32 ਦਿਨਾਂ ਤੋਂ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਨਹੀਂ ਵੋਟਾਂ ਦਾ ਚਾਅ
ਭਾਈ ਬਖਤੌਰ (ਬਠਿੰਡਾ), ਸੁਖਜੀਤ ਮਾਨ
”ਸਾਡੇ ਖੇਤ ਤਿਹਾਏ ਮਰਦੇ ਨੇ। ਜ਼ਮੀਨ ਠੇਕੇ ‘ਤੇ ਲੈਣ ਵੇਲੇ ਠੇਕਾ ਨਹਿਰੀ ਦਾ ਭਰਦੇ ਹਾਂ ਤੇ ਬੀਜ਼ਦੇ ਬਰਾਨੀ ਹਾਂ। ਠੇਕਾ ਵੀ ਹੁਣ ਸਿਰ ਟੁੱਟਦਾ ਹੈ। ਖੇਤਾਂ ‘ਚ ਦਿਲ ਲੱਗਣੋ ਹਟ ਗਿਆ।” ਇਹ ਦਰਦ ਟੇਲਾਂ ‘ਤੇ ਪੈਂਦੇ ਉਨ੍ਹਾਂ ਸੱਤ ਪਿੰਡਾਂ ਦੇ ਕਿਸਾਨਾਂ ਦਾ ਹੈ ਜੋ ਪਿਛਲੇ 32 ਦਿਨਾਂ ਤੋਂ ਬਠਿੰਡਾ-ਮਾਨਸਾ ਸੜਕ ‘ਤੇ ਪਿੰਡ ਭਾਈ ਬਖਤੌਰ ਤੇ ਕੋਟਫੱਤਾ ਦੇ ਵਿਚਕਾਰ ਧਰਨੇ ‘ਤੇ ਬੈਠੇ ਹਨ। ਇਹ ਕਿਸਾਨ ਆਖਦੇ ਨੇ ਕਿ ਲੀਡਰ ਤਾਂ ਵੋਟਾਂ ਲੈਣ ਲਈ ਟੇਲਾਂ ‘ਤੇ ਪੈਂਦੇ ਪਿੰਡਾਂ ‘ਚ ਵੀ ਆਉਂਦੇ ਨੇ ਪਰ ਇੱਥੇ ਨਹਿਰੀ ਪਾਣੀ ਨਹੀਂ ਅੱਪੜਦਾ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਡਕੌਂਦਾ ਵੱਲੋਂ ਲਾਏ ਇਸ ਧਰਨੇ ‘ਚ ਬੈਠੇ ਬਜ਼ੁਰਗ ਕਿਸਾਨ ਬਲਵਿੰਦਰ ਸਿੰਘ ਕੋਟਫੱਤਾ ਦਾ ਕਹਿਣਾ ਹੈ ਕਿ ‘ਉਸਨੇ ਆਪਣੀ ਉਮਰ ‘ਚ ਅਨੇਕਾਂ ਵਾਰ ਵੋਟ ਪਾ ਲਈ ਪਰ ਫਾਇਦਾ ਕੋਈ ਨਹੀਂ। ਇਨ੍ਹਾਂ ਵੋਟਾਂ ਦਾ ਫਾਇਦਾ ਤਾਂ ਲੀਡਰਾਂ ਨੂੰ ਹੁੰਦਾ ਹੈ ਲੋਕਾਂ ਨੂੰ ਨਹੀਂ।’ ਇਨ੍ਹਾਂ ਕਿਸਾਨਾਂ ਨੂੰ ਕਿਸ ਸਿਆਸੀ ਧਿਰ ਵੱਲੋਂ ਕਿਸਨੂੰ ਉਮੀਦਵਾਰ ਬਣਾਇਆ ਜਾਣਾ ਹੈ ਇਹਦੇ ਬਾਰੇ ਵੀ ਕੋਈ ਦਿਲਚਸਪੀ ਨਹੀਂ ਕਿਉਂਕਿ ਖੇਤਾਂ ਦਾ ਫਿਕਰ ਹੀ ਉਨ੍ਹਾਂ ਨੂੰ ਚੋਣਾਂ ਬਾਰੇ ਸੋਚਣ ਨਹੀਂ ਦਿੰਦਾ। ਕਿਸਾਨ ਗੁਰਚਰਨ ਸਿੰਘ ਕੋਟਭਾਰਾ ਨੇ ਆਖਿਆ ਕਿ ਵੋਟਾਂ ਦਾ ਚਾਅ ਤਾਂ ਫਿਰ ਹੋਵੇ ਜੇ ਖੇਤਾਂ ‘ਚ ਫਸਲ ਚੰਗੀ ਹੋਵੇ। ਇਸ ਕਿਸਾਨ ਨੇ ਆਪਣੀ ਖ਼ਰਾਬ ਹੋਈ ਲੱਤ ਵਿਖਾਉਂਦਿਆਂ ਦੱਸਿਆ ਕਿ ਨਹਿਰੀ ਪਾਣੀ ਦੀ ਘਾਟ ਕਾਰਨ ਮਜ਼ਬੂਰੀ ਵੱਸ ਇੱਥੋਂ ਦੀ ਲੰਘਦੀ ਲਸਾੜਾ ਡਰੇਨ ‘ਚੋਂ ਗੰਦਾ ਪਾਣੀ ਚੁੱਕ ਕੇ ਖੇਤਾਂ ਨੂੰ ਲਾਉਦੇ ਹਾਂ ਤੇ ਜਦੋਂ ਪਾਣੀ ‘ਚ ਉੱਤਰਦੇ ਹਾਂ ਤਾਂ ਬਿਮਾਰੀਆਂ ਲੱਗਦੀਆਂ ਨੇ। ਇਸ ਧਰਨੇ ‘ਚ ਪਿੰਡ ਕੋਟਭਾਰਾ, ਕੋਟਫੱਤਾ, ਰਾਮਗੜ੍ਹ ਭੂੰਦੜ, ਭਾਈ ਬਖਤੌਰ, ਯਾਤਰੀ, ਮਾਈਸਰਖਾਨਾ ਤੇ ਜੋਧਪੁਰ ਪਾਖਰ ਦੇ ਕਿਸਾਨ ਇਕੱਠੇ ਹੁੰਦੇ ਹਨ। ਇਨ੍ਹਾਂ ਕਿਸਾਨਾਂ ਨੇ ਆਖਿਆ ਕਿ ਹੁਣ ਹਾੜ੍ਹੀ ਦੀ ਫਸਲ ਪੱਕ ਗਈ ਹੈ। ਉਨ੍ਹਾਂ ਨੂੰ ਧਰਨੇ ‘ਤੇ ਬੈਠਿਆਂ ਨੂੰ ਖੇਤਾਂ ‘ਚ ਖੜ੍ਹੀ ਫਸਲ ਸਾਂਭਣ ਅਤੇ ਬਿਨਾਂ ਪਾਣੀ ਤੋਂ ਸਾਉਣੀ ਦੀ ਫਸਲ ਬੀਜਣ ਦਾ ਬਰਾਬਰ ਦਾ ਫਿਕਰ ਹੈ। ਪਿੰਡ ਭਾਈ ਬਖਤੌਰ ਦੇ ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ‘ਸਾਉਣੀ ਦੇ ਪਿਛਲੇ ਸੀਜ਼ਨ ‘ਚ ਉਨ੍ਹਾਂ ਦੇ ਪਿੰਡਾਂ ‘ਚ ਸੈਂਕੜੇ ਏਕੜ ਨਰਮਾ ਪਾਣੀ ਦੀ ਘਾਟ ਕਾਰਨ ਹੀ ਵਾਹੁਣਾ ਪਿਆ ਸੀ। ਉਨ੍ਹਾਂ ਆਖਿਆ ਕਿ ਹਾਲੇ ਤਾਈਂ ਪਾਣੀ ਦਾ ਇੰਤਜਾਮ ਨਹੀਂ ਹੋਇਆ ਤੇ ਚਿੰਤਾ ਇਸ ਗੱਲ ਦੀ ਹੈ ਕਿ ਨਰਮਾ ਕਾਹਦੇ ਸਹਾਰੇ ਬੀਜਾਂਗੇ।’ ਇਸ ਨੌਜਵਾਨ ਕਿਸਾਨ ਨੇ ਵੋਟਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ 15 ਸਾਲ ਤੋਂ ਉਹ ਕਿਸੇ ਨੂੰ ਵੋਟ ਪਾਉਣ ਹੀ ਨਹੀਂ ਗਿਆ। ਉਸਦਾ ਤਰਕ ਹੈ ਕਿ ਵੋਟ ਪਾ ਕੇ ਫਾਇਦਾ ਕੋਈ ਨਹੀਂ ਨਿੱਕਲਦਾ ਸਗੋਂ ਉਹ ਤਾਂ ਉਗਰਾਹਾਂ ਗਰੁੱਪ ‘ਚ ਸਰਗਰਮ ਭੂਮਿਕਾ ਨਿਭਾ ਕੇ ਕਿਸਾਨੀ ਹੱਕਾਂ ਲਈ ਘੋਲ ਲੜਦਾ ਹੈ।
