ਕੁਰਸੀ ਦਾ ਮੋਹ ਨਹੀਂ ਤਿਆਗ ਰਹੇ ਹਨ ਦੂਲੋ, ਨਹੀਂ ਛੱਡਣਗੇ ਰਹਿਣਗੇ ਰਾਜ ਸਭਾ ਮੈਂਬਰਸ਼ਿਪ

Chair, Attachment, Leave, Rajya Sabha, Membership

ਕਾਂਗਰਸ ਪਾਰਟੀ ਨੇ ਬਣਾਇਆ ਸੀ ਰਾਜ ਸਭਾ ਮੈਂਬਰ, ਹੁਣ ਕਾਂਗਰਸ ਦੇ ਖ਼ਿਲਾਫ਼ ਬੋਲ ਰਹੇ ਹਨ ‘ਮਾੜੇ ਬੋਲ’

ਕਦੇ ਨਹੀਂ ਛੱਡਣਗੇ ਰਾਜ ਸਭਾ ਮੈਂਬਰ, ਟਕਸਾਲੀ ਕਾਂਗਰਸੀ ਸੀ ਅਤੇ ਰਹਾਂਗਾ: ਦੂਲੋ

ਚੰਡੀਗੜ (ਅਸ਼ਵਨੀ ਚਾਵਲਾ)। ਹਰ ਵਾਰ ਪਾਰਟੀ ਵਿਰੋਧੀ ਸੁਰ ਅਲਾਪਣ ਵਾਲੇ ਸ਼ਮਸ਼ੇਰ ਸਿੰਘ ਦੂਲੋ ਕੁਰਸੀ ਮੋਹ ਵਿੱਚ ਰਾਜ ਸਭਾ ਸੀਟ ਨੂੰ ਨਹੀਂ ਤਿਆਗਣਗੇ ਅਤੇ ਕਾਂਗਰਸ ਪਾਰਟੀ ਨੂੰ ਮਾਫ਼ੀਆ ਅਤੇ ਗੁੰਡਿਆਂ ਦੀ ਪਾਰਟੀ ਕਰਾਰ ਦਿੰਦੇ ਹੋਏ ਕਾਂਗਰਸ ਖ਼ਿਲਾਫ਼ ਜੰਮ ਕੇ ਸ਼ਬਦੀ ਤੀਰ ਵੀ ਚਲਾਉਣਗੇ। ਸ਼ਮਸ਼ੇਰ ਸਿੰਘ ਦੂਲੋ ਹਮੇਸ਼ਾ ਤੋਂ ਹੀ ਕਾਂਗਰਸ ਪਾਰਟੀ ਦੇ ਖ਼ਿਲਾਫ਼ ਹਰ ਫ੍ਰੰਟ ‘ਤੇ ਬੋਲਦੇ ਆਏ ਹਨ ਪਰ ਇਸ ਦੇ ਬਾਵਜੂਦ ਪਾਰਟੀ ਨੇ ਉਨ੍ਹਾਂ ਨੂੰ 3 ਸਾਲ ਪਹਿਲਾਂ ਰਾਜ ਸਭਾ ਵਿੱਚ ਭੇਜ ਦਿੱਤਾ ਸੀ ਤਾਂ ਕਿ ਦੂਲੋ ਦੇ ਪਾਰਟੀ ਪ੍ਰਤੀ ‘ਮਾੜੇ ਬੋਲ’ ਬੰਦ ਕਰਵਾਏ ਜਾ ਸਕਣ । ਉਨਾਂ ਨੇ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੇ ਖ਼ਿਲਾਫ਼ ਫ੍ਰੰਟ ਖੋਲਦੇ ਹੋਏ ਨਾ ਸਿਰਫ਼ ਪਾਰਟੀ ਨੂੰ ਗੁੰਡੀਆਂ ਦੀ ਪਾਰਟੀ ਕਰਾਰ ਦੇ ਦਿੱਤਾ ਹੈ, ਸਗੋਂ ਅਮਰਿੰਦਰ ਸਿੰਘ ਅਤੇ ਲਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਵੀ ਜੰਮ ਕੇ ਭੜਾਸ ਕੱਢੀ ਹੈ।
