ਸੁਖਰਾਜ ਚਹਿਲ
ਹੁਣ ਲੋਕ ਸਭਾ ਚੋਣਾਂ ਦਾ ਸਮਾਂ ਚੱਲ ਰਿਹਾ ਹੈ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਸਭ ਸਿਆਸੀ ਪਾਰਟੀਆਂ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਜੋ ਪਾਰਟੀਆਂ ਸੱਤਾ ‘ਤੇ ਕਾਬਜ਼ ਹਨ ਉਹ ਤੇਜ਼ੀ ਨਾਲ ਵਿਕਾਸ ਦੇ ਨਾਂਅ ‘ਤੇ ਵੋਟਾਂ ਮੰਗ ਰਹੀਆਂ ਹਨ। ਇਸ ਤੋਂ ਇਲਾਵਾ ਲੀਡਰਾਂ ਦੇ ਦਲ ਬਦਲਣ ਦਾ ਰੁਝਾਨ ਵੀ ਨਿਰਵਿਘਨ ਜਾਰੀ ਹੈ। ਸਿਆਸਤ ਵਿਚ ਚੰਗੀ ਪਹੁੰਚ ਰੱਖਣ ਵਾਲੇ ਕੁੱਝ ਨੇਤਾ ਆਪਣੇ ਨਿੱਜੀ ਫਾਇਦਿਆਂ ਲਈ ਲੋਕਾਂ ਨੂੰ ਮੂਰਖ ਬਣਾ ਕੇ ਨਵੀਆਂ ਪਾਰਟੀਆਂ ਵਿਚ ਜਾ ਰਹੇ ਹਨ। ਹੁਣ ਸਿਆਸਤ ਵੀ ਪੂਰੀ ਭਖੀ ਹੋਈ ਦਿਖਾਈ ਦੇ ਰਹੀ ਹੈ। ਇੱਕ-ਦੂਜੇ ‘ਤੇ ਹੋ ਰਹੀ ਸਿਆਸੀ ਦੂਸ਼ਣਬਾਜੀ ਵੀ ਆਮ ਹੀ ਸੁਣਨ ਨੂੰ ਮਿਲ ਰਹੀ ਹੈ।
ਚੋਣ ਜਿੱਤਣ ਲਈ ਰਵਾਇਤੀ ਪਾਰਟੀਆਂ ਜੋੜ-ਤੋੜ ਕਰਨ ‘ਚ ਰੁੱਝੀਆਂ ਹੋਈਆਂ ਹਨ। ਹਰ ਵਾਰ ਹੀ ਨਸ਼ਿਆਂ ਨੂੰ ਚੋਣਾਂ ਜਿੱਤਣ ਲਈ ਇੱਕ ਅਹਿਮ ਹਥਿਆਰ ਦੇ ਤੌਰ ‘ਤੇ ਵਰਤਿਆ ਜਾਂਦਾ ਹੈ। ਭਾਵੇਂ ਕੁਝ ਮਹੀਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਵਿਚ ਪੂਰੀ ਸਿਆਸਤ ਭਖੀ ਸੀ। ਹਰ ਰੋਜ਼ ਮਾਰੂ ਨਸ਼ਿਆਂ ਕਾਰਨ ਮਰਦੇ ਨੌਜਵਾਨਾਂ ਦੀਆਂ ਲਾਸ਼ਾਂ ‘ਤੇ ਕੀਤੀ ਗਈ ਕੋਝੀ ਰਾਜਨੀਤੀ ਅੱਜ ਸਭ ਭੁੱਲੇ ਹੋਏ ਨਜ਼ਰੀਂ ਪੈ ਰਹੇ ਹਨ। ਪੰਜਾਬ ਦੀ ਸੱਤਾ ‘ਤੇ ਕਾਬਜ਼ ਕਾਂਗਰਸ ਸਰਕਾਰ ਵੱਲੋਂ ਚੋਣਾਂ ਜਿੱਤਣ ਤੋਂ ਪਹਿਲਾਂ ਚਾਰ ਹਫ਼ਤਿਆਂ ‘ਚ ਨਸ਼ੇ ਖ਼ਤਮ ਕਰਨ ਦੇ ਕੀਤੇ ਵਾਅਦੇ ਦੇ ਨਾਂਅ ‘ਤੇ ਕਈ ਥਾਵਾਂ ‘ਤੇ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਖਿਲਾਫ਼ ਵਿਰੋਧੀ ਧਿਰ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤੇ ਗਏ। ਇੱਕ-ਦੂਜੇ ‘ਤੇ ਤਿੱਖੀ ਬਿਆਨਬਾਜ਼ੀ ਵੀ ਹੋਈ। ਵੈਸੇ ਡਰੱਗ ਦੀ ਤਸਕਰੀ ਪੰਜਾਬ ਲਈ ਬਹੁਤ ਖ਼ਤਰਨਾਕ ਹੈ ਕਿਉਂਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਨੇ ਆਪਣੀ ਲਪੇਟ ਵਿਚ ਲਈ ਹੋਈ ਹੈ। ਕਿਸੇ ਸਮੇਂ ਭਰਵੇਂ ਜੁੱਸੇ ਵਾਲੇ ਗੱਭਰੂ ਪੰਜਾਬ ਦੀ ਫ਼ਿਜ਼ਾ ਅੰਦਰ ਮਸ਼ਹੂਰ ਹੁੰਦੇ ਸਨ। ਪਰ ਦੁੱਖ ਦੀ ਗੱਲ ਕਿ ਹੁਣ ਪਿੰਡਾਂ ਦੀਆਂ ਸੱਥਾਂ ਵਿਚ ਪੁਰਾਣੇ ਬਜ਼ੁਰਗਾਂ ਤੋਂ ਪੁਰਾਣੀ ਜਵਾਨੀ ਦੀਆਂ ਗੱਲਾਂ ਕੇਵਲ ਸੁਣਨ ਨੂੰ ਹੀ ਮਿਲਦੀਆਂ ਹਨ। ਹੁਣ ਨੌਜਵਾਨੀ ਸਰੀਰਕ ਪੱਖੋਂ ਵੇਖਣ ਨੂੰ ਤਾਂ ਭਾਵੇਂ ਠੀਕ ਲੱਗਦੀ ਹੈ ਪਰ ਅੰਦਰੋਂ ਨਸ਼ਿਆਂ ਦੇ ਖੋਖਲੇ ਕੀਤੇ ਨੌਜਵਾਨ ਫ਼ੌਜ ਦੀ ਭਰਤੀ ਵਿਚ ਵੀ ਕਿਤੇ ਫਿੱਟ ਨਹੀਂ ਆਉਂਦੇ। ਪੰਜਾਬ ਵਿਚ ਵਧ ਰਹੇ ਨਸ਼ਿਆਂ ਦੇ ਰੁਝਾਨ ਕਾਰਨ ਕਾਫ਼ੀ ਸਮਾਂ ਪਹਿਲਾਂ ਦੇਸ਼ ਦੇ ਇੱਕ ਵੱਡੇ ਨੇਤਾ ਨੇ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਨੂੰ ਨਸ਼ਿਆਂ ਦੀ ਧਰਤੀ ਵੀ ਕਿਹਾ। ਜਦੋਂ ਪਿੱਛੇ ਜਿਹੇ ਡਰੱਗਜ਼ ਮਾਮਲੇ ਨੂੰ ਲੈ ਕੇ ਜੋ ਸਿਆਸਤ ਭਖੀ ਸੀ ਤਾਂ ਭੁਲੇਖਾ ਪੈਂਦਾ ਸੀ ਕਿ ਸ਼ਾਇਦ ਪੰਜਾਬ ਦੀ ਫ਼ਿਜ਼ਾ ਨਸ਼ਿਆਂ ਤੋਂ ਮੁਕਤ ਹੋ ਜਾਵੇ ਪਰ ਇਹ ਸਭ ਗੱਲਾਂ ਵੱਖ-ਵੱਖ ਤਰ੍ਹਾਂ ਦੀਆਂ ਆਉਂਦੀਆਂ ਚੋਣਾਂ ਵਿਚ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ। ਨਸ਼ਾ ਮੁਕਤ ਪੰਜਾਬ ਸਿਰਜਣ ਦਾ ਦਾਅਵਾ ਕਰਨ ਵਾਲੇ ਸਿਆਸਤਦਾਨ ਆਪਣੀ ਚੋਣ ਜਿੱਤਣ ਵਾਸਤੇ ਨਸ਼ਿਆਂ ਦੀ ਖੂਬ ਵਰਤੋਂ ਕਰਦੇ ਹਨ ਜਿਸਦਾ ਸਬੂਤ ਹੁਣ ਲੋਕ ਸਭਾ ਚੋਣਾਂ ਵੇਲੇ ਸਭ ਦੇ ਸਾਹਮਣੇ ਆਵੇਗਾ।
ਆਮ ਤੌਰ ‘ਤੇ ਇੱਕ-ਦੂਜੇ ਦੇ ਖਿਲਾਫ਼ ਅਜਿਹੇ ਇਲਜਾਮ ਚੋਣਾਂ ਮੌਕੇ ਲੱਗਦੇ ਆਮ ਹੀ ਵੇਖੇ ਜਾਂਦੇ ਹਨ। ਇੱਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਪੰਜਾਬ ਵਿਚਲੇ ਲੋਕ ਇਸ ਗੱਲ ਨੂੰ ਅਸਾਨੀ ਨਾਲ ਕਬੂਲਦੇ ਹਨ ਕਿ ਚੋਣਾਂ ਮੌਕੇ ਸਭ ਤੋਂ ਵੱਧ ਨਸ਼ਾ ਵੰਡਿਆ ਜਾਂਦਾ ਹੈ। ਇਸ ਗੱਲ ਤੋਂ ਸਹਿਜ਼ੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਇਹ ਸਿਆਸਤਦਾਨ ਨਸ਼ੇ ਪ੍ਰਤੀ ਕਿੰਨੇ ਕੁ ਗੰਭੀਰ ਹਨ? ਅਸਲ ਵਿਚ ਇਹ ਸਿਆਸਤਦਾਨ ਤਾਂ ਆਮ ਲੋਕਾਂ ਨੂੰ ਸਿਰਫ਼ ਵੋਟਾਂ ਦਾ ਖਜ਼ਾਨਾ ਹੀ ਸਮਝਦੇ ਹਨ। ਨਸ਼ੇ ਰੋਕਣ ਸਬੰਧੀ ਪੰਜਾਬ ਦੀ ਮੌਜੂਦਾ ਸਰਕਾਰ ਉੱਤੇ ਵੀ ਸਵਾਲ ਉੱਠਦੇ ਰਹਿੰਦੇ ਹਨ ਕਿਉਂਕਿ ਪੰਜਾਬ ਵਿਚ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਸੁਧਾਰਨ ਲਈ ਚੰਗੇ ਸਕੂਲਾਂ/ਹਸਪਤਾਲਾਂ ਦਾ ਨਿਰਮਾਣ ਕਰਨ ਦੀ ਥਾਂ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਧਾ ਦਿੱਤੀ ਜਾਂਦੀ ਹੈ। ਭਾਵੇਂ ਸੁਲੱਖਣੀ ਸੋਚ ਵਾਲੀਆਂ ਪੰਚਾਇਤਾਂ ਵੱਲੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਪੰਚਾਇਤੀ ਮਤੇ ਵੀ ਪਾ ਕੇ ਦਿੱਤੇ ਜਾਂਦੇ ਹਨ ਜਿਨ੍ਹਾਂ ‘ਤੇ ਕੋਈ ਜ਼ਲਦੀ ਅਸਰ ਨਹੀਂ ਹੁੰਦਾ। ਇਸ ਗੁਰੂਆਂ-ਪੀਰਾਂ ਦੀ ਧਰਤੀ ‘ਤੇ ਕਿਸੇ ਵੀ ਸਰਕਾਰ ਵੱਲੋਂ ਨਸ਼ਿਆਂ ਦੇ ਕਾਰੋਬਾਰ ਨੂੰ ਬੰਦ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ, ਉਸਦਾ ਬਕਾਇਦਾ ਇੱਕ ਕਾਰਨ ਹੈ ਕਿ ਸ਼ਰਾਬ ਦੇ ਕਾਰੋਬਾਰ ਤੋਂ ਸਰਕਾਰਾਂ ਨੂੰ ਅਰਬਾਂ ਰੁਪਏ ਦੀ ਆਮਦਨ ਹੈ, ਤਾਂ ਇਹ ਨਸ਼ੇ ਕਿੱਥੋਂ ਬੰਦ ਕੀਤੇ ਜਾਣਗੇ ਤੇ ਕੌਣ ਕਰੇਗਾ? ਇਸੇ ਕਰਕੇ ਤਾਂ ਸਰਕਾਰ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੀ। ਸਾਡੇ ਪੰਜਾਬੀ ਹਰ ਸਾਲ ਕਰੋੜਾਂ-ਅਰਬਾਂ ਦੀ ਸ਼ਰਾਬ ਡਕਾਰ ਕੇ ਆਪਣੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਹੁਣ ਪੰਜਾਬ ਨਸ਼ਾ ਮੁਕਤ ਹੋਣਾ ਮੁਸ਼ਕਲ ਗੱਲ ਹੈ। ਹੁਣ ਪੰਜਾਬੀਆਂ ਵਿਚ ਸ਼ਰਾਬ ਪੀਣ ਦੀ ਆਦਤ ਵੀ ਦਿਨੋ-ਦਿਨ ਵਧ ਰਹੀ ਹੈ। ਇਸ ਤੋਂ ਸਿੱਧ ਹੁੰਦਾ ਹੈ ਸਰਕਾਰਾਂ ਵਾਧੂ ਰੁਪਏ ਕਮਾਉਣ ਲਈ ਨੌਜਵਾਨਾਂ ਦੇ ਭਵਿੱਖ ਦੀ ਪ੍ਰਵਾਹ ਨਾ ਕਰਦੇ ਹੋਏ ਇਹਨਾਂ ਨੂੰ ਨਸ਼ਿਆਂ ਦੇ ਆਦੀ ਬਣਾ ਰਹੀਆਂ ਹਨ। ਹੁਣ ਵੀ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਖੁਸ਼ ਕਰਨ ਲਈ ਸ਼ਰਾਬ ਦੀ ਵਾਧੂ ਵਰਤੋਂ ਹੋਵੇਗੀ ਕਿਉਂਕਿ ਜਿਹੜੇ ਲੋਕ ਸ਼ਰਾਬ ਪੀਣ ਦੇ ਪੱਕੇ ਆਦੀ ਹੋ ਚੁੱਕੇ ਹਨ ਉਹ ਤਾਂ ਜ਼ਰੂਰ ਇਨ੍ਹਾਂ ਚੋਣਾਂ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹੋਣਗੇ। ਚੋਣਾਂ ਮੌਕੇ ਕੁੱਝ ਨਵੇਂ ਵਿਅਕਤੀ ਵੀ ਮੁਫ਼ਤ ਦੀ ਸ਼ਰਾਬ ਪੀ ਕੇ ਮਗਰੋਂ ਇਸਦੇ ਪੱਕੇ ਆਦੀ ਹੋ ਜਾਂਦੇ ਹਨ। ਸ਼ਰਾਬੀ ਲੋਕਾਂ ਦੇ ਘਰਾਂ ‘ਚ ਹਰ ਰੋਜ਼ ਝਗੜੇ ਹੁੰਦੇ ਹਨ। ਇੱਥੇ ਇਹ ਵੀ ਗੱਲ ਸਮਝਣ ਵਾਲੀ ਹੈ ਕਿ ਬੋਤਲਾਂ ਬਦਲੇ ਵੋਟਾਂ ਪਾ ਕੇ ਅਸੀਂ ਵਿਕਾਸ ਦੀ ਆਸ ਨਹੀਂ ਰੱਖ ਸਕਦੇ।
