ਚੋਣਾਂ ਵਾਲਾ ਇੱਕ ਦਿਨ

OneDay, Options

ਬਲਰਾਜ ਸਿੰਘ ਸਿੱਧੂ ਐਸ.ਪੀ.

ਕੁਝ ਸਾਲ ਪਹਿਲਾਂ ਪੰਜਾਬ ਵਿੱਚ ਵੋਟਾਂ ਪੈਣ ਵਾਲਾ ਦਿਨ, ਵਿਆਹ ਵਾਂਗ ਹੁੰਦਾ ਸੀ। ਹੁਣ ਤਾਂ ਇਲੈਕਸ਼ਨ ਕਮਿਸ਼ਨ ਦੀ ਸਖਤੀ ਕਾਰਨ ਪਤਾ ਹੀ ਨਹੀਂ ਲੱਗਦਾ ਕਿ ਇਲੈਕਸ਼ਨ ਹੋ ਰਹੀ ਹੈ। ਪਹਿਲਾਂ ਤਾਂ ਮਹੀਨਾ-ਮਹੀਨਾ ਇਲਾਕੇ ਵਿੱਚ ਹਾਹਾਕਾਰ ਮੱਚੀ ਰਹਿੰਦੀ ਸੀ। ਸਾਰੇ ਘਰਾਂ ਦੇ ਬਨੇਰੇ ਪਾਰਟੀਆਂ ਦੇ ਝੰਡਿਆਂ ਨਾਲ ਭਰ ਦਿੱਤੇ ਜਾਂਦੇ ਸਨ। ਉਮੀਦਵਾਰਾਂ ਦੇ ਵੱਡੇ-ਵੱਡੇ ਇਸ਼ਤਿਹਾਰ ਚੌਕਾਂ ਚੌਰਾਹਿਆਂ ਵਿੱਚ ਲੋਕਾਂ ਦਾ ਧਿਆਨ ਖਿੱਚਦੇ ਹਨ। ਇੱਕ ਉਮੀਦਵਾਰ ਦੇ ਪ੍ਰਚਾਰ ਵਾਲੀ ਗੱਡੀ ਆਉਂਦੀ ਸੀ ਦੂਸਰੇ ਦੀ ਜਾਂਦੀ ਸੀ। ਸਾਰਾ ਦਿਨ ਪਿੰਡਾਂ ਸ਼ਹਿਰਾਂ ਵਿੱਚ ਕਾਵਾਂਰੌਲੀ ਪਈ ਰਹਿੰਦੀ ਸੀ। ਪੰਜਾਬ ਵਿੱਚ ਸਭ ਤੋਂ ਵੱਧ ਜੋਰ-ਅਜ਼ਮਾਈ ਸਰਪੰਚੀ ਦੀ ਚੋਣ ਵਿੱਚ ਹੁੰਦੀ ਹੈ। ‘ਕੱਲੇ ‘ਕੱਲੇ ਘਰ ਦੀਆਂ ਵੋਟਾਂ ਗਿਣੀਆਂ ਜਾਂਦੀਆਂ ਹਨ ਤੇ ਹਰ ਪਰਿਵਾਰ ਨੂੰ ਵੋਟਾਂ ਪਾਉਣ ਵਾਸਤੇ ਬੇਨਤੀਆਂ ਕੀਤੀਆਂ ਜਾਂਦੀਆਂ ਹਨ। ਨਵੀਆਂ ਵਿਆਹੀਆਂ ਲੜਕੀਆਂ ਨੂੰ ਵੀ ਵੋਟਾਂ ਭੁਗਤਾਉਣ ਲਈ ਪੇਕੇ ਬੁਲਾਇਆ ਜਾਂਦਾ ਹੈ। ਖਰਚਾ ਵੀ ਸਭ ਤੋਂ ਵੱਧ ਸਰਪੰਚੀ ਚੋਣ ‘ਤੇ ਹੀ ਆਉਂਦਾ ਹੈ। ਇੱਕ ਮੀਡੀਅਮ ਜਿਹੀ ਅਬਾਦੀ ਵਾਲੇ ਪਿੰਡ ਵਿੱਚ ਵੀ ਅਰਾਮ ਨਾਲ 20-25 ਲੱਖ ਰੁਪਏ ਲੱਗ ਜਾਂਦੇ ਹਨ। ਦੁਆਬੇ-ਮਾਝੇ ਦੀ ਬਨਿਸਬਤ ਮਾਲਵੇ ਵਿੱਚ ਅੰਨ੍ਹੇਵਾਹ ਖਰਚਾ ਕੀਤਾ ਜਾਂਦਾ ਹੈ। ਪ੍ਰਤੀ ਘਰ ਗਿਣਤੀ ਮੁਤਾਬਕ ਵੋਟਾਂ ਦੀ ਕੀਮਤ ਲਾਈ ਜਾਂਦੀ ਹੈ। ਕਈ ਚੰਗੇ-ਭਲੇ ਜ਼ਿੰਮੀਦਾਰ ਵੀ ਵੋਟਾਂ ਦਾ ਮੁੱਲ ਵੱਟਦੇ ਹਨ। ਦੂਸਰੇ ਨੰਬਰ ‘ਤੇ ਵਿਧਾਨ ਸਭਾ ਚੋਣਾਂ ਵਿੱਚ ਜ਼ੋਰ ਲੱਗਦਾ ਹੈ ਤੇ ਸਭ ਤੋਂ ਘੱਟ ਪਾਰਲੀਮੈਂਟ ਚੋਣਾਂ ਵਿੱਚ। ਪਾਰਲੀਮੈਂਟ ਚੋਣਾਂ ਵੱਲ ਤਾਂ ਲੋਕ ਬਹੁਤਾ ਧਿਆਨ ਹੀ ਨਹੀਂ ਦਿੰਦੇ।

