ਨਰਿੰਦਰ ਮੋਦੀ ਦੀ ਤਲਖ਼ੀ

NarendraModi

ਲੋਕ ਸਭਾ ਚੋਣਾਂ ਦੇ ਬੁਖਾਰ ‘ਚ ਬਿਆਨਬਾਜ਼ੀ ‘ਚ ਤੇਜ਼ੀ ਤਾਂ ਚੱਲ ਸਕਦੀ ਹੈ ਪਰ ਇਸ ਮਾਮਲੇ ‘ਚ ਬਹੁਤ ਹੇਠਾਂ ਜਾਣਾ ਵੀ ਸਹੀ ਨਹੀਂ ਹੈ ਉਂਜ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਦੋਵੇਂ ਆਗੂ ਹੀ ਇੱਕ-ਦੂਜੇ ਖਿਲਾਫ਼ ਤਾਬੜਤੋੜ ਸ਼ਬਦੀ ਹਮਲੇ ਕਰ ਰਹੇ ਹਨ ਪਰ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੇ ਮਰਹੂਮ ਪ੍ਰਧਾਨ ਮੰਤਰੀ ਤੇ ਕਾਂਗਰਸੀ ਆਗੂ ਰਾਜੀਵ ਗਾਂਧੀ ਖਿਲਾਫ਼ ਬਿਆਨ ਦਿੱਤੇ ਹਨ ਉਹ ਸਿਆਸੀ ਮਰਿਆਦਾ ਦੇ ਘੇਰੇ ‘ਚ ਨਹੀਂ ਆਉਂਦੇ ਮੋਦੀ ਨੇ ਰਾਜੀਵ ਗਾਂਧੀ ‘ਤੇ ਕੁਝ ਸਨਸਨੀਖੇਜ਼ ਬਿਆਨ ਦੇ ਕੇ ਅਜਿਹੇ ਦੋਸ਼ ਲਾਏ ਹਨ ਜਿਨ੍ਹਾਂ ਬਾਰੇ, ਪਿਛਲੇ 30 ਸਾਲਾਂ ‘ਚ ਨਾ ਤਾਂ ਨਰਿੰਦਰ ਮੋਦੀ ਤੇ ਨਾ ਹੀ ਉਹਨਾਂ ਦੀ ਪਾਰਟੀ ਨੇ ਕਦੇ  ਕੋਈ ਅਜਿਹਾ ਜਿਕਰ ਕੀਤਾ ਸੀ ਨਰਿੰਦਰ ਮੋਦੀ ਨੇ ਰਾਜੀਵ ਗਾਂਧੀ ਨੂੰ ਭ੍ਰਿਸ਼ਟਾਚਾਰੀ ਨੰਬਰ-1 ਕਰਾਰ ਦਿੱਤਾ ਇਸੇ ਤਰ੍ਹਾਂ ਉਹਨਾਂ ਰਾਜੀਵ ਗਾਂਧੀ ‘ਤੇ  ਉਹਨਾਂ ਦੇ ਪ੍ਰਧਾਨ ਮੰਤਰੀ ਕਾਰਜਕਾਲ ‘ਚ ਭਾਰਤੀ ਫੌਜ ਦੇ ਜੰਗੀ ਬੇੜੇ ‘ਚ ਛੁੱਟੀਆਂ ਮਨਾਉਣ ਦਾ ਦੋਸ਼ ਲਾਇਆ ਹੈ ਦਰਅਸਲ ਚੋਣ ਪ੍ਰਚਾਰ ‘ਚ ਇਸ ਨੂੰ ਦੂਸ਼ਣਬਾਜ਼ੀ ਦੀ ਸਿਖਰ ਕਹਿ ਲਈਏ ਤਾਂ ਠੀਕ ਹੀ ਹੋਵੇਗਾ ।

