਹੀ ਨਾ ਕਰ ਸਕੇ।

ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਇਸ ਵਾਰ ਦੋ ਕੰਪਨੀਆਂ ਨੂੰ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਨੂੰ ਵਰਦੀ ਸਪਲਾਈ ਕਰਨ ਦਾ ਠੇਕਾ ਦਿੱਤਾ ਗਿਆ ਸੀ ਪਰ ਵਰਦੀ ਸਪਲਾਈ ਕਰਨ ਵਾਲੀ ਫਰਮ ਵੱਲੋਂ ਹਰ ਸਕੂਲ ਵਿੱਚ ਹੀ ਵਰਦੀ ਦਾ ਸਾਈਜ਼ ਛੋਟਾ ਵੱਡਾ ਸਪਲਾਈ ਕਰ ਦਿੱਤਾ ਗਿਆ, ਜਿਸ ਕਾਰਨ ਪੰਜਾਬ ਭਰ ਵਿੱਚ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਕਾਫ਼ੀ ਜਿਆਦਾ ਬਦਨਾਮੀ ਹੋਈ ਸੀ। ਵਿਭਾਗ ਵੱਲੋਂ ਫਰਮ ਦੀ ਅਦਾਇਗੀ ਰੋਕਦੇ ਹੋਏ ਉਸ ਨੂੰ ਹਰ ਸਕੂਲ ਦੀ ਵਰਦੀ ਬਦਲ ਕੇ ਦੇਣ ਦੇ ਆਦੇਸ਼ ਦਿੱਤੇ ਹੋਏ ਹਨ ਅਤੇ ਕਾਫ਼ੀ ਥਾਂਵਾਂ ‘ਤੇ ਵਰਦੀ ਬਦਲੀ ਵੀ ਜਾ ਰਹੀਂ ਹੈ।

ਸਿੱਖਿਆ ਵਿਭਾਗ ਵਰਦੀ ਦੇ ਸਾਈਜ਼ ਵਿੱਚ ਹੋਈ ਕਿਰਕਿਰੀ ਤੋਂ ਬਾਅਦ ਹੁਣ ਮੈਟਰੀਅਲ ਦੇ ਮਾਮਲੇ ਵਿੱਚ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ ਹੈ, ਜਿਸ ਕਾਰਨ ਵਿਭਾਗ ਦੇ ਅਧਿਕਾਰੀ ਨੇ ਵਰਦੀ ਦਾ ਕਪੜਾ ਅਤੇ ਮੈਟੀਰੀਅਲ ਦੀ ਜਾਂਚ ਕਰਨ ਦੇ ਆਦੇਸ਼ ਪਿਛਲੇ ਦਿਨੀਂ ਹੀ ਜਾਰੀ ਕਰ ਦਿੱਤੇ ਸਨ ਅਤੇ ਆਉਣ ਵਾਲੇ ਹਫ਼ਤੇ ਵਿੱਚ ਇਸ ਸਬੰਧੀ ਲੈਬਾਰਟਰੀ ਰਿਪੋਰਟ ਵੀ ਤਿਆਰ ਕਰਕੇ ਵਿਭਾਗ ਦੇ ਅਧਿਕਾਰੀ ਨੂੰ ਭੇਜ ਦੇਵੇਗੀ।

ਕੱਪੜਾ ਮਾੜੀ ਕੁਆਲਿਟੀ ਦਾ ਸਾਬਤ ਹੋਇਆ ਤਾਂ ਨਹੀਂ ਹੋਵੇਗੀ ਅਦਾਇਗੀ

ਸਕੂਲਾਂ ਵਿੱਚ ਸਪਲਾਈ ਹੋਈ ਵਰਦੀ ਦਾ ਕੱਪੜਾ ਲੈਬਾਰਟਰੀ ਟੈਸਟ ਵਿੱਚ ਜੇਕਰ ਮਾੜੀ ਕੁਆਲਿਟੀ ਦਾ ਸਾਬਤ ਹੋਇਆ ਜਾਂ ਫਿਰ ਵਰਦੀ ਵਿੱਚ ਲੱਗਾ ਮੈਟੀਰੀਅਲ ਨੂੰ ਚੰਗਾ ਨਾ ਨਿਕਲਿਆ ਤਾਂ ਸਪਲਾਈ ਟੈਂਡਰ ਲੈਣ ਵਾਲੀ ਕੰਪਨੀ ਨੂੰ ਸਿੱਖਿਆ ਵਿਭਾਗ ਵੱਲੋਂ ਅਦਾਇਗੀ ਨਹੀਂ ਕੀਤੀ ਜਾਵੇਗੀ। ਸਿੱਖਿਆ ਵਿਭਾਗ ਹੁਣ ਇਸ ਮਾਮਲੇ ਵਿੱਚ ਕਾਫ਼ੀ ਜਿਆਦਾ ਸਖ਼ਤ ਹੈ ਤਾਂ ਕਿ ਵਿਭਾਗ ਦੀ ਹੁਣ ਅਗਲੇ ਦਿਨਾਂ ਵਿੱਚ ਵਰਦੀ ਕਾਰਨ ਕੋਈ ਕਿਰਕਿਰੀ ਨਾ ਹੋਵੇ। ਸਿੱਖਿਆ ਵਿਭਾਗ ਨੂੰ ਡਰ ਹੈ ਕਿ ਜੇਕਰ ਕੱਪੜੇ ਵਿੱਚ ਕੋਈ ਮੁਸ਼ਕਲ ਸਾਹਮਣੇ ਆਈ ਤਾਂ ਸਰਕਾਰ ਦੀ ਹੀ ਬਦਨਾਮੀ ਹੋਵੇਗੀ, ਇਸ ਲਈ ਵਰਦੀ ਸਪਲਾਈ ਕਰਨ ਵਾਲੀ ਫਰਮ ਨੂੰ ਪੈਸੇ ਦੀ ਅਦਾਇਗੀ ਕਰਨ ਤੋਂ ਪਹਿਲਾਂ ਇਸ ਸਬੰਧੀ ਜਾਂਚ ਕਰਦੇ ਹੋਏ ਵਿਭਾਗ ਦੇ ਅਧਿਕਾਰੀ ਸੰਤੁਸ਼ਟ ਹੋਣਾ ਚਾਹੁੰਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।