ਬਾਰ੍ਹਵੀਂ ‘ਚ ਵੀ ਛਾਏ ਸਰਕਾਰੀ ਸਕੂਲ

Government, School

ਦਸਵੀਂ ਤੋਂ ਬਾਅਦ ਬਾਰ੍ਹਵੀਂ ‘ਚ ਵੀ ਪ੍ਰਾਈਵੇਟ ਸਕੂਲਾਂ ਨੂੰ ਪਛਾੜਿਆ

ਪਿਛਲੇ ਸਾਲ ਨਾਲੋਂ ਸਰਕਾਰੀ ਸਕੂਲਾਂ ਵਿੱਚ ਵੱਡਾ ਸੁਧਾਰ, 20 ਫੀਸਦੀ ਜ਼ਿਆਦਾ ਆਇਆ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ ਨਤੀਜਾ : ਤਿੰਨ ਖਿਡਾਰਨਾਂ ਨੇ ਲਏ 100 ਫੀਸਦੀ ਅੰਕ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੰਜਾਬ ਦੇ ਸਰਕਾਰੀ ਸਕੂਲਾਂ ਨੇ ਇੱਕ ਵਾਰ ਫਿਰ ਤੋਂ ਬਾਜ਼ੀ ਮਾਰਦੇ ਹੋਏ ਪ੍ਰਾਈਵੇਟ ਸਕੂਲਾਂ ਨੂੰ ਪਛਾੜ ਦਿੱਤਾ ਹੈ। 10ਵੀ ਦੇ ਨਤੀਜਿਆਂ ਵਿੱਚ ਵੱਡੀ ਸਫ਼ਲਤਾ ਹਾਸਲ ਕਰਨ ਵਾਲੇ ਸਰਕਾਰੀ ਸਕੂਲ 12ਵੀ ਦੇ ਨਤੀਜਿਆਂ ਵਿੱਚ ਵੀ ਦੋ ਕਦਮ ਅੱਗੇ ਨਿਕਲਦੇ ਹੋਏ ਚੰਗੇ ਨਤੀਜੇ ਲੈ ਕੇ ਆਏ ਹਨ। ਸਰਕਾਰੀ ਸਕੂਲਾਂ ਨੇ ਇਸ ਸਾਲ 88 ਫੀਸਦੀ ਨਤੀਜਾ ਹਾਸਲ ਕੀਤਾ ਹੈ, ਜਦੋਂ ਕਿ ਪਿਛਲੇ ਇਹ ਨਤੀਜੇ ਸਿਰਫ਼ 68.24 ਫੀਸਦੀ ਹੀ ਸਨ। ਪਿਛਲੇ ਸਾਲ ਸਿੱਖਿਆ ਵਿਭਾਗ ਦੀ ਹੋਈ ਕਿਰਕਿਰੀ ਤੋਂ ਬਾਅਦ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਕਦਰ ਮਿਹਨਤ ਕੀਤੀ ਹੈ ਕਿ ਇਸ ਸਾਲ ਨਤੀਜੇ ਹਰ ਕਿਸੇ ਨੂੰ ਹੈਰਾਨ ਕਰ ਰਹੇ ਹਨ।
ਪਿਛਲੇ ਕੁਝ ਸਾਲਾਂ ਤੋਂ ਖਰਾਬ ਪ੍ਰਦਰਸ਼ਨ ਕਰ ਰਹੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਇਸ ਵਾਰ ਕਾਫ਼ੀ ਜਿਆਦਾ ਮਿਹਨਤ ਕੀਤੀ ਹੈ, ਜਿਸ ਕਾਰਨ ਇਸ ਸਾਲ ਨਤੀਜੇ ਕਾਫ਼ੀ ਜਿਆਦਾ ਚੰਗੇ ਆਏ ਹਨ।

