ਇੱਕੋ-ਜਿਹੀ ਹੁੰਦੀ ਹੈ ਰਿਸ਼ਤਿਆਂ ਤੇ ਰਸਤਿਆਂ ਦੀ ਤਾਸੀਰ

Similar, Relationships, Paths

ਕੁਲਵਿੰਦਰ ਵਿਰਕ

ਅਜੋਕਾ ਬੰਦਾ ਮਸ਼ੀਨ ਬਣ ਗਿਆ ਹੈ ਪਦਾਰਥਾਂ ‘ਚੋਂ ਖੁਸ਼ੀ ਲੱਭ ਰਿਹਾ ਹੈ, ਸਕੂਨ ਤਲਾਸ਼ ਰਿਹਾ ਹੈ ਪਰ ਫੇਰ ਵੀ ਅਨੇਕਾਂ ਚਿੰਤਾਵਾਂ, ਫਿਕਰਾਂ, ਗਰਜਾਂ ਤੇ ਮਰਜਾਂ ਹੇਠ ਘਿਰੇ ਹੋਏ ਬੰਦੇ ਦੇ ਹੱਥ ਨਿਰਾਸ਼ਾ ਤੇ ਉਦਾਸੀ ਤੋਂ ਬਗੈਰ ਹੋਰ ਕੁਝ ਨਹੀਂ ਲੱਗਦਾ।

ਬੇਜਾਨ ਵਸਤਾਂ ਦੀ ਬਜਾਏ ਰਿਸ਼ਤਿਆਂ ‘ਚ ਮੁਹੱਬਤਾਂ ਭਰੋ, ਰਿਸ਼ਤਿਆਂ ਨੂੰ ਲੰਮੇ ਸਮਂੇ ਤੀਕ ਜਿਉਣ ਜੋਗਾ ਕਰੋ…!

ਰਿਸ਼ਤੇ ਜਨਮ ਤੋਂ ਹੀ ਪਨਪ ਜਾਂਦੇ ਤੇ ਮਰਨ ਤੀਕ ਨਾਲ ਰਹਿੰਦੇ! ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ, ਭੈਣ-ਭਰਾ, ਪਤੀ-ਪਤਨੀ, ਚਾਚੇ-ਚਾਚੀਆਂ, ਤਾਏ-ਤਾਈਆਂ, ਮਾਮੇ-ਮਾਮੀਆਂ, ਮਾਸੀਆਂ-ਮਾਸੜ… ਸਭ ਰਿਸ਼ਤਿਆਂ ਦੀ ਅਲੱਗ ਮਹੱਤਤਾ, ਅਲੱਗ ਪਰਿਭਾਸ਼ਾ, ਅਲੱਗ ਅਭਿਲਾਸ਼ਾ ਤੇ ਸਭ ਦੀ ਅਲੱਗ ਹੀ ਆਸ਼ਾ…!

ਰਿਸ਼ਤੇ ਦੋ ਤਰ੍ਹਾਂ ਦੇ ਹੁੰਦੇ- ਖੂਨ ਦੇ ਰਿਸ਼ਤੇ, ਜਿਹੜੇ ਸਾਨੂੰ ਵਿਰਸੇ ‘ਚੋਂ ਬਣੇ-ਬਣਾਏ ਮਿਲਦੇ ਇੱਕ ਰਿਸ਼ਤੇ ਜਿਹੜੇ ਅਸੀਂ ਘਰ, ਪਰਿਵਾਰ ਤੋਂ ਬਾਹਰ ਬਣਾਉਂਦੇ ਹਾਂ ਅਜਿਹੇ ਰਿਸ਼ਤੇ ਅਕਸਰ ਰੂਹਾਂ ਦੇ ਹੁੰਦੇ! ਮੁਹੱਬਤਾਂ, ਸਾਂਝਾਂ ਦੇ ਸਿਰਨਾਵੇਂ ਹੁੰਦੇ ਨੇ! ਅੱਗੇ ਵਧਣ ਲਈ ਜ਼ਿੰਦਗੀ ਦੀਆਂ ਖੜਾਵਾਂ ਬਣਦੇ ਨੇ, ਕੱਚੀਆਂ-ਪੱਕੀਆਂ ਰਾਹਵਾਂ ਬਣਦੇ ਨੇ…! ਤੇ ਕਈ ਵਾਰ ਖੰਡਰਾਂ ਵਿੱਚ ਵੀ ਮਹਿਲ ਬਣਨ ਦੀ ਹਿੰਮਤ ਪੈਦਾ ਹੋ ਜਾਂਦੀ ਹੈ ।

