ਚੰਡੀਗੜ, ਅਸ਼ਵਨੀ ਚਾਵਲਾ
ਖਰੜ ਦੇ ਲਾਇਸੰਸਿੰਗ ਅਥਾਰਟੀ ਜ਼ੋਨਲ ਨੇਹਾ ਸ਼ੌਰੀ ਦੇ ਪਰਿਵਾਰਕ ਮੈਂਬਰਾਂ ਦੀ ਬੇਨਤੀ ‘ਤੇ ਕਾਰਵਾਈ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨੇਹਾ ਸ਼ੌਰੀ ਕਤਲ ਦੀ ਪੜਤਾਲ ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਬੋਧ ਕੁਮਾਰ ਨੂੰ ਸੌਂਪ ਦਿੱਤੀ ਹੈ।
ਪੀੜਤ ਪਰਿਵਾਰ ਨੇ ਅੱਜ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮਿਲ ਕੇ ਜਾਂਚ ਦਾ ਮਾਮਲਾ ਮੁਹਾਲੀ ਜ਼ਿਲ੍ਹੇ ਤੋਂ ਬਾਹਰ ਭੇਜਣ ਦੀ ਅਪੀਲ ਕੀਤੀ। ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦਾ ਜ਼ਿੰਮਾ ਸੀਨੀਅਰ ਆਈ.ਪੀ.ਐਸ. ਅਧਿਕਾਰੀ ਪ੍ਰਬੋਧ ਕੁਮਾਰ ਨੂੰ ਸੌਂਪ ਦਿੱਤਾ, ਜਿਨ੍ਹਾਂ ਕੋਲ ਕਤਲ ਕੇਸਾਂ ‘ਚ ਸੀ.ਬੀ.ਆਈ. ਵਿੱਚ ਕੰਮ ਕਰਨ ਦਾ 14 ਸਾਲਾਂ ਦਾ ਤਜਰਬਾ ਹੈ। ਇੱਕ ਸਰਕਾਰੀ ਬੁਲਾਰੇ ਮੁਤਾਬਕ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਰੋਪੜ ਦੀ ਜ਼ਿਲ੍ਹਾ ਪੁਲੀਸ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਮੁਲਜਮ ਬਲਵਿੰਦਰ ਸਿੰਘ ਨੂੰ ਰਿਵਾਲਵਰ ਦਾ ਲਾਇਸੰਸ ਜਾਰੀ ਕਰਨ ਵਿੱਚ ਹੋਈ ਅਣਗਹਿਲੀ ਦੀ ਜਾਂਚ ਕਰਨ ਲਈ ਆਖਿਆ ਗਿਆ ਹੈ। ਇਸੇ ਤਰ੍ਹਾਂ ਮੁੱਖ ਸਕੱਤਰ ਰੋਪੜ ਦੇ ਹਥਿਆਰ ਡੀਲਰ ਵੱਲੋਂ ਮੁਲਜਮ ਨੂੰ ਵੇਚੇ ਹਥਿਆਰ ਦੀ ਜਾਂਚ ਵੀ ਕਰਨਗੇ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਧਿਕਾਰੀ/ਕਰਮਚਾਰੀ ਨੂੰ ਆਪਣੀ ਡਿਊਟੀ ਨਿਭਾਉਣ ਵਿੱਚ ਦਖਲ ਜਾਂ ਧਮਕਾਉਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਨੇਹਾ ਦੇ ਪਰਿਵਾਰ ਨੂੰ ਨਿਆਂ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਨੇਹਾ ਸ਼ੌਰੀ ਦੇ ਪਰਿਵਾਰਕ ਮੈਂਬਰਾਂ ਨੇ ਖਦਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇੱਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਨੇਹਾ ਦਾ ਕਤਲ ਹੋਇਆ। ਪਰਿਵਾਰ ਨੇ ਇਸ ਮਾਮਲੇ ਦੀ ਤਹਿ ਤੱਕ ਜਾਂਚ ਕਰਵਾਉਣ ਦੀ ਅਪੀਲ ਕੀਤੀ। ਉਨਾਂ ਨੇ ਦੋਸ਼ੀ ਦੀ ਕਥਿਤ ਖੁਦਕੁਸ਼ੀ ‘ਤੇ ਵੀ ਸਵਾਲ ਚੁੱਕਦਿਆਂ ਵੱਡੀ ਸਾਜ਼ਿਸ਼ ‘ਤੇ ਪਰਦਾ ਪਾਉਣ ਲਈ ਉਸ ਨੂੰ ਖਤਮ ਕੀਤੇ ਜਾਣ ‘ਤੇ ਸ਼ੱਕ ਜ਼ਾਹਰ ਕੀਤਾ।
ਇਸ ਸਾਲ 29 ਮਾਰਚ ਨੂੰ ਨੇਹਾ ਸ਼ੌਰੀ ਪਤਨੀ ਵਰੁਣ ਮੌਂਗਾ ਵਾਸੀ ਪੰਚਕੂਲਾ ਦਾ ਮੋਰਿੰਡਾ ਦੇ ਬਲਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਆਪਣੇ ਲਾਇਸੰਸੀ ਹਥਿਆਰ ਨਾਲ ਕਤਲ ਕਰ ਦਿੱਤਾ ਸੀ। ਦੋਸ਼ੀ ਪੀੜਤ ਦੇ ਦਫ਼ਤਰ ਵਿੱਚ ਗਿਆ ਅਤੇ ਦੋ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਜਦੋਂ ਉਹ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਲੋਕਾਂ ਵੱਲੋਂ ਘੇਰਨ ‘ਤੇ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਸੀ।
ਸਿਰਫ਼ ਰੋਪੜ ਹੀਂ ਨਹੀਂ, ਸਗੋਂ 3 ਹੋਰ ਜ਼ਿਲ੍ਹੇ ‘ਚ ਜਾਰੀ ਹੋਏ ਲਾਇਸੈਂਸ
ਨੇਹਾ ਸ਼ੌਰੀ ਦੇ ਕਤਲ ਮਾਮਲੇ ‘ਚ ਜਿਹੜੇ ਅਸਲੇ ਦੀ ਵਰਤੋਂ ਕੀਤੀ ਗਈ ਸੀ, ਉਸ ਅਸਲੇ ਦਾ ਲਾਇਸੈਂਸ ਚੋਣ ਜਾਬਤਾ ਲੱਗਣ ਤੋਂ ਬਾਅਦ 11 ਤਾਰੀਕ ਨੂੰ ਜਾਰੀ ਕੀਤਾ ਗਿਆ ਸੀ। ਇਸ ਮਾਮਲੇ ਨੂੰ ਦੇਖਦੇ ਹੋਏ ਜਦੋਂ ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਿਆਂ ਤੋਂ ਰਿਪੋਰਟ ਮੰਗੀ ਤਾਂ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ ਹੈ ਕਿ ਸਿਰਫ਼ ਰੋਪੜ ਹੀ ਨਹੀਂ, ਸਗੋਂ 3 ਹੋਰ ਵੀ ਜ਼ਿਲ੍ਹੇ ਹਨ, ਜਿਨ੍ਹਾਂ ਨੂੰ ਚੋਣ ਜਾਬਤਾ ਲੱਗਣ ਤੋਂ ਬਾਅਦ ਅਸਲਾ ਲਾਇਸੈਂਸ ਜਾਰੀ ਕੀਤਾ ਹੈ। ਮੁੱਖ ਚੋਣ ਅਧਿਕਾਰੀ ਕਰੁਣਾ ਐੱਸ ਰਾਜੂ ਨੇ ਇਸ ਮਾਮਲੇ ‘ਚ ਰੋਪੜ, ਜਲੰਧਰ, ਫਾਜ਼ਿਲਕਾ ਤੇ ਫਤਹਿਗ੍ਹੜ ਸਾਹਿਬ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕਰਦੇ ਹੋਏ ਦੋਸ਼ੀ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।