ਬਰਗਾੜੀ ਤੇ ਲੁਧਿਆਣਾ ‘ਚ ਕਾਂਗਰਸ ਪ੍ਰਧਾਨ ਨੇ ਰੈਲੀਆਂ ਨੂੰ ਕੀਤਾ ਸੰਬੋਧਨ
ਰੁਜ਼ਗਾਰ ਨੂੰ ਹੁਲਾਰਾ ਦੇਣ ਅਤੇ ਚੀਨ ਨੂੰ ਚੁਣੌਤੀ ਦੇਣ ਲਈ ਲੁਧਿਆਣਾ ਦੇ ਉਦਯੋਗ ਦੀ ਮੁੜ ਸੁਰਜੀਤੀ ਦਾ ਵਾਅਦਾ
ਲੁਧਿਆਣਾ, ਰਾਮ ਗੋਪਾਲ ਰਾਏਕੋਟੀ
ਮੁੱਲਾਂਪੁਰ ਵਿਖੇ ਅੱਜ ਹਲਕਾ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਸਮਰੱਥਨ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਅਤੇ ਬਾਕੀ ਭਾਰਤ ਨੂੰ ਬੇਇੱਜ਼ਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖੇ ਹਮਲੇ ਕੀਤੇ। ਪਿਛਲੇ 70 ਸਾਲ ਦੌਰਾਨ ਕੋਈ ਵੀ ਵਿਕਾਸ ਨਾ ਹੋਣ ਅਤੇ ਉਨ੍ਹਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ਼ ਦੇ ਜਾਗਣ ਸਬੰਧੀ ਮੋਦੀ ਦੇ ਦਾਅਵੇ ਨੂੰ ਰਾਹੁਲ ਗਾਂਧੀ ਨੇ ਬੁਰੀ ਤਰ੍ਹਾਂ ਲਤਾੜਿਆ ਓਧਰ ਬਰਗਾੜੀ ਵਿਖੇ ਵੀ ਕੀਤੀ ਗਈ ਰੈਲੀ ‘ਚ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੱਜ ਕੇ ਰਗੜੇ ਲਾਏ।
ਪ੍ਰਧਾਨ ਮੰਤਰੀ ਵੱਲੋਂ ਸਿਰਫ਼ ਉਨ੍ਹਾਂ ਦੁਆਰਾ ਹੀ ਦੇਸ਼ ਨੂੰ ਚਲਾ ਸਕਣ ਦੇ ਕੀਤੇ ਜਾ ਰਹੇ ਦਾਅਵਿਆਂ ਸਬੰਧੀ ਰਾਹੁਲ ਗਾਂਧੀ ਨੇ ਪੀਐੱਮ ਮੋਦੀ ਨੂੰ ਪੁਛਿਆ,”ਉਦੋਂ ਤੁਸੀਂ ਕਿੱਥੇ ਸੀ ਜਦੋਂ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆਂਦੀ?” ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਆਪਣੇ ਖੂਨ ਅਤੇ ਪਸੀਨੇ ਨਾਲ ਦੇਸ਼ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ, ਦੇਸ਼ ਦੇ ਵਿਕਾਸ ਲਈ ਜਾਤ, ਧਰਮ, ਭਾਈਚਾਰੇ ਦੀ ਥਾਂ ਹਰੇਕ ਭਾਰਤੀ ਨੂੰ ਆਪਣੇ ਨਾਲ ਲੈਣ ਵਿੱਚ ਵਿਸ਼ਵਾਸ ਰੱਖਦੀ ਹੈ।
ਰੁਜ਼ਗਾਰ ਉਤਪਤੀ ਅਤੇ ਕਿਸਾਨਾਂ ਦੀ ਭਲਾਈ ਕਾਂਗਰਸ ਪਾਰਟੀ ਦੀਆਂ ਮੁੱਖ ਤਰਜੀਹਾਂ ਹੋਣ ਦੀ ਗੱਲ ਦੁਹਰਾਉਂਦੇ ਹੋਏ ਰਾਹੁਲ ਗਾਂਧੀ ਨੇ ਲੁਧਿਆਣਾ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਛੋਟੇ ਅਤੇ ਦਰਮਿਆਨੇ ਵਪਾਰ ਦੀ ਮੁੜ ਸੁਰਜੀਤੀ ਕਰੇਗੀ। ਉਨ੍ਹਾਂ ਕਿਹਾ ਕਿ ‘ਮੇਡ ਇਨ ਲੁਧਿਆਣਾ’ ਤੋਂ ਬਿਨਾਂ ਭਾਰਤ, ਚੀਨ ਨੂੰ ਚੁਣੌਤੀ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ‘ਮੇਡ ਇਨ ਲੁਧਿਆਣਾ’, ‘ਮੇਕ ਇਨ ਇੰਡੀਆ’ ਦਾ ਅਨਿੱਖਵਾਂ ਹਿੱਸਾ ਹੋਵੇਗਾ। ਉਨ੍ਹਾਂ ਕਿਹਾ ਕਿ ਛੋਟੇ ਅਤੇ ਦਰਮਿਆਨੇ ਵਪਾਰ ਦੀ ਮੁੜ ਸੁਰਜੀਤੀ ਤੋਂ ਬਿਨਾਂ ਰੁਜ਼ਗਾਰ ਉਤਪਤੀ ਵਿੱਚ ਵੀ ਸਫ਼ਲਤਾ ਨਹੀਂ ਮਿਲ ਸਕਦੀ। ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਨੌਜਵਾਨਾਂ ਦੇ ਰੁਜ਼ਗਾਰ ਦਾ ਵਾਅਦਾ ਅਤੇ ਕਿਸਾਨਾਂ ਲਈ ਵੱਖਰੇ ਬਜਟ ਦਾ ਵਾਅਦਾ ਕਰਦੇ ਹੋਏ ਰਾਹੁਲ ਗਾਂਧੀ ਨੇ ‘ਨਿਆਏ’ ਦੀ ਚਰਚਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨਾ ਕੇਵਲ ਸਾਰੇ ਮੋਰਚਿਆਂ ‘ਤੇ ਅਸਫਲ ਹੋ ਚੁੱਕੀ ਹੈ ਸਗੋਂ ਇਸ ਨੇ ਮੁੱਠੀ ਭਰ ਅਮੀਰ ਉਦਯੋਗਪਤੀਆਂ ਦੀ ਮਦਦ ਲਈ ਆਮ ਲੋਕਾਂ ਦੀਆਂ ਜੇਬਾਂ ਵਿਚੋਂ ਪੈਸਾ ਚੋਰੀ ਕੀਤਾ ਹੈ। ਇਨਾਂ ਮੁੱਠੀ ਭਰ ਅਮੀਰ ਉਦਯੋਗਪਤੀਆਂ ਵਿੱਚੋਂ ਕੁਝ ਤਾਂ ਦੇਸ਼ ਛੱਡ ਕੇ ਹੀ ਭੱਜ ਗਏ ਹਨ ਜਿਨਾਂ ਨੂੰ ਕਰੋੜਾਂ ਰੁਪਏ ਦੇ ਕਰਜ਼ਈ ਹੋਣ ਦੇ ਬਾਵਜੂਦ ਜੇਲਾਂ ਵਿੱਚ ਨਹੀਂ ਤਾੜਿਆ ਗਿਆ। ਰਾਹੁਲ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਅਤੇ ਉਨਾਂ ਦੀਆਂ ਅਗਾਂਹਵਧੂ ਆਰਥਿਕ ਨੀਤੀਆਂ ਦਾ ਮਜ਼ਾਕ ਬਣਾਉਣ ਵਾਲਾ ਮੋਦੀ ਪੰਜ ਸਾਲਾਂ ਵਿੱਚ ਹੀ ਇਕ ਲਤੀਫਾ ਬਣ ਗਿਆ ਹੈ।ਉਨਾਂ ਕਿਹਾ ਕਿ ਮੋਦੀ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ ਜਿਸ ਨੂੰ ‘ਨਿਆਏ’ ਦੇ ਨਾਲ ਮੁੜ ਸੁਰਜੀਤ ਕੀਤਾ ਜਾਵੇਗਾ।
‘ਨਿਆਏ’ ਦੇ ਲਈ ਕੋਈ ਵੀ ਫੰਡ ਨਾ ਹੋਣ ਦੇ ਮੋਦੀ ਦੇ ਦਾਅਵੇ ਦੇ ਉਲਟ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਅਨਿਲ ਅੰਬਾਨੀ, ਨੀਰਵ ਮੋਦੀ, ਲਲਿਤ ਮੋਦੀ, ਵਿਜੇ ਮਾਲਿਆ, ਚੌਕਸੀ ਆਦਿ ਵਰਗੇ ਚੋਰਾਂ ਕੋਲੋਂ ਧਨ ਵਾਪਸ ਲਿਆਵੇਗੀ।
ਕੋਟਕਪੁਰਾ ਤੇ ਬਹਿਬਲ ਗੋਲੀਕਾਂਡ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ‘ਤੇ ਵਰਦਿਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬੇਅਦਬੀ ਦੇ ਮਾਮਲਿਆਂ ਅਤੇ ਬਰਗਾੜੀ ਘਟਨਾ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ।