ਲੋਕ ਰਾਜ ਦਾ ਇੱਕ ਪੱਖ ਤਾਂ ਬਹੁਤ ਵਧੀਆ ਹੈ ਕਿ ਅਮੀਰ ਹੋਵੇ ਜਾਂ ਗਰੀਬ, ਜਵਾਨ ਹੋਵੇ ਜਾਂ ਬੁੱਢਾ, ਤੰਦਰੁਸਤ ਹੋਵੇ ਜਾਂ ਵਿਕਲਾਂਗ, ਸਭ ਦੀ ਵੋਟ ਦਾ ਮੁੱਲ ਬਰਾਬਰ ਹੈ। ਇਸ ਲਈ ਚਾਹੇ ਪੰਜ ਸਾਲ ਬਾਅਦ ਹੀ ਪਵੇ, ਗਰੀਬ ਤੋਂ ਗਰੀਬ ਬੰਦੇ ਦਾ ਵੀ ਮੁੱਲ ਪੈਂਦਾ ਹੈ। ਹਰ ਲੀਡਰ ਆਪਣੇ-ਆਪ ਨੂੰ ਗਰੀਬਾਂ-ਨਿਮਾਣਿਆਂ ਦਾ ਸੱਚਾ ਸੇਵਕ ਸਾਬਤ ਕਰਨ ‘ਤੇ ਤੁਲ ਜਾਂਦਾ ਹੈ। ਕੋਈ ਉਹਨਾਂ ਦੇ ਘਰ ਰਾਤ ਬਿਤਾ ਕੇ ਰੋਟੀਆਂ ਖਾਂਦਾ ਹੈ ਤੇ ਕੋਈ ਮਿੱਟੀ-ਘੱਟੇ ਵਿੱਚ ਖੇਡਦੇ ਜਵਾਕਾਂ ਨੂੰ ਚੁੰਮ ਕੇ ਫੋਟੋਆਂ ਖਿਚਵਾਉਂਦਾ ਹੈ।

ਕਈ ਸਾਲ ਪਹਿਲਾਂ ਮੈਂ ਇੱਕ ਥਾਣੇ ਦਾ ਐਸ. ਐਚ. ਉ. ਲੱਗਾ ਹੋਇਆ ਸੀ ਤੇ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਸਨ। ਇੱਕ ਪਿੰਡ ਧੜੇਬੰਦੀ ਤੇ ਲੜਾਈ-ਝਗੜੇ ਲਈ ਖਾਸ ਹੀ ਬਦਨਾਮ ਸੀ। ਹਰੇਕ ਚੋਣ ਵਿੱਚ ਉੱਥੇ ਸਿਰ ਪਾਟਦੇ ਸਨ। ਇਸ ਲਈ ਮੈਂ ਬਾਕੀ ਪਿੰਡਾਂ ਵਿੱਚ ਘੁੰਮ-ਘੁੰਮਾ ਕੇ ਵਾਰ-ਵਾਰ ਉਸ ਪਿੰਡ ਪਹੁੰਚ ਜਾਂਦਾ ਸੀ। ਰੱਬ ਦੀ ਕਿਰਪਾ ਨਾਲ ਸਾਰਾ ਦਿਨ ਸੁੱਖੀ-ਸਾਂਦੀ ਲੰਘ ਗਿਆ। ਚਾਰ ਕੁ ਵੱਜ ਗਏ ਸਨ ਤੇ ਤਕਰੀਬਨ ਸਾਰੀਆਂ ਵੋਟਾਂ ਭੁਗਤ ਚੁੱਕੀਆਂ ਸਨ। ਅਸੀਂ ਵੀ ਖੁਸ਼ ਸੀ ਕਿ ਚਲੋ ਕੋਈ ਲੜਾਈ-ਝਗੜਾ ਨਹੀਂ ਹੋਇਆ, ਹੁਣ ਤਾਂ ਪੰਜ ਵਜੇ ਕੰਮ ਮੁੱਕ ਹੀ ਜਾਣਾ ਹੈ। ਸਮਾਂ ਖਤਮ ਹੁੰਦਾ ਵੇਖ ਕੇ ਦੋਵੇਂ ਪਾਰਟੀਆਂ ਆਪੋ-ਆਪਣੇ ਟੈਂਟ ਵਿੱਚ ਬੈਠੀਆਂ ਵੋਟਾਂ ਦਾ ਹਿਸਾਬ-ਕਿਤਾਬ ਕਰ ਰਹੀਆਂ ਸਨ ਕਿ ਕਿਹੜੀ ਵੋਟ ਭੁਗਤ ਗਈ ਤੇ ਕਿਹੜੀ ਰਹਿ ਗਈ?

ਅਚਾਨਕ ਰਾਮ ਸਿੰਘ ਪਾਰਟੀ (ਕਾਲਪਨਿਕ ਨਾਂਅ) ਨੂੰ ਖਿਆਲ ਆਇਆ ਕਿ ਫਲਾਣੇ ਦਾ ਲੱਤਾਂ ਤੋਂ ਆਹਰੀ ਬਜ਼ੁਰਗ ਬਾਪ ਤਾਂ ਵੋਟ ਪਾਉਣ ਤੋਂ ਰਹਿ ਹੀ ਗਿਆ। ਉਸ ਬਜ਼ੁਰਗ ਦਾ ਸਾਰਾ ਪਰਿਵਾਰ ਵੋਟਾਂ ਪਾ ਗਿਆ ਸੀ ਪਰ ਉਸ ਨੂੰ ਚੁੱਕ ਕੇ ਲਿਆਉਣ ਦੇ ਦੁੱਖੋਂ ਨਾਲ ਲੈ ਕੇ ਨਹੀਂ ਸੀ ਆਏ। ਪੰਚਾਇਤੀ ਇਲੈਕਸ਼ਨ ਵਿੱਚ ਇੱਕ-ਇੱਕ ਵੋਟ ਕੀਮਤੀ ਹੁੰਦੀ ਹੈ, ਉਸ ਨੂੰ ਲੈ ਕੇ ਆਉਣ ਲਈ ਫੌਰਨ ਕਾਰ ਦੇ ਕੇ ਦੋ-ਤਿੰਨ ਬੰਦੇ ਭਜਾਏ ਗਏ। ਉਹ ਦਸ-ਪੰਦਰਾਂ ਮਿੰਟਾਂ ਵਿੱਚ ਹੀ ਬਜ਼ੁਰਗ ਨੂੰ ਲੱਦ ਕੇ ਲੈ ਆਏ ਤੇ ਬਹੁਤ ਇੱਜ਼ਤ-ਸਤਿਕਾਰ ਨਾਲ ਚੁੱਕ ਕੇ ਪੋਲਿੰਗ ਸਟੇਸ਼ਨ ਦੇ ਅੰਦਰ ਲੈ ਗਏ। ਪਰ ਉਸ ਦੇ ਵੋਟ ਪਾਉਂਦੇ ਸਾਰ ਉਹਨਾਂ ਦਾ ਵਿਹਾਰ ਇੱਕਦਮ ਬਦਲ ਗਿਆ। ਜਿਹੜੇ ਬੰਦੇ ਕੁਝ ਮਿੰਟ ਪਹਿਲਾਂ ਸਰਵਣ ਪੁੱਤ ਬਣ ਕੇ ਬਜ਼ੁਰਗ ਨੂੰ ਹਿੱਕ ਨਾਲ ਲਾਈ ਫਿਰਦੇ ਸਨ, ਉਹ ਉਸ ਨੂੰ ਇਸ ਤਰ੍ਹਾਂ ਬਾਹਰ ਲੈ ਕੇ ਆਏ ਜਿਵੇਂ ਬਹੁਤ ਵੱਡਾ ਬੋਝ ਚੁੱਕਿਆ ਹੋਵੇ। ਜਦੋਂ ਆਸੇ-ਪਾਸੇ ਨਿਗਾਹ ਮਾਰੀ ਤਾਂ ਕਾਰ ਗਾਇਬ ਹੋ ਚੁੱਕੀ ਸੀ। ਵਿਚਾਰੇ ਬਜ਼ੁਰਗ ਨੂੰ ਇੱਕ ਦਰੱਖਤ ਦੇ ਮੁੱਢ ਦਾ ਸਹਾਰਾ ਦੇ ਕੇ ਭੁੰਜੇ ਹੀ ਬਿਠਾ ਦਿੱਤਾ ਗਿਆ। ਕਿਸੇ ਹੋਰ ਸਵਾਰੀ ਦਾ ਪ੍ਰਬੰਧ ਕਰਨ ਦਾ ਕਹਿ ਕੇ ਉਹ ਦੋਵੇਂ ਵਿਅਕਤੀ ਵੀ ਖਿਸਕ ਗਏ।