ਭਾਕਿਯੂ ਡਕੌਂਦਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਾਜਮਹਿੰਦਰ ਸਿੰਘ ਕੋਟਭਾਰਾ ਅਤੇ ਉਗਰਾਹਾਂ ਦੇ ਬਲਾਕ ਮੌੜ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਰਾਮਗੜ੍ਹ ਭੂੰਦੜ ਦਾ ਕਹਿਣਾ ਹੈ ਕਿ ਕੋਟਲਾ ਬ੍ਰਾਂਚ ‘ਚੋਂ ਪਿੰਡ ਜੋਧਪੁਰ ਪਾਖਰ ਕੋਲੋਂ ਕੱਸੀ ਬਣਨ ਦਾ ਕੰਮ ਚੱਲ ਰਿਹਾ ਹੈ ਪਰ ਪਿੰਡ ਭਾਈ ਬਖਤੌਰ, ਯਾਤਰੀ, ਮਾਈਸਰਖਾਨਾ ਅਤੇ ਜੋਧਪੁਰ ਲਈ ਵੱਖਰੇ ਮਾਈਨਰ ਦਾ ਕੰਮ ਸ਼ੁਰੂ ਨਹੀਂ ਹੋਇਆ। ਉਨ੍ਹਾਂ ਆਖਿਆ ਕਿ ਜਿੰਨਾਂ ਸਮਾਂ ਇਹ ਕੱਸੀ ਦਾ ਕੰਮ ਮੁਕੰਮਲ ਨਹੀਂ ਹੁੰਦਾ ਤੇ ਬਾਕੀ ਪਿੰਡਾਂ ਲਈ ਨਵਾਂ ਮਾਈਨਰ ਨਹੀਂ ਬਣਦਾ ਇਹ ਰੋਸ ਧਰਨਾ ਜ਼ਾਰੀ ਰੱਖਿਆ ਜਾਵੇਗਾ। ਉਨ੍ਹਾਂ ਆਖਿਆ ਕਿ ਜੇ ਲੋੜ੍ਹ ਪਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਸੱਥਾਂ ‘ਚ ਘੇਰਾਂਗੇ ਲੀਡਰਾਂ ਨੂੰ : ਕਿਸਾਨ
ਧਰਨਾਕਾਰੀ ਕਿਸਾਨਾਂ ਨੇ ਸਾਂਝੇ ਤੌਰ ‘ਤੇ ਆਖਿਆ ਕਿ ਕੁੱਝ ਕੁ ਲੀਡਰ ਤਾਂ ਉਨ੍ਹਾਂ ਦੇ ਧਰਨੇ ਕੋਲ ਦੀ ਗੱਡੀਆਂ ਲੰਘਾ ਕੇ ਲੰਘ ਜਾਂਦੇ ਨੇ ਤੇ ਕਈਆਂ ਨੇ ਰਾਹ ਬਦਲ ਲਏ। ਉਨ੍ਹਾਂ ਆਖਿਆ ਕਿ ਹੁਣ ਜਦੋਂ ਲੀਡਰ ਵੋਟਾਂ ਮੰਗਣ ਪਿੰਡਾਂ ‘ਚ ਆਉਣਗੇ ਤਾਂ ਉਨ੍ਹਾਂ ਦਾ ਸੱਥਾਂ ‘ਚ ਘਿਰਾਓ ਕਰਕੇ ਪੁੱਛਿਆ ਜਾਵੇਗਾ ਕਿ ਸਾਡਾ ਕਸੂਰ ਕੀ ਹੈ ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।