ਰਾਹਵਾਂ, ਰਸਤੇ, ਪਗਡੰਡੀਆਂ ਵੀ ਰਿਸ਼ਤਿਆਂ ਵਰਗੇ ਹੀ ਹੁੰਦੇ ਕੁਝ ਬਣੇ-ਬਣਾਏ ਮਿਲਦੇ, ਕੁਝ ਆਪ ਬਣਾਉਣੇ ਪੈਂਦੇ।

ਰਾਹ ਪੈਰਾਂ ਨੂੰ ਮਿਲਿਆ ਸਫਰ ਦਾ ਵਰ ਹੁੰਦੇ ਨੇ ਕੁਝ ਰਾਹ ਦਿੱਸਹੱਦਿਆਂ ਤੱਕ ਜਾਂਦੇ ਤੇ ਕੁਝ ਦਿੱਸਹੱਦਿਆਂ ਤੋਂ ਵੀ ਪਾਰ…! ਕੁਝ ਰਾਹ ਅਨੰਤ ਤੱਕ ਲੈ ਜਾਂਦੇ ਸੋਚਾਂ ‘ਚ ਬਿੰਦੂ ਤੋਂ ਬ੍ਰਹਿਮੰਡ ਤੀਕ ਦਾ ਸਫਰ ਭਰ ਦਿੰਦੇ ਨੇ…!

ਰਾਹਾਂ ‘ਚ ਤੁਰਦਿਆਂ ਅਨੇਕਾਂ ਦਰਦਮੰਦ ਮਿਲਦੇ ਗੈਰਤ, ਬੇਗੈਰਤ ਮਿਲਦੇ ਕੁਝ ਰਾਹਗੀਰ ਸਾਨੂੰ ਸਹਾਰਾ ਦਿੰਦੇ ਕਦੇ ਅਸੀਂ ਕਿਸੇ ਦੀ ਬਾਂਹ ਫੜ੍ਹਦੇ ਤੇ ਆਪਣਾ ਸਫਰ ਮਿਲ-ਮਿਲਾ ਕੇ ਜਾਂ ਇਕੱਲੇ ਹੀ ਪੂਰਾ ਕਰਦੇ ।

ਰਸਤੇ- ਕਦੇ ਸੁਖਾਵੇਂ, ਕਦੇ ਭੁਲਾਵੇਂ ਹੁੰਦੇ ਕਦੇ ਬੇਚੈਨ, ਭਟਕਦੀਆਂ ਰੂਹਾਂ ਦੇ ਸਿਰਨਾਵੇਂ ਹੁੰਦੇ…! ਪਰ ਰਿਸ਼ਤਿਆਂ ਵਾਂਗ ਰਸਤੇ ਵੀ ਉਹੀ ਭਾਉਂਦੇ ਜਿਹੜੇ ਉਮਰਾਂ ਤੀਕ ਸਾਥ ਨਿਭਾਉਂਦੇ, ਨਵੀਆਂ ਉਮੀਦਾਂ ਜਗਾਉਂਦੇ ਤੇ ਮੰਜਿਲਾਂ ਤੀਕ ਪਹੁੰਚਾਉਂਦੇ…!

     ਅਸੀਂ ਟੁੱਟ-ਭੱਜ ਅਤੇ ਉਥਲ-ਪੁਥਲ ਦੇ ਜ਼ਮਾਨੇ ‘ਚ ਰਹਿ ਰਹੇ ਹਾਂ ਰਿਸ਼ਤੇ ਪਨਪਦੇ ਹਨ, ਟੁੱਟਦੇ ਹਨ, ਫਿਰ ਪਨਪਦੇ ਹਨ, ਫਿਰ ਟੁੱਟਦੇ ਹਨ! ਇੰਝ ਇਹ ਉਥਲ-ਪੁਥਲ ਲਗਾਤਾਰ ਜਾਰੀ ਹੈ! ਰਿਸ਼ਤਿਆਂ ਵਿੱਚ ਖਟਾਸ ਵੀ ਆਉਂਦੀ ਹੈ ਤੇ ਮਿਠਾਸ ਵੀ ਆਉਂਦੀ ਹੈ ।