ਕਾਂਗਰਸੀ ਪ੍ਰਧਾਨ ਨੇ ‘ਨਿੱਜੀ’ ਇੰਟਰਵਿਊ ‘ਚ ਕਿਹਾ ਕਿ ਨੋਟਬੰਦੀ ਦਾ ਮਕਸਦ ਕਾਲਾ ਧਨ ਖਤਮ ਕਰਨਾ ਨਹੀਂ ਸੀ ਸਗੋਂ ਲੁਧਿਆਣਾ ਅਤੇ ਹੋਰ ਥਾਵਾਂ ‘ਤੇ ਛੋਟੀ ਅਤੇ ਮੱਧਮ ਦਰਜੇ ਦੀ ਸਨਅਤ ਨੂੰ ਤਬਾਹ ਕਰਨਾ ਸੀ।
ਮੋਦੀ ਵੱਲੋਂ ਉਨਾਂ ਦੇ ਪਰਿਵਾਰ (ਨਹਿਰੂ-ਗਾਂਧੀ) ਉਪਰ ਨਿੱਜੀ ਹਮਲੇ ਕਰਨ ‘ਤੇ ਸਖ਼ਤ ਆਲੋਚਨਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੀ ਕਹਿ ਰਹੇ ਹਨ ਅਤੇ ਉਹ ਸਿਰਫ ਬੋਲਣ ਲਈ ਹੀ ਬੋਲ ਰਹੇ ਹਨ। ਉਨਾਂ ਕਿਹਾ,”ਮੈਂ ਪ੍ਰਧਾਨ ਮੰਤਰੀ ਦੀ ਨਫ਼ਰਤ ਦਾ ਮੁਕਾਬਲਾ ਪਿਆਰ ਨਾਲ ਕਰਾਂਗਾ ਕਿਉਂ ਜੋ ਇਹ ਸਾਡੇ ਡੀ.ਐਨ.ਏ. ਵਿੱਚ ਹੈ ਅਤੇ ਇਹ ਮੈਂ ਪੰਜਾਬ ਦੇ ਲੋਕਾਂ ਤੋਂ ਸਿੱਖਿਆ ਅਤੇ ਇਹੋ ਸੰਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ।”
ਆਪਣੇ ਸੰਬੋਧਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਉਪਰ ਇਹ ਫੈਸਲਾ ਛੱਡਦਿਆਂ ਕਿਹਾ ਕਿ ਕੀ ਉਹ ਮੌਜੂਦਾ ਪ੍ਰਧਾਨ ਮੰਤਰੀ ਚਾਹੁੰਦੇ ਹਨ ਜੋ ਅਕਾਲੀਆਂ ਵਾਲੀ ਸੋਚ ਰੱਖਦਾ ਹੈ ਅਤੇ ਲੋਕਾਂ ਦਾ ਧੁਰਵੀਕਰਨ ਕਰਕੇ ਮੁਲਕ ਦੀਆਂ ਧਰਮ ਨਿਰਪੱਖ ਕਦਰਾਂ-ਕੀਮਤਾਂ ਨੂੰ ਖੇਰੂੰ-ਖੇਰੂੰ ਕਰਨ ‘ਤੇ ਤੁਲਿਆ ਹੋਇਆ ਜਾਂ ਫਿਰ ਕੋਈ ਹੋਰ ਪ੍ਰਧਾਨ ਮੰਤਰੀ ਹੋਵੇ ਜੋ ਹਰ ਵੱਖ-ਵੱਖ ਧਰਮਾਂ ਅਤੇ ਜਾਤ ਦੇ ਲੋਕਾਂ ਦਾ ਭਾਰਤੀਆਂ ਵਜੋਂ ਸਤਿਕਾਰ ਕਰੇ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਦੀ ਸਰਕਾਰ ਵੱਲੋਂ ਸਨਅਤ ਦੀ ਸੁਰਜੀਤੀ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸਮਾਜ ਦੇ ਸਾਰੇ ਤਬਕਿਆਂ ਦਾ ਪੱਧਰ ਉਚਾ ਚੁੱਕਣ ਲਈ ਕੀਤੇ ਯਤਨਾਂ ਦਾ ਜ਼ਿਕਰ ਕਰਦਿਆਂ ਐਲਾਨ ਕੀਤਾ ਕਿ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣੇ ਤਾਂ ਉਨਾਂ ਨੂੰ ਪੰਜਾਬ ਦੀ ਸਨਅਤ ਨੂੰ ਮੁੜ ਪੈਰਾਂ-ਸਿਰ ਕਰਨ ਲਈ ਮਦਦ ਦੀ ਅਪੀਲ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਦੇ ਵਿਕਾਸ ਨੂੰ ਹੋਰ ਵੱਡਾ ਹੁਲਾਰਾ ਮਿਲੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।