ਪ੍ਰਾਈਵੇਟ ਕੰਪਨੀ ਦੇ ਟੈਂਡਰ ਰੱਦ ਕਰਨ ਦੀ ਰੱਖੀ ਮੰਗ
ਸੰਗਰੂਰ (ਗੁਰਪ੍ਰੀਤ ਸਿੰਘ ) | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੂਹਰੇ ਅੱਜ ਜ਼ਿਲ੍ਹਾ ਸੰਗਰੂਰ ਦੀਆਂ ਵੱਖ ਵੱਖ ਟਰੱਕ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਇਕੱਤਰ ਹੋ ਕੇ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਟਰੱਕ ਆਪਰੇਟਰ ਮੰਗ ਕਰ ਰਹੇ ਸਨ ਕਿ ਪਿਛਲੇ ਦਿਨੀਂ ਢੋਆ ਢੁਆਈ ਸਬੰਧੀ ਜਿਹੜੀ ਪ੍ਰਾਈਵੇਟ ਕੰਪਨੀ ਵੱਲੋਂ ਟੈਂਡਰ ਪਾਏ ਗਏ ਹਨ, ਉਸ ਨੂੰ ਰੱਦ ਕੀਤਾ ਜਾਵੇ ਤੇ ਬੀਤੇ ਦਿਨ ਟਰੱਕ ਅਪਰੇਟਰ ਤੇ ਹੋਏ ਜਾਨਲੇਵਾ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਜੇਕਰ ਟੈਂਡਰ ਰੱਦ ਨਾ ਕੀਤੇ ਗਏ ਤਾਂ ਕੋਈ ਵੀ ਟਰੱਕ ਆਪਰੇਟਰ ਮੰਡੀਆਂ ਵਿੱਚੋਂ ਮਾਲ ਨਹੀਂ ਚੁੱਕੇਗਾ
ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿੱਚ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਟੈਂਡਰ ਪਾਏ ਗਏ ਹਨ ਜਿਨ੍ਹਾਂ ਨੂੰ ਟੈਂਡਰ ਕਮੇਟੀ ਵੱਲੋਂ ਤਕਨੀਕੀ ਤੌਰ ਤੇ ਰੱਦ ਕਰ ਦਿੱਤਾ ਗਿਆ ਸੀ ਪਰ ਕਥਿਤ ਮਿਲੀ ਭੁਗਤ ਕਾਰਨ ਦੁਬਾਰਾ ਟੈਂਡਰ ਪਾਸ ਕਰ ਦਿੱਤੇ ਗਏ
ਉਨ੍ਹਾਂ ਦੋਸ਼ ਲਾਇਆ ਕਿ ਉਕਤ ਪ੍ਰਾਈਵੇਟ ਏਜੰਸੀ ਕੋਲ ਢੋਆ ਢੁਆਈ ਕਰਨ ਲਈ ਕੋਈ ਵੀ ਵਹੀਕਲ ਨਹੀਂ ਹੈ ਅਤੇ ਜਿਹੜੇ ਵਹੀਕਲ ਦਰਸਾਏ ਗਏ ਹਨ, ਉਹ ਢੋਆ ਢੁਆਈ ਦੇ ਯੋਗ ਨਹੀਂ ਹਨ ਜਿਸ ਕਾਰਨ ਫੌਰੀ ਤੌਰ ਤੇ ਇਨ੍ਹਾਂ ਟੈਂਡਰਾਂ ਨੂੰ ਰੱਦ ਕੀਤਾ ਜਾਵੇ
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕੁਝ ਹਮਲਾਵਰਾਂ ਨੇ ਟਰੱਕ ਐਸੋਸੀਏਸ਼ਨ ਦੇ ਆਗੂਆਂ ਤੇ ਸ਼ਰੇਆਮ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਅਤੇ ਹਾਲੇ ਤੱਕ ਪੁਲਿਸ ਨੇ ਇਨ੍ਹਾਂ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਹਮਲਾਵਰਾਂ ਨੂੰ ਫੜ ਕੇ ਥਾਣੇ ਅੰਦਰ ਡੱਕਿਆ ਜਾਵੇ
ਇਸ ਉਪਰੰਤ ਸਰਬ ਸੰਮਤੀ ਨਾਲ ਫੈਸਲਾ ਹੋਇਆ ਕਿ ਜ਼ਿਲ੍ਹੇ ਵਿੱਚ ਕੋਈ ਵੀ ਟਰੱਕ ਆਪਰੇਟਰ ਉਕਤ ਏਜੰਸੀ ਨੂੰ ਆਪਣੇ ਟਰੱਕ ਨਹੀਂ ਭੇਜੇਗਾ ਅਤੇ ਜ਼ਿਲ੍ਹੇ ਵਿੱਚ ਕਿਸੇ ਵੀ ਥਾਂ ਤੇ ਢੋਆ ਢੁਆਈ ਨਹੀਂ ਕੀਤੀ ਜਾਵੇਗੀ
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਤੇਜ ਸਿੰਘ, ਵਿਪਨ ਸ਼ਰਮਾ ਜ਼ਿਲ੍ਹਾ ਪ੍ਰਧਾਨ ਦਸ਼ਮੇਸ਼ ਟਰੱਕ ਆਪਰੇਟਰ ਐਸੋਸੀਏਸ਼ਨ, ਮੇਜਰ ਸਿੰਘ ਮਾਲੇਰਕੋਟਲਾ, ਮੁਖਤਿਆਰ ਸਿੰਘ ਮੂਣਕ, ਮਨਜੀਤ ਸਿੰਘ ਸੁਨਾਮ, ਸੁਖਦੇਵ ਸਿੰਘ ਸ਼ੇਰਪੁਰ, ਭਗਵੰਤ ਸਿੰਘ, ਜੋਗਿੰਦਰ ਸਿੰਘ ਆਦਿ ਟਰੱਕ ਆਪਰੇਟਰ ਵੀ ਮੌਜ਼ੂਦ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।