ਪੰਜਾਬ ਭਰ ਵਿੱਚ ਸਰਕਾਰੀ ਸਕੂਲਾਂ ਨੇ ਜਿਥੇ ਪ੍ਰਾਈਵੇਟ ਸਕੂਲਾਂ ਨੂੰ ਪਛਾੜ ਦਿੱਤਾ ਹੈ ਤਾਂ ਮੈਰਿਟ ਦੇ ਮਾਮਲੇ ਵਿੱਚ ਵੀ ਸਰਕਾਰੀ ਸਕੂਲਾਂ ਵੱਡੇ ਪੱਧਰ ‘ਤੇ ਸੁਧਾਰ ਕਰਦੇ ਹੋਏ ਮੈਰਿਟ ਵਿੱਚ ਚੰਗੀ ਥਾਂ ਹਾਸਲ ਕੀਤੀ ਹੈ। 10ਵੀ ਤੋਂ ਬਾਅਦ 12ਵੀ ਵਿੱਚ ਵੀ ਚੰਗੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਭਰ ਦੇ ਅਧਿਆਪਕਾਂ ਨੂੰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਸ਼ਾਬਾਸ਼ੀ ਦਿੰਦੇ ਹੋਏ ਥੱਕ ਨਹੀਂ ਰਹੇ । ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵੀ ਨਤੀਜੇ ਆਉਣ ਤੋਂ ਬਾਅਦ ਪੰਜਾਬ ਭਰ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪਿੱਠ ਥਾਪੜੀ ਅਤੇ ਅੱਗੇ ਹੋਰ ਜਿਆਦਾ ਮਿਹਨਤ ਕਰਨ ਲਈ ਵੀ ਕਿਹਾ। ਪੰਜਾਬ ਦੇ ਸਰਕਾਰੀ ਸਕੂਲਾਂ ਦੇ 88.14 ਫੀਸਦੀ ਵਿਦਿਆਰਥੀਆਂ ਨੇ ਇਸ ਸਾਲ ਬਾਰਵੀਂ ਦੀ ਪ੍ਰੀਖਿਆ ਪਾਸ ਕਰਦੇ ਹੋਏ ਰਿਕਾਰਡ ਕਾਇਮ ਕੀਤਾ ਹੈ ਤਾਂ ਪ੍ਰਾਈਵੇਟ ਸਕੂਲ ਇਸ ਮਾਮਲੇ ਵਿੱਚ ਸਰਕਾਰੀ ਸਕੂਲਾਂ ਤੋਂ ਪਿੱਛੇ ਰਹਿ ਗਏ ਹਨ। ਪ੍ਰਾਈਵੇਟ ਸਕੂਲਾਂ ਦੀ ਪਾਸ ਫ਼ੀਸਦੀ ਦਰ 85.35 ਤੱਕ ਹੀ ਸੀਮਤ ਰਹਿ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਲਗਾਤਾਰ ਕਈ ਸਾਲਾ ਤੋਂ ਪ੍ਰਾਈਵੇਟ ਸਕੂਲ ਹੀ ਪਾਸ ਫ਼ੀਸਦੀ ਦਰ ਵਿੱਚ ਅੱਗੇ ਰਹਿੰਦੇ ਆਏ ਹਨ

ਪੰਜਾਬ ਦੇ ਸਰਕਾਰੀ ਸਕੂਲਾਂ ਨੇ ਪਿਛਲੇ ਸਾਲ 68.24 ਫੀਸਦੀ ਪਾਸ ਦਰ ਨਾਲ ਹੀ ਕੰਮ ਚਲਾਇਆ ਸੀ, ਜਦੋਂ ਕਿ ਪ੍ਰਾਈਵੇਟ ਸਕੂਲ ਪਿਛਲੇ ਸਾਲ 72.66 ਫੀਸਦੀ ਨਾਲ ਚੰਗਾ ਪ੍ਰਦਰਸ਼ਨ ਕਰ ਰਹੇ ਸਨ। ਪਿਛਲੇ 3 ਸਾਲਾ ਦੌਰਾਨ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਬਾਰਵੀਂ ਜਮਾਤ ਦੇ ਨਤੀਜੇ ਵੀ ਕੋਈ ਜਿਆਦਾ ਚੰਗੇ ਨਹੀਂ ਆ ਰਹੇ ਹਨ। ਪਿਛਲੇ 3 ਸਾਲਾ ਦੌਰਾਨ 2016 ਵਿੱਚ 77.59, ਸਾਲ 2017 ਵਿੱਚ 61.90 ਅਤੇ ਸਾਲ 2018 ਵਿੱਚ 68.24 ਫੀਸਦੀ ਦਰ ਨਾਲ ਹੀ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪਾਸ ਹੋਏ ਸਨ ਪਰ ਇਸ ਸਾਲ ਸਰਕਾਰੀ ਸਕੂਲਾਂ ਦੇ ਨਤੀਜੇ ਕਾਫ਼ੀ ਜਿਆਦਾ ਚੰਗੇ ਆਉਣ ਦੇ ਕਾਰਨ ਪਾਸ ਫ਼ੀਸਦੀ ਦਰ 88.14 ਤੱਕ ਪੁੱਜ ਗਈ ਹੈ। ਜਿਸ ਵਿੱਚ ਸਰਕਾਰੀ ਸਕੂਲਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ।

