17ਵੀਂ ਲੋਕ ਸਭਾ ਲਈ ਪਿਛਲੀ ਵਾਰ ਨਾਲੋਂ ਹੋ ਰਿਹਾ ਐ ਦੁੱਗਣਾ ਖ਼ਰਚਾ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੇ ਹਰ ਵੋਟਰ ਦੀ ਕੀਮਤ ਭਾਵੇਂ ਕੋਈ ਵੀ ਸਿਆਸੀ ਪਾਰਟੀ ਦਾ ਲੀਡਰ ਜਾਂ ਫਿਰ ਉਮੀਦਵਾਰ ਆਪਣੇ ਅਨੁਸਾਰ ਲਗਾਉਣ ਵਿੱਚ ਲੱਗਿਆ ਹੋਵੇ ਪਰ ਭਾਰਤੀ ਚੋਣ ਕਮਿਸ਼ਨ ਨੇ ਹਰ ਪੰਜਾਬੀ ਦੀ ਵੋਟ ਦੀ ਕੀਮਤ ਲਗਾ ਦਿੱਤੀ ਹੈ। ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਹਰ ਪੰਜਾਬੀ ਵੋਟਰ ਦੀ ਕੀਮਤ 120 ਰੁਪਏ ਰਹੇਗੀ। ਹਰ ਪੰਜਾਬੀ ‘ਤੇ ਖ਼ਰਚ ਹੋਣ ਵਾਲੇ 120 ਰੁਪਏ ਕੋਈ ਹੋਰ ਨਹੀਂ ਸਗੋਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਲੈਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਸਰਕਾਰ ਵੱਲੋਂ ਇਸ ਖ਼ਰਚੇ ਨੂੰ ਚੋਣ ਕਮਿਸ਼ਨ ਦੇ ਹੈੱਡ ਵਿੱਚ ਪਾ ਵੀ ਦਿੱਤੇ ਹਨ।
17ਵੀਂ ਲੋਕ ਸਭਾ ਚੋਣ ਦੌਰਾਨ ਪੰਜਾਬ ਦੀਆਂ 13 ਸੀਟਾਂ ‘ਤੇ ਚੋਣ ਕਰਵਾਉਣ ਲਈ ਚੋਣ ਕਮਿਸ਼ਨ ਵੱਲੋਂ 243 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸੇ ਅਨੁਮਾਨ ਅਨੁਸਾਰ ਪੰਜਾਬ ਦੇ ਬਜਟ ਵਿੱਚੋਂ ਪੈਸਾ ਵੀ ਚੋਣ ਕਮਿਸ਼ਨ ਦੇ ਹੈੱਡ ਵਿੱਚ ਆਉਂਦੇ ਹੋਏ ਖ਼ਰਚ ਕਰਨ ਦੀ ਖੁੱਲ੍ਹੀ ਇਜਾਜ਼ਤ ਵੀ ਮਿਲੀ ਹੋਈ ਹੈ। ਚੋਣ ਕਮਿਸ਼ਨ ਦਾ ਕੋਈ ਵੀ ਅਦਾਇਗੀ ਦਾ ਬਿਲ ਹੋਵੇ, ਉਹ ਕਿਸੇ ਵੀ ਖਜਾਨੇ ਵਿੱਚ 1 ਦਿਨ ਤੋਂ ਜਿਆਦਾ ਨਹੀਂ ਰੁਕ ਰਿਹਾ ਹੈ ਅਤੇ ਹਰ ਬਿਲ ਦੀ ਅਦਾਇਗੀ ਹਰ ਘੰਟੇ ਹੋ ਰਹੀਂ ਹੈ। ਪੰਜਾਬ ਵਿੱਚ ਇਸ ਸਮੇਂ 2 ਕਰੋੜ 3 ਲੱਖ 74 ਹਜ਼ਾਰ 375 ਵੋਟਰ ਹਨ, ਜਿਨ੍ਹਾਂ ਦੀ ਵੋਟ ਨੂੰ ਭੁਗਤਾਉਣ ਤੋਂ ਲੈ ਕੇ ਉਨ੍ਹਾਂ ਨੂੰ ਵੋਟ ਨੂੰ ਬੂਥ ਤੱਕ ਲੈ ਕੇ ਆਉਣ ਲਈ ਚੋਣ ਕਮਿਸ਼ਨ ਵੱਲੋਂ ਵੱਡੇ ਪੱਧਰ ‘ਤੇ ਇੰਤਜ਼ਾਮ ਕੀਤੇ ਹੋਏ ਹਨ। ਚੰਡੀਗੜ੍ਹ ਵਿਖੇ ਸਥਿਤ ਮੁੱਖ ਦਫ਼ਤਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ਤੋਂ ਲੈ ਕੇ ਬੂਥ ਪੱਧਰ ਤੱਕ ਸਾਰਾ ਸੈਟਅਪ ਚੋਣ ਕਮਿਸ਼ਨ ਵਲੋਂ ਕੀਤਾ ਗਿਆ ਹੈ। ਇਸ ਸਾਰੇ ਇੰਤਜ਼ਾਮ ‘ਤੇ ਚੋਣ ਦਾ ਕਮਿਸ਼ਨ ਦਾ ਲਗਭਗ 243 ਕਰੋੜ ਰੁਪਏ ਦਾ ਖ਼ਰਚ ਆ ਰਿਹਾ ਹੈ। ਇਹ ਖ਼ਰਚ ਪ੍ਰਤੀ ਵੋਟਰ 120 ਰੁਪਏ ਆ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।