ਪੰਜਾਬ ਗੈਂਗਲੈਂਡ ਕਿਉਂ ਬਣ ਰਿਹੈ?

Punjab, Gangland, Happening

ਮਨਦੀਪ

ਪਿਛਲੇ ਸਮੇਂ ਤੋਂ ਪੰਜਾਬ ਅੰਦਰ ਕੁੱਝ ਗੈਂਗਸਟਰਾਂ ਦੇ ਪੁਲਿਸ ਮੁਕਾਬਲੇ ‘ਚ ਮਾਰੇ ਜਾਣ ਬਾਅਦ ਇਸ ਵਰਤਾਰੇ ਸਬੰਧੀ ਸਮਾਜ ‘ਚ ਤਿੱਖੀ ਬਹਿਸ ਛਿੜੀ ਹੋਈ ਹੈ। ਸਾਡੇ ਸਮਾਜ ‘ਚ ਜਿਆਦਾਤਰ ਨੌਜਵਾਨਾਂ ਦੀ ਸੰਵੇਦਨਾ ਉੱਪਰ ਗੈਂਗਸਟਰਾਂ ਦੇ ਦਬੰਗ ਨਾਇਕਤਵ ਦਾ ਪ੍ਰਭਾਵ ਹੁੰਦਾ। ਇਸ ਲਈ ਉਹ ਇਸ ਵਰਤਾਰੇ ਸਬੰਧੀ ਉਲਾਰ ਪਹੁੰਚ ਰੱਖਦੇ ਹਨ। ਸਮਾਜ ਪ੍ਰਤੀ ਸੰਵੇਦਨਸ਼ੀਲ ਲੋਕ ਹਮੇਸ਼ਾ ਨੌਜਵਾਨ ਪੀੜ੍ਹੀ ‘ਚੋਂ ਸਮਾਜ ਦਾ ਚੰਗਾ ਭਵਿੱਖ ਤਲਾਸ਼ਦੇ ਹਨ। ਜਦੋਂ ਉਹਨਾਂ ਦੀਆਂ ਅੱਖਾਂ ਸਾਹਮਣੇ ਭਵਿੱਖ ਦਾ ਇਹ ਹੋਣਹਾਰ ਸਰਮਾਇਆ ਕੁਰਾਹੇ ਪੈ ਕੇ ਹੱਥਾਂ ‘ਚੋਂ ਰੇਤ ਵਾਂਗ ਕਿਰ ਰਿਹਾ ਹੋਵੇ ਤਾਂ ਉਹਨਾਂ ਦੀ ਰੂਹ ਤੜਫਦੀ ਹੈ ਤੇ ਰੂਹ ਦੀ ਇਹ ਤੜਪਨ ਨੌਜਵਾਨ ਪੀੜ੍ਹੀ ਦੇ ਕੁਰਾਹੇ ਪੈਣ ਦੇ ਕਾਰਨ ਤੇ ਇਸਦਾ ਹੱਲ ਤਲਾਸ਼ਦੀ ਹੈ।

ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਗੈਂਗਸਟਰ ਬੁਰੇ ਸਮਾਜ ਦੀ ਨਿਸ਼ਾਨੀ ਹਨ ਤੇ ਬੁਰਾ ਸਮਾਜ ਗਲਤ ਤੇ ਮਾੜੇ ਰਾਜ ਪ੍ਰਬੰਧ ਦੀ ਦੇਣ ਹੈ। ਸਮਾਜ ਦੀ ਚੰਗੀ ਵਿਵਸਥਾ ਨੂੰ ਬਣਾਈ ਰੱਖਣ ਦਾ ਦਾਅਵਾ ਕਰਨ ਵਾਲਾ ਰਾਜ ਪ੍ਰਬੰਧ ਤੇ ਇਸਦੀਆਂ ਨੁਮਾਇੰਦਾ ਸਰਕਾਰਾਂ ਜਦੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਨਾਕਾਮ ਹੁੰਦੀਆਂ ਹਨ ਤਾਂ ਸਮਾਜ ਦੇ ਸਾਰੇ ਅੰਗਾਂ ‘ਚ ਨਾਸੂਰ ਫੈਲਣਾ ਸ਼ੁਰੂ ਹੋ ਜਾਂਦਾ ਹੈ ਜੋ ਹੌਲੀ-ਹੌਲੀ ਰਿਸਣ ਲੱਗਦਾ ਹੈ। ਗੈਂਗਸਟਰ ਸਮਾਜ ਦਾ ਇੱਕ ਨਾਸੂਰ ਹਨ ਤੇ ਇਸ ਰੋਗ ਦੀਆਂ ਜੜ੍ਹਾਂ ਮੌਜੂਦਾ ਰਾਜ ਪ੍ਰਬੰਧ ‘ਚ ਪਈਆਂ ਹਨ ਜਿਸ ਧਰਾਤਲ ‘ਤੇ ਇਹ ਨਾਸੂਰ ਫਲਦਾ-ਫੁਲਦਾ ਹੈ।

 ਇਹ ਰਾਜ ਪ੍ਰਬੰਧ ਤੇ ਇਸਦੀਆਂ ਨੁਮਾਇੰਦਾ ਸਰਕਾਰਾਂ ਸਮਾਜ ਦੇ ਆਮ ਨਾਗਰਿਕਾਂ ਨੂੰ ਉਹ ਕੁੱਝ ਨਹੀਂ ਦਿੰਦੀਆਂ ਜਿਸਦਾ ਇਹ ਹਮੇਸ਼ਾ ਦਾਅਵਾ ਕਰਦੀਆਂ ਹਨ। ਮਸਲਨ ਸਿਹਤ ਸਹੂਲਤਾਂ, ਮਿਆਰੀ ਸਿੱਖਿਆ, ਰੁਜ਼ਗਾਰ ਆਦਿ। ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਭਵਿੱਖ ਹਨ੍ਹੇਰੇ ਵਿੱੱਚ ਹੈ। ਨੌਜਵਾਨ ਤਬਕੇ ਦੇ ਵਿਹਲੇ ਹੱਥਾਂ ਕੋਲ ਕੋਈ ਰੁਜ਼ਗਾਰ ਨਹੀਂ ਸਿੱਖਿਆ ਤੇ ਹੋਰ ਸਵੈ-ਰੁਜਗਾਰ ਦੇ ਧੰਦੇ ਉਨ੍ਹਾਂ ਦੀ ਡੁੱਬਦੀ ਬੇੜੀ ਪਾਰ ਨਹੀਂ ਲਾ ਰਹੇ। ਅਜਿਹੇ ‘ਚ ਨੌਜਵਾਨ ਪੀੜ੍ਹੀ ਨਸ਼ੇ, ਪ੍ਰਵਾਸ, ਗੁੰਡਾਗਰਦੀ ਆਦਿ ਬੁਰੀਆਂ ਅਲਾਮਤਾਂ ਦੀ ਸ਼ਿਕਾਰ ਹੋਣ ਲਈ ਮਜਬੂਰ ਹੋ ਰਹੀ ਹੈ। ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਤੋਂ ਬਿਨਾਂ ਚੰਗੇ ਮਨੁੱਖ ਦੀ ਉਸਾਰੀ ਲਈ ਸਿਹਤਮੰਦ ਸੱਭਿਆਚਾਰ ਦੀ ਵੀ ਲੋੜ ਹੁੰਦੀ ਹੈ। ਸਿਤਮਜਰੀਫੀ ਇਹ ਹੈ ਕਿ ਸਾਡੇ ਸਮਾਜ ਦਾ ਸੱਭਿਆਚਾਰ ਮੌਜੂਦਾ ਰਾਜ ਵਿਵਸਥਾ ਵਾਂਗ ਲੋਟੂ, ਦੋਗਲਾ ਤੇ ਜਾਬਰ ਹੈ। ਇਹ ਊਚ-ਨੀਚ, ਅਮੀਰ-ਗਰੀਬ ਤੇ ਜਾਤੀ ਤੁਅਸਬਾਂ ਨਾਲ ਭਰਿਆ ਪਿਆ ਹੈ। ਇਹ ਨੌਜਵਾਨਾਂ ਵਿਦਿਆਰਥੀਆਂ ‘ਚ ਹੱਦ ਦਰਜੇ ਦਾ ਫੁਕਰਾਪਣ, ਨਕਲ, ਪਿੱਛਲੱਗਤਾ, ਮੌਕਾਪ੍ਰਸਤੀ, ਹੋਛਾਪਣ, ਅਸ਼ਲੀਲਤਾ, ਅਨੈਤਿਕਤਾ, ਹਿੰਸਕ ਬਿਰਤੀਆਂ ਆਦਿ ਪੈਦਾ ਕਰਦਾ ਹੈ। ਇਹ ਉਹਨਾਂ ਦੀ ਮੌਲਿਕ ਸਮਰੱਥਾ ਨੂੰ ਗਲਤ ਮੂੰਹਾਂਦਰਾ ਦਿੰਦਾ ਹੈ। ਸਮਾਜ ਦਾ ਜ਼ਿਆਦਾਤਰ ਗਰੀਬ ਵਰਗ ਇਹਨਾਂ ਲਾਲਸਾਵਾਂ ਨੂੰ ਪਾਉਣ ਤੋਂ ਅਸਮਰੱਥ ਰੋਜੀ-ਰੋਟੀ ਤੇ ਚੰਗੀ ਜ਼ਿੰਦਗੀ ਦੀ ਭਾਲ ‘ਚ ਰੁਲ਼ ਜਾਂਦਾ ਹੈ। ਇਨ੍ਹਾਂ ਵਿਚੋਂ ਥੋੜ੍ਹੀ ਗਿਣਤੀ ਤਬਕਾ ਅਪਰਾਧਿਕ ਗਤੀਵਿਧੀਆਂ ‘ਚ ਗਲਤਾਨ ਹੋ ਜਾਂਦਾ ਹੈ।

ਤੇ ਇਸਦੇ ਨਾਲ ਹੀ ਸਮਾਜ ਦਾ ਥੋੜ੍ਹਾ-ਬਹੁਤਾ ਰੱਜਿਆ-ਪੁੱੱਜਿਆ ਵਰਗ ਫੁਕਰੇ ਤੇ ਨਕਲਚੀ ਸੱਭਿਆਚਾਰ ਤੇ ਸਿਆਸੀ ਲੋਕਾਂ ਦੀਆਂ ਚਾਲਾਂ ਦੀ ਭੇਟ ਚੜ੍ਹ ਜਾਂਦਾ ਹੈ। ਸਿਰ ‘ਤੇ ਸਵਾਰ ਫਿਲਮੀ ਹੀਰੋਇਜ਼ਮ ਦੇ ਭੂਤ ਦੇ ਚਲਦਿਆਂ ਕੁਰਾਹੇ ਪਏ ਇਹ ਨੌਜਵਾਨ ਅਸਲ ‘ਚ ਆਪਣੇ-ਆਪ ਨੂੰ ਵੋਟ ਪਾਰਟੀਆਂ ਦੇ ਵਫਾਦਾਰ ਤੇ ਵਧੇਰੇ ਸਮਰੱਥ ਭਾੜੇ ਦੇ ਗੁੰਡਿਆਂ ਦੇ ਤੌਰ ‘ਤੇ ਤਿਆਰ ਕਰ ਰਹੇ ਹੁੰਦੇ ਹਨ ਤੇ ਅੱਗੇ ਚੱਲ ਕੇ ਸਮਾਜ ਦੇ ਇਹ ਵਿਗੜੇ ਤੱਤ ਸਿਆਸੀ ਨੇਤਾਵਾਂ ਦੇ ਢਹੇ ਚੜ੍ਹ ਕੇ ਲੋਕਾਂ ਤੇ ਲੋਕਾਂ ਲਈ ਲੜਨ ਵਾਲ਼ੀਆਂ ਸ਼ਕਤੀਆਂ ਤੇ ਵਿਅਕਤੀਆਂ ਖ਼ਿਲਾਫ਼ ਭੁਗਤਦੇ ਹਨ। ਲੋਕ ਸੰਘਰਸ਼ਾਂ ਨੂੰ ਤਾਰਪੀਡੋ ਕਰਨ ਤੋਂ ਲੈ ਕੇ ਕਤਲ ਤੱਕ ਕਰਕੇ ਰਾਜਨੀਤੀਵਾਨਾਂ ਤੋਂ ਆਪਣੀ ਵਫ਼ਾਦਾਰੀ ਦਾ ਸਰਟੀਫ਼ਿਕੇਟ ਹਾਸਲ ਕਰਦੇ ਹਨ। ਵਿੱਦਿਅਕ ਸੰਸਥਾਵਾਂ ‘ਚ ਇਹ ਗੁੰਡਾ ਟੋਲਾ (ਜੋ ਗੈਂਗਸਟਰ ਬਣਨ ਤੋਂ ਪਹਿਲਾਂ ਇੱਥੇ ਹਾਲੇ ਆਪਣੇ ਭਰੂਣ ਰੂਪ ‘ਚ ਹੁੰਦਾ ਹੈ) ਵੱਖ-ਵੱਖ ਵੋਟ ਪਾਰਟੀਆਂ ਦੇ ਅਖੌਤੀ ਵਿਦਿਆਰਥੀ ਵਿੰਗਾਂ ਦੀ ਅਗਵਾਈ ਕਰ ਰਿਹਾ ਹੁੰਦਾ ਹੈ। ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ‘ਚ ਵਿਦਿਆਰਥੀ ਹੱਕਾਂ ਖ਼ਿਲਾਫ਼ ਤੇ ਵਿਦਿਆਰਥੀ ਹੱਕਾਂ ਲਈ ਲੜ ਰਹੀਆਂ ਖਰੀਆਂ ਵਿਦਿਆਰਥੀ ਜੱਥੇਬੰਦੀਆਂ ਖ਼ਿਲਾਫ਼ ਭੁਗਤਣ ਦਾ ਇਹਨਾਂ ਗੁੰਡਾ ਟੋਲਿਆਂ ਦਾ ਲੰਮਾ ਤੇ ਪੁਰਾਣਾ ਇਤਿਹਾਸ ਚੱਲਿਆ ਆ ਰਿਹਾ ਹੈ। ਸਿਆਸੀ ਸ਼ਹਿ ਪ੍ਰਾਪਤ ਇਹਨਾਂ ਗੁੰਡਾ ਟੋਲਿਆਂ ਦੁਆਰਾ ਉੱਘੇ ਵਿਦਿਆਰਥੀ ਆਗੂ ਪ੍ਰਿਥੀਪਾਲ ਰੰਧਾਵਾ ਦਾ ਕਤਲ ਕਰਨ ਦੀ ਉਦਾਹਰਨ ਇਨ੍ਹਾਂ ਦੇ ਕਿਰਦਾਰ ਦੀ ਇੱਕ ਉੱਘੜਵੀਂ ਮਿਸਾਲ ਹੈ। ਭਾੜੇ ਦੇ ਗੁੰਡਿਆਂ ਦੁਆਰਾ ਕਿਸਾਨ ਲਹਿਰ ਦੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਨੂੰ ਕਤਲ ਕਰਨ ਦੀ ਉਦਾਹਰਨ ਸਭ ਤੋਂ ਤਾਜਾ ਉਦਾਹਰਨ ਹੈ। ਸਿਆਸੀ ਸ਼ਹਿ ਪ੍ਰਾਪਤ ਇਹੀ ਗੁੰਡਾ ਟੋਲੇ ਸਿਆਸੀ ਕਾਨਫਰੰਸਾਂ ਲਈ ਭੀੜਾਂ ਇਕੱਠੀਆਂ ਕਰਨ ਤੇ ਵੋਟਾਂ ਹਾਸਲ ਕਰਨ ਲਈ ਖੂਬ ਸਰਗਰਮ ਹੁੰਦੇ ਹਨ। ਇਨ੍ਹਾਂ ਨੂੰ ਨਸ਼ਿਆਂ ਦੀ ਤਸਕਰੀ ਤੋਂ ਲੈ ਕੇ ਕੁੱਟਮਾਰ ਕਰਨ, ਬੂਥਾਂ ‘ਤੇ ਕਬਜੇ ਕਰਨ, ਨਜਾਇਜ਼ ਕਬਜੇ ਕਰਨ ਤੇ ਕਤਲ ਕਰਨ ਲਈ ਵਰਤਿਆ ਜਾਂਦਾ ਹੈ।