ਕੁਝ ਰਿਸ਼ਤੇ ਸਾਡੀ ਕਿਸਮਤ ਦੇ ਸੁਨਹਿਰੀ ਤਾਰੇ ਹੁੰਦੇ ਨੇ ਕੁਝ ਰਿਸ਼ਤੇ ਬੋਝਲ ਹੁੰਦੇ ਨੇ, ਬੜੇ ਭਾਰੇ ਹੁੰਦੇ ਨੇ ਕੁਝ ਰਿਸ਼ਤੇ ਮਜ਼ਬੂਤ ਹੁੰਦੇ, ਹੀਰੇ ਵਾਂਗ ਅਨਮੋਲ ਹੁੰਦੇ ਕੁਝ ਰਿਸ਼ਤੇ ਦੁੱਖ-ਸੁੱਖ ਵੇਲੇ ਸਹਾਰੇ ਹੁੰਦੇ ਨੇ ਪਰ ਕੁਝ ਕੁ ਰਿਸ਼ਤੇ ਬੜੇ ਵਿਚਾਰੇ ਹੁੰਦੇ ਨੇ, ਸਮਿਆਂ ਹੱਥੋਂ ਹਾਰੇ ਹੁੰਦੇ ਨੇ…! ਕੁਝ ਰਿਸ਼ਤਿਆਂ ਦੇ ਬਹੁਤਾ ਨਾਲ ਖਹਿਣਾ ਤੇ ਕੁਝ ਰਿਸ਼ਤਿਆਂ ਦੇ ਅਰਥਾਂ ਤੋਂ ਸੱਖਣਾ ਰਹਿਣਾ ਵੀ ਚੰਗਾ ਨਹੀਂ ਹੁੰਦਾ…!      ਕੁਝ ਰਿਸ਼ਤੇ ਸੰਦਲੀ ਸਾਹਾਂ ਦੀ ਸਰਗਮ ਵਰਗੇ! ਜ਼ਖ਼ਮਾਂ ਉੱਪਰ ਲੱਗੀ ਮੱਲ੍ਹਮ ਵਰਗੇ…! ਆਪਣਾਪਣ ਜਤਾਉਂਦੇ, ਸੁੱਚੇ ਜ਼ਜ਼ਬਿਆਂ ਦਾ ਅਹਿਸਾਸ ਕਰਾਉਂਦੇ! ਤਾਂਘ ਬਣਦੇ, ਇੱਛਾ ਬਣਦੇ, ਜਨੂੰਨ ਬਣਦੇ, ਮਨ ਦਾ ਸਕੂਨ ਬਣਦੇ ਕੁਝ ਰਿਸ਼ਤੇ ਬੇਨਾਮ ਹੁੰਦੇ, ਸਮੇਂ ਦੇ ਵਰਕਿਆਂ ‘ਤੇ ਲਿਖੇ ਪੈਗ਼ਾਮ ਹੁੰਦੇ, ਦੂਰੋਂ ਭੇਜੀ ਦਿਲੀ-ਦੁਆ ਹੁੰਦੇ, ਸਲਾਮ ਹੁੰਦੇ…!

ਕੁਝ ਰਿਸ਼ਤੇ ਗੂੰਦ ਜਿਹੇ, ਚਿਪਚਿਪੇ ਵੀ ਹੁੰਦੇ ਮਾਨਸਿਕ ਪ੍ਰ੍ਰੇਸ਼ਾਨੀਆਂ ਦਾ ਸਬੱਬ ਬਣਦੇ ਉੱਬੜ-ਉੱਬੜੇ ਰਾਹਾਂ ‘ਚ ਪਏ ਹੋਏ ਰੋੜੇ ਹੁੰਦੇ, ਸੋਚ ਦੇ ਨੰਗੇ ਪਿੰੰਡੇ ‘ਤੇ ਵੱਜਦੇ ਕੋੜੇ ਹੁੰਦੇ…!

ਰਾਹਵਾਂ ਅਤੇ ਰਿਸ਼ਤਿਆਂ ਦੀ ਸਮਾਨਤਾ ਵੀ ਸਾਹਵਾਂ ਅਤੇ ਹਵਾਵਾਂ ਵਾਂਗ ਹੁੰਦੀ ਕੁਝ ਰਾਹ ਲੰਮੀਂ ਦੂਰੀ ਦੇ ਹੁੰਦੇ ਤੇ ਕੁਝ ਕੁ ਰਾਹ ਬੱਸ ਮਜ਼ਬੂਰੀ ਦੇ ਹੁੰਦੇ ਰਾਹਾਂ ਦੇ ਪਾਂਧੀ ਬਣਨਾ ਬੜਾ ਜ਼ਰੂਰੀ ਹੈ ਘਰ ਦੀ ਦਹਿਲੀਜ਼ ਤੋਂ ਕਈ ਰਾਹ ਨਿੱਕਲਦੇ ਤੁਸੀਂ ਕਿਸ ਰਸਤੇ ‘ਤੇ ਜਾਣਾ ਹੈ, ਇਹ ਤੁਹਾਡੀ ਸੋਚ ਹੈ, ਨਸੀਬ ਹੈ, ਹਾਸਿਲ ਹੈ।