ਕਾਂਗਰਸ ਪਾਰਟੀ ਦੇ ਬਤੌਰ ਪ੍ਰਧਾਨ ਅਮਰਿੰਦਰ ਸਿੰਘ ਨੇ ਸਾਲ 2016 ਵਿੱਚ ਪਾਰਟੀ ਵੱਲੋਂ ਸੁਨੀਲ ਜਾਖੜ ਨੂੰ ਰਾਜ ਸਭਾ ਭੇਜਣ ਦੀ ਸਿਫ਼ਾਰਸ਼ ਕਾਂਗਰਸ ਪਾਰਟੀ ਨੂੰ ਕੀਤੀ ਸੀ, ਜਦੋਂ ਕਿ ਸ਼ਮਸ਼ੇਰ ਸਿੰਘ ਦੂਲੋਂ ਅਤੇ ਪ੍ਰਤਾਪ ਬਾਜਵਾ ਵੀ ਰਾਜ ਸਭਾ ਦੀ ਟਿਕਟ ਮੰਗ ਰਹੇ ਹਨ। ਇਸ ਦੌਰਾਨ ਅਮਰਿੰਦਰ ਸਿੰਘ ਵੱਲੋਂ ਦੂਲੋਂ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਖ਼ਿਲਾਫ਼ਤ ਕੀਤੀ ਗਈ ਸੀ ਪਰ ਆਲ ਇੰਡੀਆ ਕਾਂਗਰਸ ਪਾਰਟੀ ਸ਼ਮਸ਼ੇਰ ਸਿੰਘ ਦੂਲੋਂ ਦੀ ਬਗਾਵਤੀ ਸੁਰਾਂ ਨੂੰ ਦੇਖਦੇ ਹੋਏ ਉਨਾਂ ਨੂੰ ਰਾਜ ਸਭਾ ਦੀ ਟਿਕਟ ਦੇ ਦਿੱਤੀ ਸੀ ਅਤੇ 10 ਅਪਰੈਲ 2016 ਨੂੰ ਕਾਂਗਰਸ ਪਾਰਟੀ ਵੱਲੋਂ ਸ਼ਮਸ਼ੇਰ ਦੂਲੋ ਨੂੰ ਰਾਜ ਸਭਾ ਮੈਂਬਰ ਬਣਾਉਂਦੇ ਹੋਏ ਦਿੱਲੀ ਭੇਜ ਦਿੱਤਾ ਸੀ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਮਸ਼ੇਰ ਦੂਲੋਂ ਹੁਣ ਬਾਅਦ ਆਪਣੀ ਪਾਰਟੀ ਦੇ ਖ਼ਿਲਾਫ਼ ਮਾੜੇ ਬੋਲ ਨੂੰ ਬੰਦ ਕਰ ਦੇਣਗੇ ਪਰ ਇਸ ਦੇ ਉਲਟ ਪਿਛਲੇ 3 ਸਾਲਾਂ ਤੋਂ ਹੀ ਸ਼ਮਸ਼ੇਰ ਦੂਲੋਂ ਵੱਲੋਂ ਸਮੇਂ ਸਮੇਂ ‘ਤੇ ਪਾਰਟੀ ਦੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਹੀ ਗਈ ਹੈ।
ਪਿਛਲੇ ਦਿਨੀਂ ਸ਼ਮਸ਼ੇਰ ਸਿੰਘ ਦੂਲੋਂ ਦੀ ਪਤਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਅਤੇ ਉਨ੍ਹਾਂ ਦਾ ਪੁੱਤਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦੇ ਹੋਏ ਫਤਿਹਗੜ ਸਾਹਿਬ ਤੋਂ ਉਮੀਦਵਾਰ ਬਣ ਗਿਆ ਹੈ। ਫਤਿਹਗੜ ਸਾਹਿਬ ਤੋਂ ਆਪਣੇ ਪੁੱਤਰ ਨੂੰ ਜਿਤਾਉਣ ਲਈ ਭਾਵੇਂ ਸ਼ਮਸ਼ੇਰ ਦੂਲੋਂ ਕੋਈ ਪ੍ਰਚਾਰ ਨਹੀਂ ਕਰ ਰਹੇ ਹਨ ਪਰ ਕਾਂਗਰਸ ਦੇ ਉਮੀਦਵਾਰ ਖ਼ਿਲਾਫ਼ ਬਿਆਨਬਾਜ਼ੀ ਕਰਦੇ ਹੋਏ ਉਸ ਦੀ ਮੁਖ਼ਾਲਫ਼ਤ ਜਰੂਰ ਕਰ ਰਹੇ ਹਨ। ਜਿਸ ਨੂੰ ਦੇਖ ਕੇ ਕਾਂਗਰਸ ਪਾਰਟੀ ਨੇ ਨਰਾਜ਼ ਹੁੰਦੇ ਹੋਏ ਉਨਾਂ ਤੋਂ ਬਤੌਰ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਤੱਕ ਮੰਗ ਲਿਆ ਹੈ।
ਇਸ ਮੰਗ ਤੋਂ ਬਾਅਦ ਸ਼ਮਸ਼ੇਰ ਦੂਲੋ ਵਲੋਂ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਗੁੰਡਿਆਂ ਅਤੇ ਮਾਫ਼ੀਆ ਰਾਜ ਦੀ ਪਾਰਟੀ ਕਰਾਰ ਦੇ ਦਿੱਤਾ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਕਲਚਰ ਕਾਫ਼ੀ ਜਿਆਦਾ ਦੂਸ਼ਿਤ ਹੋ ਚੁੱਕਾ ਹੈ ਅਤੇ ਸਿਰਫ਼ ਗੁੰਡਿਆਂ ਅਤੇ ਮਾਫੀਆ ਦੀ ਹੀ ਪਾਰਟੀ ਵਿੱਚ ਪੁੱਛ ਪੜਤਾਲ ਹੋ ਰਹੀਂ ਹੈ। ਉਨਾਂ ਕਿਹਾ ਕਿ ਪਟਿਆਲਾ ਤੋਂ ਜੇਕਰ ਪਰਨੀਤ ਕੌਰ ਨੂੰ ਟਿਕਟ ਨਾ ਮਿਲਦੀ ਤਾਂ ਉਹ ਵੀ ਬਗਾਵਤ ‘ਤੇ ਉੱਤਰਦੇ ਹੋਏ ਕਿਸੇ ਹੋਰ ਪਾਰਟੀ ਵਿੱਚ ਚਲੀ ਜਾਂਦੀ। ਇਸੇ ਤਰਾਂ ਲਾਲ ਸਿੰਘ ਦੇ ਪਰਿਵਾਰ ਵਿੱਚ ਵੀ ਮੁੰਡੇ ਦੀ ਟਿਕਟ ਨੂੰ ਲੈ ਕੇ ਕਲੇਸ਼ ਹੁੰਦਾ ਰਿਹਾ ਹੈ।
ਸ਼ਮਸ਼ੇਰ ਸਿੰਘ ਦੂਲੋ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰਾਜ ਸਭਾ ਸੀਟ ਤੋਂ ਕਿਸੇ ਵੀ ਹਾਲਤ ਵਿੱਚ ਅਸਤੀਫ਼ਾ ਨਹੀਂ ਦੇਣਗੇ। ਉਹ ਰਾਜ ਸਭਾ ਵਿੱਚ ਪਹਿਲਾਂ ਵਾਂਗ ਹੀ ਬਣੇ ਰਹਿਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।