ਪਿੰਡ ਦੀਆਂ ਪੰਚਾਇਤੀ ਚੋਣਾਂ ਤੋਂ ਲੈ ਕੇ ਲੋਕ ਸਭਾ ਦੀਆਂ ਚੋਣਾਂ ਤੱਕ ਹਰ ਰੰਗ ਦੀ ਵੋਟ ਵਟੋਰੂ ਪਾਰਟੀ ਦੇ ਨੇਤਾਵਾਂ ਵੱਲੋਂ ਭਾੜੇ ਦੇ ਗੁੰਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਲਾਲੀ ਬਦਲੇ ਇਨ੍ਹਾਂ ਗੁੰਡਾ ਟੋਲਿਆਂ ਨੂੰ ਹਰ ਤਰ੍ਹਾਂ ਦੇ ਅਪਰਾਧ ਕਰਨ ਤੇ ਥਾਣਿਆਂ-ਕਚਹਿਰੀਆਂ ‘ਚ ਚੱਲਣ ਵਾਲੇ ਕੇਸਾਂ ਤੋਂ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ। ਇਹ ਸਿਆਸੀ ਲੋਕ ਆਪਣਾ ਮਤਲਬ ਨਿੱਕਲਣ ‘ਤੇ ਜ਼ਿਆਦਾ ਸਮਰੱਥ ਤੇ ਵਫਾਦਾਰ ਮੋਹਰਾ ਮਿਲਣ ‘ਤੇ ਪਹਿਲੇ ਨੂੰ ਜਾਂ ਤਾਂ ਕੂੜੇਦਾਨ ਵਿੱਚ ਸੁੱਟ ਦਿੰਦੇ ਹਨ ਤੇ ਜਾਂ ਫਿਰ ਗੈਂਗਵਾਰ, ਪੁਲਿਸ ਮੁਕਾਬਲਿਆਂ ‘ਚ ਮਰਵਾ ਦਿੱਤੇ ਜਾਂਦੇ ਹਨ। ਦੂਜੇ ਪਾਸੇ ਇਹ ਵਿਗੜੇ ਤੱਤ ਜਦ ਤੱਕ ਸਿਆਸੀ ਸ਼ਾਬਾਸ਼ ਮਿਲਦੀ ਰਹਿੰਦੀ ਹੈ ਤਦ ਤੱਕ ਇਹ ਚੰਮ ਦੀਆਂ ਚਲਾਉਂਦੇ ਹਨ ਪਰ ਜਦੋਂ ਸ਼ਹਿ ਮਿਲਣੋ ਹਟ ਜਾਂਦੀ ਹੈ ਤਦ ਲੋਕ ਸੇਵਾ ਦਾ ਮਖੌਟਾ ਪਹਿਣ ਲੈਂਦੇ ਹਨ। ਤੇ ਸਾਡੇ ਕਈ ਅਗਾਂਹਵਧੂ ਲੋਕ ਵੀ ਇਹਨਾਂ ਸਮਾਜ ਸੇਵੀਆਂ ਦੀ ਵਾਹ-ਵਾਹ ਕਰਨ ਲੱਗ ਜਾਂਦੇ ਹਨ। ਉਹ ਸੱਤਾ ਵਿਰੋਧੀ ਹਰ ਅਵਾਜ਼ ਨੂੰ ਆਪਣਾ ਭਾਈਵਾਲ ਸਮਝਣ ਦੇ ਚੱਕਰ ‘ਚ ਇਹਨਾਂ ਸੁਧਾਰਵਾਦੀ ਤੱਤਾਂ ਦੀ ਮਜ਼ਬੂਤੀ ਦਾ ਸਹਾਇਕ ਬਣ ਬਹਿੰਦੇ ਹਨ। ਸੋ ਅਜਿਹੇ ਮਾਮਲਿਆਂ ਪ੍ਰਤੀ ਸੰਤੁਲਿਤ ਪਹੁੰਚ ਅਪਣਾਉਣੀ ਚਾਹੀਦੀ ਹੈ।