ਹੁਣ ਲੋਕ ਸਭਾ ਚੋਣਾਂ ਕਾਰਨ ਜੋ ਰੈਲੀਆਂ, ਇਕੱਠ ਹੋ ਰਹੇ ਹਨ ਇਹਨਾਂ ਰੈਲੀਆਂ ਵਿਚ ਇਹ ਸਿਆਸਤਦਾਨ ਅਕਸਰ ਹੀ ਨਸ਼ਿਆਂ ਦੇ ਵਿਰੋਧੀ ਹੋਣ ਦੀਆਂ ਦਲੀਲਾਂ ਪੇਸ਼ ਕਰਦੇ ਰਹਿੰਦੇ ਹਨ, ਪਰ ਹਕੀਕਤ ਵਿਚ ਤਾਂ ਕੁੱਝ ਹੋਰ ਹੀ ਦਿਖਾਈ ਦੇ ਰਿਹਾ ਹੈ। ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਹੱਦ ਤੋਂ ਰੋਜ਼ਾਨਾ ਵਾਂਗ ਵੱਡੇ ਮਹਿੰਗੇ ਨਸ਼ਿਆਂ ਦੀ ਭਾਰੀ ਮਾਤਰਾ ਵਿਚ ਖੇਪ ਫੜ੍ਹੀ ਜਾਂਦੀ ਹੈ। ਸਵਾਲਾਂ ਦਾ ਸਵਾਲ ਇਹ ਵੀ ਹੈ ਕਿ ਇਸ ਨਸ਼ੇ ਦੇ ਫੜ੍ਹੇ ਜਾਣ ਦੇ ਬਾਵਜੂਦ ਵੀ ਲਗਾਤਾਰ ਇਹ ਨਸ਼ਾ ਪੰਜਾਬ ਵੱਲ ਕਿਉਂ ਆ ਰਿਹਾ ਹੈ?
ਹੁਣ ਲੋਕ ਸਭਾ ਚੋਣਾਂ ਦਾ ਸਮਾਂ ਹੈ, ਜੇਕਰ ਇਹ ਸਿਆਸਤਦਾਨ ਸੱਚਮੁੱਚ ਹੀ ਪੰਜਾਬ ਵਿਚ ਨਸ਼ਾ ਰੋਕਣਾ ਚਾਹੁੰਦੇ ਹਨ ਤਾਂ ਇਹਨਾਂ ਚੋਣਾਂ ਵਿਚ ਕਿਸੇ ਵੀ ਪ੍ਰਕਾਰ ਦਾ ਜ਼ਰਾ ਕੁ ਨਸ਼ਾ ਵੀ ਨਹੀਂ ਵਰਤਣਾ ਚਾਹੀਦਾ। ਇਹ ਚੋਣਾਂ ਬਿਲਕੁਲ ਨਸ਼ਾ ਮੁਕਤ ਹੋਣ ਤਾਂ ਕਿ ਜੋ ਅਕਸਰ ਸੁਣਿਆ ਜਾਂਦਾ ਹੈ ਕਿ ਨਸ਼ਾ ਚੋਣਾਂ ਦੌਰਾਨ ਹੀ ਜ਼ਿਆਦਾ ਮਿਲਦਾ ਹੈ ਇਸ ਨੂੰ ਝੂਠਾ ਸਾਬਤ ਕੀਤਾ ਜਾ ਸਕੇ। ਜਿਹੜੀ ਪਾਰਟੀ ਹੁਣ ਨਸ਼ੇ ਦਾ ਸਹਾਰਾ ਲਏ ਬਿਨਾਂ ਚੋਣ ਮੈਦਾਨ ਵਿਚ ਲੜੇਗੀ ਉਹ ਸੱਚਮੁੱਚ ਹੀ ਨਸ਼ਾ ਵਿਰੋਧੀ ਹੋਵੇਗੀ। ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਸਾਫ਼ ਕਰੇਗਾ ਕੀ ਇਹ ਚੋਣਾਂ ਨਸ਼ੇ ਤੋਂ ਦੂਰ ਰਹਿਣਗੀਆਂ ਜਾਂ ਨਹੀਂ?
ਧਨੌਲਾ, ਬਰਨਾਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।