ਨਿਰਾਸ਼ਾ ਵਾਲੀ ਗੱਲ ਇਹ ਹੈ ਕਿ ਇਹ ਨੀਵੇਂ ਪੱਧਰ ਦੀ ਬਿਆਨਬਾਜ਼ੀ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬੈਠਾ ਆਗੂ ਕਰ ਰਿਹਾ ਹੈ ਬਿਨਾਂ ਸ਼ੱਕ ਚੋਣਾਂ ਲਈ ਵਿਰੋਧੀਆਂ ‘ਤੇ ਵਾਰ ਕੀਤੇ ਜਾਂਦੇ ਹਨ ਪਰ ਬਿਨਾਂ ਕਿਸੇ ਸਬੂਤ ਤੇ ਤੱਥਾਂ ਦੇ ਜੋ ਗੱਲਾਂ ਕਹੀਆਂ ਜਾਂਦੀਆਂ ਹਨ ਉਹ ਸਨਸਨੀ ਪੈਦਾ ਕਰਦੀਆਂ ਹਨ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਹਨਾਂ ਦੀ ਪਾਰਟੀ ਕੋਲ ਅਜਿਹੀ ਕੋਈ ਜਾਣਕਾਰੀ ਸੀ ਤਾਂ ਉਸ ਨੂੰ ਏਨੇ ਸਾਲ ਲੁਕੋਣ ਦਾ ਮਨੋਰਥ ਵੀ ਸਮਝ ਨਹੀਂ ਆਉਂਦਾ ਦਰਅਸਲ ਕਿਸੇ ਪ੍ਰਧਾਨ ਮੰਤਰੀ ਦਾ ਫੌਜ ਨਾਲ ਸਬੰਧਿਤ ਜਹਾਜ਼ਾਂ ‘ਤੇ ਜਾਣ ਦਾ ਕੀ ਮਕਸਦ ਹੈ ਇਸ ਬਾਰੇ ਸਬੰਧਤ ਅਧਿਕਾਰੀਆਂ ਕੋਲ ਰਿਕਾਰਡ ਮੌਜ਼ੂਦ ਹੁੰਦਾ ਹੈ ਉਂਜ ਵੀ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਜਹਾਜ਼ਾਂ ਦੇ ਨਿਰੀਖਣ ਲਈ ਅਕਸਰ ਹੀ ਜਾਂਦੇ ਰਹੇ ਹਨ ਡਾ. ਅਬਦੁਲ ਕਲਾਮ ਨੇ ਆਪਣੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਫਾਈਟਰ ਜਹਾਜ਼ ਦਾ ਨਿਰੀਖਣ ਕੀਤਾ।

ਸੀ ਦੁੱਖ ਵਾਲੀ ਗੱਲ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ‘ਚ ਚੋਣਾਂ ਵੇਲੇ ਬਿਆਨਬਾਜ਼ੀ ਦਾ ਪੱਧਰ ਬਹੁਤ ਡਿੱਗ ਚੁੱਕਾ ਹੈ ਖਾਸ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣਾਂ ‘ਚ ਵਿਕਾਸ ਨਾਲ ਸਬੰਧਤ ਮੁੱਦਿਆਂ ਦੀ ਗੱਲ ਦੀ ਬਜਾਇ ਨਹਿਰੂ, ਗਾਂਧੀ ਪਰਿਵਾਰ ‘ਤੇ ਹਮਲਿਆਂ ‘ਤੇ ਜਿਆਦਾ ਜ਼ੋਰ ਦੇ ਰਹੇ ਹਨ ਬਿਨਾਂ ਸ਼ੱਕ ਆਪਣੀ ਪਾਰਟੀ ਲਈ ਮੋਦੀ ਪ੍ਰਚਾਰ ਕਰ ਸਕਦੇ ਹਨ ਪਰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਵੀ ਆਪਣਾ ਮਹੱਤਵ ਹੈ ਜਿਸ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਹੈ ਪ੍ਰਧਾਨ ਮੰਤਰੀ ਦੇ ਭਾਸ਼ਣ ‘ਚ ਕਾਂਗਰਸ ਪ੍ਰਤੀ ਹੋ ਰਹੀ ਤਿੱਖੀ ਸੁਰ ਇਸ ਗੱਲ ਦਾ ਵੀ ਸੰਕੇਤ ਦਿੰਦੀ ਹੈ ਕਿ ਭਾਜਪਾ ਨੂੰ ਵਿਰੋਧੀਆਂ ਤੋਂ ਤਕੜੀ ਚੁਣੌਤੀ ਮਿਲ ਰਹੀ ਹੈ ਫ਼ਿਰ ਵੀ ਇਹ ਗੱਲ ਸਮਝਣ ਵਾਲੀ ਹੈ ਕਿ ਵਿਰੋਧੀਆਂ ਨੂੰ ਸਿਰਫ਼ ਕੋਸਣਾ ਹੀ ਚੋਣ ਪ੍ਰਚਾਰ ਜਾਂ ਸਿਆਸੀ ਕਾਮਯਾਬੀ ਦੀ ਲਾਜ਼ਮੀ ਸ਼ਰਤ ਨਹੀਂ ਹੈ।