ਸਾਂਝੇ ਤੌਰ ‘ਤੇ ਪਹਿਲੇ ਸਥਾਨ ‘ਤੇ ਰਹੇ 6 ਵਿਦਿਆਰਥੀ

ਪਹਿਲਾ ਸਥਾਨ                                                           ਪਹਿਲਾ ਸਥਾਨ (ਖੇਡ ਕੋਟਾ)

ਨਾਂਅ                     ਅੰਕ                                       ਨਾਂਅ              ਅੰਕ

ਸਰਵਜੋਤ ਸਿੰਘ    445/450                              ਨਵੀਦਪ ਕੌਰ   450/450
ਅਮਨ                 445/450                              ਖੁਸ਼ਦੀਪ ਕੌਰ   450/450
ਮੁਸਕਾਨ ਸੋਨੀ       445/450                             ਰਵਜੀਤ ਕੌਰ   450/450

ਦੂਜਾ ਸਥਾਨ                                                                    ਦੂਜਾ ਸਥਾਨ

ਲਵਲੀਨ ਵਰਮਾ    444/450                          ਲਵਪ੍ਰੀਤ ਕੌਰ    448/450

ਤੀਜਾ ਸਥਾਨ                                                                ਤੀਜਾ ਸਥਾਨ

ਮੁਸਕਾਨ              443/450                         ਅਮਨਪ੍ਰੀਤ ਕੌਰ     445/450

ਨਾਜ਼ੀਆ ਕੰਬੋਜ਼      443/450                        ਹਰਮਨਪ੍ਰੀਤ ਕੌਰ   445/450

ਸਿੱਖਿਆ ਸਕੱਤਰ ਨਾਲ ਸਿੱਧੀ ਗੱਲਬਾਤ

ਸੁਆਲ : ਦਸਵੀਂ ਤੋਂ ਬਾਅਦ ਬਾਰ੍ਹਵੀਂ ਦੇ ਨਤੀਜੇ ਵੀ ਸ਼ਾਨਦਾਰ ਆਏ ਹਨ, ਕਿਵੇਂ ਹੋਇਆ ਇਹ ?

ਜੁਆਬ : ਪੰਜਾਬ ‘ਚ ਅਧਿਆਪਕ ਪਿਛਲੇ ਇੱਕ ਸਾਲ ਤੋਂ ਹੀ ਮਿਹਨਤ ਕਰਨ ‘ਚ ਲੱਗੇ ਹੋਏ ਸਨ। ਅਧਿਆਪਕਾਂ ਨੇ ਆਪਣੇ ਨਿੱਜੀ ਸਮਾਗਮਾਂ ਨੂੰ ਵੀ ਛੱਡਦੇ ਹੋਏ ਦਿਨ-ਰਾਤ ਇੱਕ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ।

ਸੁਆਲ : ਸਰਕਾਰੀ ਸਕੂਲਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੁਹਾਡੀ ਉਮੀਦ ਅਨੁਸਾਰ ਹੀ ਆਇਆ ਹੈ ਜਾਂ ਨਹੀਂ?

ਜਵਾਬ : ਉਮੀਦ ਸੀ ਕਿ ਚੰਗਾ ਨਤੀਜਾ ਆਵੇਗਾ ਪਰ ਇੰਨਾ ਜਿਆਦਾ ਚੰਗਾ ਆਵੇਗਾ, ਇਸ ਦੀ ਉਮੀਦ ਨਹੀਂ ਸੀ। ਇਹ ਸਾਰਾ ਕੁਝ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਹੋਇਆ ਹੈ।

ਸੁਆਲ : ਅਧਿਆਪਕਾਂ ਨੇ ਇੱਕ ਵਾਰ ਫਿਰ ਵਿਭਾਗ ਨੂੰ ਫ਼ਖ਼ਰ ਮਹਿਸੂਸ ਕਰਵਾਇਆ ਹੈ, ਵਿਭਾਗ ਉਨ੍ਹਾਂ ਲਈ ਕੁਝ ਕਰੇਗਾ?

ਜੁਆਬ : ਸਿੱਖਿਆ ਵਿਭਾਗ ਹਮੇਸ਼ਾ ਹੀ ਸ਼ਾਨਦਾਰ ਨਤੀਜੇ ਲੈ ਕੇ ਆਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਦਾ ਆਇਆ ਹੈ ਤੇ ਇਸ ਵਾਰ ਤਾਂ ਸਾਰੇ ਹੀ ਅਧਿਆਪਕਾਂ ਨੇ ਚੰਗਾ ਕੰਮ ਕੀਤਾ ਹੈ। ਇਸ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਵੱਡਾ ਪ੍ਰੋਗਰਾਮ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿੱਥੇ ਸਾਰੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।