ਜਦੋਂ ਅੱਧਾ ਘੰਟਾ ਬੀਤ ਗਿਆ ਤਾਂ ਮੈਂ ਰਾਮ ਸਿੰਘ ਨੂੰ ਕਿਹਾ ਕੇ ਇਸ ਵਿਚਾਰੇ ਨੂੰ ਘਰ ਤਾਂ ਛੱਡ ਆਓ। ਕੁਝ ਸਮਾਂ ਟਾਲ-ਮਟੋਲ ਕਰਨ ਤੋਂ ਬਾਅਦ ਹੌਲੀ ਜਿਹੀ ਉਹ ਵੀ ਆਸੇ-ਪਾਸੇ ਹੋ ਗਿਆ। ਜਦੋਂ ਵਿਰੋਧੀ ਪਾਰਟੀ ਨੂੰ ਗੱਡੀ ਦੇਣ ਲਈ ਕਿਹਾ ਤਾਂ ਉਹਨਾਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਵੋਟ ਤਾਂ ਇਸ ਨੇ ਰਾਮ ਸਿੰਘ ਨੂੰ ਪਾਈ ਹੈ, ਅਸੀਂ ਇਸ ਦਾ ਠੇਕਾ ਲਿਆ ਹੈ? ਜਦੋਂ ਕਿਸੇ ਨੇ ਪੱਲਾ ਨਾ ਫੜਾਇਆ ਤਾਂ ਮਜ਼ਬੂਰਨ ਸਾਨੂੰ ਹੀ ਆਪਣੀ ਸਰਕਾਰੀ ਗੱਡੀ ਵਿੱਚ ਉਸ ਨੂੰ ਘਰ ਪਹੁੰਚਾਉਣਾ ਪਿਆ। ਅੱਗੋਂ ਉਸ ਦਾ ਪੁੱਤਰ ਵੀ ਸਿਰੇ ਦਾ ਵੈਲੀ ਸੀ। ਉਹ ਪਹਿਲਾਂ ਹੀ ਵੋਟਾਂ ਦੇ ਇਵਜ਼ ਵਿੱਚ ਮਿਲੀ ਮੁਫਤ ਦੀ ਸ਼ਰਾਬ ਪੀ ਕੇ ਵਿਹੜੇ ਵਿੱਚ ਸੂਰ ਵਾਂਗ ਲੇਟ ਰਿਹਾ ਸੀ। ਅਸੀਂ ਚੁੱਕ-ਚਕਾ ਕੇ ਵਿਚਾਰੇ ਬਜ਼ੁਰਗ ਨੂੰ ਉਸ ਦੇ ਮੰਜੇ ਤੱਕ ਪਹੁੰਚਾਇਆ। ਆਪਣਾ ਮਤਲਬ ਹੱਲ ਹੋਣ ਤੋਂ ਬਾਅਦ ਵਿਖਾਈ ਗਈ ਅਜਿਹੀ ਅਕ੍ਰਿਤਘਣਤਾ ਮੈਂ ਆਪਣੀ ਨੌਕਰੀ ਦੌਰਾਨ ਬਹੁਤ ਘੱਟ ਵੇਖੀ ਹੈ। ਮੁਸ਼ਕਲ ਇਹ ਹੈ ਕਿ ਸਾਡੀ ਜਨਤਾ ਨੂੰ ਆਪਣੀ ਵੋਟ ਦੀ ਕੀਮਤ ਦਾ ਪਤਾ ਹੀ ਨਹੀਂ ਹੈ। ਜੇ ਸਾਡੇ ਲੋਕ ਛੋਟੇ-ਮੋਟੇ ਲਾਲਚਾਂ ਅਤੇ ਨਿੱਜੀ ਕੰਮਾਂ ਦੇ ਚੱਕਰ ਵਿੱਚ ਫਸ ਕੇ ਆਪਣੀਆਂ ਵੋਟਾਂ ਬਰਬਾਦ ਨਾ ਕਰਨ ਤਾਂ ਦੇਸ਼ ਦੀ ਹਾਲਤ ਕਦੇ ਦੀ ਬਦਲ ਜਾਣੀ ਸੀ।

ਪੰਡੋਰੀ ਸਿੱਧਵਾਂ 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।