ਖੇਤਾਂ ‘ਚ ਲੱਗੀ ਅੱਗ ਨੇ ਪਿੰਡ ਨਾਈਵਾਲਾ ਨੂੰ ਪਾਇਆ ਘੇਰਾ
ਬਰਨਾਲਾ, ਜਸਵੀਰ ਸਿੰਘ/ ਰਾਜਿੰਦਰ ਸ਼ਰਮਾ। ਰਾਏਸਰ ਤੇ ਠੀਕਰੀਵਾਲਾ ਦੇ ਖੇਤਾਂ ‘ਚ ਲਗਾਈ ਅੱਗ ਨੇ ਤੇਜ਼ ਹਵਾਵਾਂ ਕਾਰਨ ਵਿਕਰਾਲ ਰੂਪ ਧਾਰਦਿਆਂ ਨਾਈਵਾਲਾ ਪਿੰਡ ਨੂੰ ਆਪਣੇ ਘੇਰੇ ਵਿੱਚ ਲਿਆ ਹੈ ।ਅੱਗ ਨੇ ਪਿੰਡ ਦੇ ਗੁਹਾਰੇ ਸਾੜ ਕੇ ਸੁਆਹ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਦੇਰ ਸ਼ਾਮ ਰਾਏਸਰ ਠੀਕਰੀਵਾਲਾ ਦੇ ਖੇਤਾਂ ਵਿੱਚ ਕੁੱਝ ਕਿਸਾਨਾਂ ਨੇ ਕਣਕ ਦੇ ਬਚਦੇ ਨਾੜ ਨੂੰ ਅੱਗ ਲਗਾਈ ਹੋਈ ਸੀ ਜੋ ਦੇਰ ਸ਼ਾਮ ਤੇਜ ਹਵਾਵਾਂ ਚੱਲਣ ਸਦਕਾ ਵਿਕਰਾਲ ਰੂਪ ਧਾਰਦੀ ਹੋਈ ਪਿੰਡ ਨਾਈਵਾਲਾ ਤੱਕ ਪਹੁੰਚ ਗਈ ਤੇ ਪਿੰਡ ਨੂੰ ਆਪਣੇ ਘੇਰੇ ਵਿੱਚ ਲੈ ਲਿਆ। ਅੱਗ ਇੰਨੀ ਭਿਆਨਕ ਸੀ ਕਿ ਅੱਗ ਨੇ ਪਿੰਡ ਦੇ ਬਾਹਰ-ਬਾਹਰ ਘਰਾਂ ਦੇ ਨਜ਼ਦੀਕ ਸੁਆਣੀਆਂ ਵੱਲੋਂ ਲਗਾਏ ਗੁਹਾਰਿਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਸਦਕਾ ਵੱਡੀ ਗਿਣਤੀ ਵਿੱਚ ਪਾਥੀਆਂ ਵਾਲੇ ਗੁਹਾਰੇ ਰਾਖ ਹੋ ਗਏ। ਇਸ ਅੱਗ ਨਾਲ ਮਾਹੌਲ ਇੰਨਾਂ ਭਿਆਨਕ ਬਣ ਗਿਆ ਕਿ ਅਸਮਾਨ ਪੂਰੀ ਤਰ੍ਹਾਂ ਲਾਲ ਹੋ ਗਿਆ ਜਿਸ ਸਦਕਾ ਇਲਾਕਾ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਪਿੰਡ ਨਾਈਵਾਲਾ ਦੇ ਸਰਪੰਚ ਜਤਿੰਦਰ ਸਿੰਘ ਨਾਲ ਸੰਪਰਕ ਕਰਨ ‘ਤੇ ਉਹਨਾਂ ਦੱਸਿਆ ਕਿ ਦੇਰ ਸ਼ਾਮ ਲਗਾਈ ਅੱਗ ਸਦਕਾ ਪਿੰਡ ਨਾਈਵਾਲਾ ਇਸ ਸਮੇਂ ਅੱਗ ਵਿੱਚ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ ਜਿਸ ਕਾਰਨ ਕਿਸੇ ਵੀ ਸਮੇਂ ਕੋਈ ਵੀ ਘਟਨਾ ਵਾਪਰਨ ਦਾ ਡਰ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਫਿਲਹਾਲ ਅਜੇ ਤੱਕ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਪਰ ਖੇਤਾਂ ਵਿਚਲੇ ਘਰਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉਹਨਾਂ ਮੰਗ ਕੀਤੀ ਕਿ ਦੇਰ ਸ਼ਾਮ ਖੇਤਾਂ ਵਿੱਚ ਅੱਗ ਲਗਾਉਣ ਵਾਲਿਆਂ ‘ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉੱਧਰ ਖਬਰ ਲਿਖੇ ਜਾਣ ਤੱਕ ਪਤਾ ਲੱਗਿਆ ਹੈ ਕਿ ਅੱਗ ਪਿੰਡ ‘ਚ ਦਾਖਲ ਹੋਣ ਤੋਂ ਬਾਅਦ ਪਿੰਡ ਰਾਏਸਰ ਵੱਲ ਨੂੰ ਵਧ ਰਹੀ ਹੈ ਇਸ ਦੌਰਾਨ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਤੇ ਪਿੰਡ ਵਾਸੀ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।