ਰਸਤਿਆਂ ‘ਤੇ ਤੁਰਦਿਆਂ ਕਈ ਵਾਰ ਅਜਿਹੇ ਮੁਸਾਫ਼ਿਰ ਮਿਲ ਜਾਂਦੇ ਜੋ ਤੁਹਾਡੀ ਜ਼ਿੰਦਗੀ ਬਣ ਜਾਂਦੇ ਨਵਾਂ ਰਿਸ਼ਤਾ ਬਣ ਜਾਂਦਾ, ਤੇ ਰਸਤਿਆਂ ‘ਚੋਂ ਇੱਕ ਨਵਾਂ ਰਸਤਾ ਬਣ ਜਾਂਦਾ ਰਸਤੇ ਖ਼ੂਬਸੂਰਤ ਲੱਗਣ ਲੱਗਦੇ, ਚਾਨਣ ਸੰਗ ਭਰ ਜਾਂਦੇ, ਜਗਮਗ-ਜਗਮਗ ਕਰਦੇ…! ਨਵੀਆਂ ਸੰਭਾਵਨਾਵਾਂ, ਨਵੀਆਂ ਭਾਵਨਾਵਾਂ ਜਨਮ ਲੈਂਦੀਆਂ…!

ਪਰ ਜਦ ਕਿਸੇ ਮੁਹੱਬਤੀ ਰਿਸ਼ਤੇ ਤੋਂ, ਗੁਲਾਬੀ ਰਸਤੇ ਤੋਂ ਵੱਖ ਹੋਣਾ ਪੈ ਜਾਵੇ ਤਾਂ ਅੰਦਰੋਂ ਬੜਾ ਕੁਝ ਟੁੱਟ ਜਾਂਦਾ, ਜਿਉਂ ਕੋਈ ਪਾਟੀ ਲੀਰ ਨੂੰ ਝਾਫਿਆਂ ‘ਤੇ ਸੁੱਟ ਜਾਂਦਾ…! ਸੁਪਨੇ, ਸੱਧਰਾਂ, ਰੂਹਾਂ ਜ਼ਖ਼ਮੀ ਹੋ ਜਾਂਦੇ, ਹੌਲੀ-ਹੌਲੀ ਇਹ ਜ਼ਖ਼ਮ ਨਾਸੂਰ ਬਣ ਜਾਂਦੇ ਰਿਸਦੇ ਰਹਿੰਦੇ, ਰਿਸਦੇ ਰਹਿੰਦੇ…! ਰਿਸ਼ਤਿਆਂ ਦੀਆਂ ਤੰਦਾਂ ਬੜੀਆਂ ਬਰੀਕ ਹੁੰਦੀਆਂ ਨੇ ਉਮੀਦਾਂ, ਜਜ਼ਬਿਆਂ ਦੇ ਸੁੱਚੇ ਤਵੀਤ ਹੁੰਦੇ ਨੇ ਰਿਸ਼ਤੇ ਆਓ ਦੋਸਤੋ! ਸਰਗਮ ਪੈਦਾ ਕਰਦੇ ਇਹਨਾਂ ਰਿਸ਼ਤਿਆਂ ਦੀਆਂ ਤੰਦਾਂ, ਵਿਸ਼ਵਾਸ, ਉਮੀਦਾਂ ਟੁੱਟਣ ਤੋਂ ਬਚਾਈਏ, ਰਸਤਿਆਂ ਨੂੰ ਅੱਧ-ਵਿਚਕਾਰੇ ਮੁੱਕਣ ਤੋਂ ਬਚਾਈਏ…! ਸ਼ਾਲਾ, ਰਸਤਿਆਂ ਤੇ ਰਿਸ਼ਤਿਆਂ ਦੀਆਂ ਉਮਰਾਂ ਲੰਮੀਆਂ ਹੋਵਣ ।

ਕੱਕੜੀਆ ਗਲੀ, ਮੁਹੱਲਾ ਕਸ਼ਮੀਰੀਆਂ,
ਪੁਰਾਣਾ ਸ਼ਹਿਰ, ਕੋਟਕਪੂਰਾ (ਫਰੀਦਕੋਟ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।