ਭਾਵੇਂ ਨੌਜਵਾਨਾਂ ਦੇ ਗੈਂਗਸਟਰ ਬਣਨ ‘ਚ ਮੌਜੂਦਾ ਰਾਜ ਪ੍ਰਬੰਧ ਤੇ ਉਨ੍ਹਾਂ ਦੇ ਸਿਆਸੀ ਚੌਧਰੀਆਂ ਦਾ ਵੱਡਾ ਹੱਥ ਹੈ ਪਰ ਇਸ ਰਾਹ ਪੈਣ ਵਾਲੇ ਬਹੁਤੇ ਨੌਜਵਾਨ ਨਿੱਜੀ ਤੌਰ ‘ਤੇ ਸਮਾਜ ਅਤੇ ਲੋਕਾਂ ਪ੍ਰਤੀ ਅਸੰਵੇਦਨਸ਼ੀਲ ਹੁੰਦੇ ਹਨ। ਇਹ ਲੋਕ ਸਮਾਜ ਅੰਦਰ ਆਪਣੇ ਨਾਇਕਤਵ ਦਾ ਜਾਅਲੀ ਕਲਟ ਤਿਆਰ ਕਰਨ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ। ਕਿਸੇ ਗਊ ਗਰੀਬ ਦੀ ਰੱਖਿਆ ਦੇ ਅਰਥ ਇਨ੍ਹਾਂ ਲਈ ਵਿਅਕਤੀਗਤ ਹਉਮੈ ਨੂੰ ਪੱਠੇ ਪਾਉਣਾ ਹੀ ਹੁੰਦਾ ਹੈ। ਇਹ ਤਬਕਾ ਕਦੇ ਵੀ ਤੁਹਾਨੂੰ ਰੁਜ਼ਗਾਰ, ਸਿੱਖਿਆ ਤੇ ਸਿਹਤ ਦੇ ਬੁਨਿਆਦੀ ਹੱਕਾਂ ਲਈ ਲੜਦਾ ਨਜ਼ਰ ਨਹੀਂ ਆਵੇਗਾ ਜਦਕਿ ਮਜਦੂਰ ਜਮਾਤ ਦੀ ਹੋ ਰਹੀ ਬਰਬਰ ਲੁੱਟ-ਖਸੁੱਟ, ਔਰਤ ਤੇ ਦਲਿਤ ਅੱਤਿਆਚਾਰਾਂ, ਗਰੀਬ ਕਿਸਾਨਾਂ ਦੀ ਹੋ ਰਹੀ ਲੁੱਟ, ਕਾਲੇ ਕਾਨੂੰਨਾਂ ਆਦਿ ਖਿਲਾਫ ਲੜਨਾ ਤਾਂ ਬਹੁਤ ਦੂਰ ਦੀ ਗੱਲ ਹੈ।

ਗੈਂਗਸਟਰਾਂ ਦੀਆਂ ਆਪਸੀ ਗੁੱਟਮਾਰ ਲੜਾਈਆਂ ਅਤੇ ਪੁਲਿਸ ਤੇ ਸਿਆਸੀ ਲੋਕਾਂ ਸਬੰਧੀ ਕਈ ਤਰ੍ਹਾਂ ਦੇ ਰੌਲੇ ਪਿਛਲੇ ਸਮੇਂ ਤੋਂ ਖਾਸਕਰ ਸੋਸ਼ਲ ਮੀਡੀਆ ਦੀ ਵਰਤੋਂ ਦੇ ਵਾਧੇ ਤੋਂ ਬਾਅਦ ਵੱਡੀ ਪੱਧਰ ‘ਤੇ ਨਸ਼ਰ ਹੋਣ ਲੱਗੇ ਹਨ। ਇਹ ਸਿਆਸਤ ਦਾ ਅੰਦਰੂਨੀ ਵਿਰੋਧ ਹੈ। ਇਸ ਵਿਰੋਧ ‘ਚ ਸੱਤਾ ਦੀਆਂ ਜਾਂ ਉਸਦੀਆਂ ਭਾਈਵਾਲ ਕਮਜੋਰ ਕੜੀਆਂ ਦੀ ਬਲੀ ਦਿੱਤੀ ਹੀ ਜਾਂਦੀ ਰਹੀ ਹੈ ਤੇ ਅੱਗੋਂ ਵੀ ਦਿੱਤੀ ਜਾਂਦੀ ਰਹੇਗੀ। ਗੈਂਗਸਟਰ ਸੱਤਾ ਦੀ ਭਾਈਵਾਲ ਕਮਜੋਰ ਕੜੀ ਹੈ। ਪਰ ਇਸਦਾ ਸੇਕ ਸਮਾਜ ਨੂੰ ਲੱਗ ਰਿਹਾ ਹੈ। ਗੈਂਗਵਾਰ ਤੇ ਝੂਠੇ ਪੁਲਿਸ ਮੁਕਾਬਲਿਆਂ ‘ਚ ਜਿੱਥੇ ਇੱਕ ਪਾਸੇ ਨੌਜਵਾਨਾਂ ਦੇ ਕਤਲ ਕਰਕੇ ਦਹਿਸ਼ਤ ਦਾ ਮਹੌਲ ਸਿਰਜਿਆ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਅਮਨ-ਕਾਨੂੰਨ ਦੀ ਸਥਿਤੀ ਨੂੰ (ਸੱਤਾ ਵੱਲੋਂ ਆਪੂੰ ਪੈਦਾ ਕੀਤੇ ਖਤਰੇ ਨੂੰ) ਕੰਟਰੋਲ ਕਰਨ ਦੇ ਬਹਾਨੇ ਜਾਂ ਇਸਦੀ ਵਾਜਬੀਅਤ ਦਰਸਾਕੇ ਜਾਬਰ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਹਨ। ਸਵਾਲ ਗੈਂਗਵਾਦ ਦਾ ਵਿਰੋਧ ਕਰਦਿਆਂ ਸਥਾਈ ਪ੍ਰਸ਼ਾਸਨਿਕ ਗੁੰਡਾਗਰਦੀ ਦਾ ਵਿਰੋਧ ਕਰਨ ਦਾ ਹੈ। ਪੰਜਾਬ ਗੈਂਗਲੈਂਡ ਰਾਜਸੱਤਾ ਦੇ ਅਹਿਮ ਅੰਗ ਸਰਕਾਰ ਤੇ ਉਸਦੇ ਮੰਤਰੀਆਂ, ਅਦਾਲਤਾਂ ਤੇ ਉਸਦੇ ਨਿਹੱਕੇ ਤੇ ਜਾਬਰ ਕਾਨੂੰਨਾਂ, ਪੁਲਿਸ ਆਦਿ ਦੀ ਮਿਲੀਭੁਗਤ ਨਾਲ ਬਣ ਰਿਹਾ ਹੈ। ਨਸ਼ੇ ਅਤੇ ਲੱਚਰ ਗਾਇਕੀ (ਜੋ ਆਪਣੇ ਅਸਲੇ ਵਜੋਂ ਇਸੇ ਰਾਜਪ੍ਰਬੰਧ ਦੀ ਦੇਣ ਹਨ) ਗੈਂਗਵਾਦ ਨੂੰ ਬੜਾਵਾ ਦੇਣ ਦੇ ਕੇਵਲ ਵਾਹਕ ਮਾਤਰ ਹਨ ਨਾ ਕਿ ਇਸਦੀ ਜੜ੍ਹ। ਮੌਜੂਦਾ ਸਮੇਂ ‘ਚ ਗੈਂਗਵਾਦ ਨੂੰ ਬੜਾਵਾ ਦੇਣ ‘ਚ ਵੱਖ-ਵੱਖ ਸਿਆਸੀ ਲੀਡਰਾਂ ਦੇ ਨਾਂਵਾਂ ਦਾ ਸਾਹਮਣੇ ਆਉਣਾ ਵੀ ਵੋਟ ਪਾਰਟੀਆਂ ਦੇ ਸੰਕਟ ਦਾ ਇਜਹਾਰ ਹੈ। ਸੋ ਬੁਰਕੀ ਸੁੱਟਣਾ ਹਕੂਮਤਾਂ ਦਾ ਖਾਸਾ ਹੈ ਇਹ ਹੁਣ ਗੈਂਗਵਾਦ ਦੇ ਝਾਂਸੇ ‘ਚ ਆ ਰਹੇ ਨੌਜਵਾਨਾਂ ਦਾ ਨੈਤਿਕ ਫਰਜ ਹੈ ਕਿ ਉਹ ਇਤਿਹਾਸ ਦੀ ਕਿਸ ਧਾਰਾ ‘ਚ ਸ਼ੁਮਾਰ ਹੋਣਾ ਚਾਹੁੰਦੇ ਹਨ?

ਸੱਦੋਵਾਲ, ਬਰਨਾਲਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।