ਬਿਕਰਮਜੀਤ ਸਿੰਘ ਮਜੀਠੀਆਂ ਵੱਲੋਂ ਯੂਥ ‘ਚ ਨਵਾਂ ਜੋਸ਼ ਭਰਨ ਲਈ ‘ਨਵਾਂ ਜੋਸ਼ ਨਵੀਂ ਸ਼ੋਚ’ ਤਹਿਤ ਰੈਲੀ
ਸੰਗਤ ਮੰਡੀ, ਮਨਜੀਤ ਨਰੂਆਣਾ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਖਿਆਂ ਦੇ ਪਿੰਡ ਘੁੱਦਾ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਯੂਥ ਵਿੰਗ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਮਜੀਠੀਆਂ ਵੱਲੋਂ ਯੂਥ ‘ਚ ਨਵਾਂ ਜੋਸ਼ ਭਰਨ ਲਈ ‘ਨਵਾਂ ਜੋਸ਼ ਨਵੀਂ ਸ਼ੋਚ’ ਤਹਿਤ ਇੱਕ ਰੈਲੀ ਕਰਕੇ ਹਲਕੇ ‘ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਮੁੱਢ ਬੰਨ੍ਹਿਆ। ਰੈਲੀ ਨੂੰ ਉਨ੍ਹਾਂ ਤੋਂ ਇਲਾਵਾ ਮਾਲਵਾ ਜੋਨ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਤੇ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ਼ ਅਮਿਤ ਰਤਨ ਕੋਟਫੱਤਾ ਵੱਲੋਂ ਵੀ ਸੰਬੋਧਨ ਕੀਤਾ ਗਿਆ। ਮਜੀਠੀਆਂ ਵੱਲੋਂ ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਜੈ ਸਿੰਘ ਵਾਲਾ ਤੋਂ ਵੱਡੀ ਗਿਣਤੀ ‘ਚ ਯੂਥ ਦੇ ਨਾਲ ਖੁਦ ਮੋਟਰਸਾਈਕਲ ਚਲਾ ਕੇ ਰੋਡ ਸ਼ੋਅ ਜਰੀਏ ਰੈਲੀ ਸਥਾਨ ‘ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਸੂਬੇ ਦੀ ਰਵਾਇਤੀ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਜੰਮ ਕੇ ਭੜਾਸ ਕੱਢਦਿਆਂ ਕਿਹਾ ਕਿ ਕਾਂਗਰਸ ਦੇ ਤਿੰਨ ਮੰਤਰੀ ਖੁਦ ਕਹਿ ਰਹੇ ਹਨ ਕਿ ਕਾਂਗਰਸ ਨੇ ਸੂਬੇ ਦੇ ਕਿਸਾਨਾਂ, ਵਪਾਰੀਆਂ, ਦਲਿਤ ਭਰਾਵਾਂ ਅਤੇ ਨੌਜ਼ਵਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਕਰੋੜਾਂ ਰੁਪਿਆ ‘ਚ ਟਿਕਟਾਂ ਨੂੰ ਵੇਚਿਆ ਗਿਆ ਹੈ।
ਉਨ੍ਹਾਂ ਸੂਬੇ ਦੀ ਸੁਰੱਖਿਆ ਬਾਰੇ ਬੋਲਦਿਆਂ ਕਿਹਾ ਕਿ ਇਹ ਬੜਾ ਚਿੰਤਾਂ ਦਾ ਵਿਸ਼ਾ ਹੈ, ਜਿੱਥੇ ਦਿਨ ਦਿਹਾੜੇ ਲੋਕਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਹੁਣ ਤਾਂ ਔਰਤਾਂ ਵੀ ਮੁੱਖ ਮੰਤਰੀ ਵੱਲੋਂ ਚੋਣਾਂ ਤੋਂ ਪਹਿਲਾਂ ਝੂਠੀ ਖਾਂਦੀ ਸੌਂਹ ਦੇ ਗੀਤ ‘ਸੌਂਹ ਖਾਂ ਕੇ ਮੁਕਰ ਗਿਆ, ਹੁਣ ਵੱਸ ਨਾ ਰਾਜਿਆ ਤੇਰੇ’ ਦੇ ਗੀਤ ਗਾ ਕੇ ਕੋਸ ਰਹੀਆਂ ਹਨ। ਉਨ੍ਹਾਂ ਆਪਣੀ ਭੈਣ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਹਲਕੇ ‘ਚ ਸ਼ੁਰੂ ਕਰਵਾਏ ਵੱਡੇ ਪ੍ਰੋਜੈਕਟ ਜਿਸ ‘ਚ ਹਵਾਈ ਅੱਡਾ, ਏਮਜ਼ ਤੇ ਕੇਂਦਰੀ ਯੂਨੀਵਰਸਿਟੀ ਬਾਰੇ ਦੱਸਦਿਆਂ ਕਿਹਾ ਕਿ ਇਸ ਨਾਲ ਹਲਕੇ ਦੀ ਨੁਹਾਰ ਬਦਲ ਜਾਵੇਗੀ। ਰੈਲੀ ‘ਚ ਪਹੁੰਚੇ ਪਤਵੰਤਿਆਂ ਦਾ ਜ਼ਿਲ੍ਹਾ ਯੂਥ ਪ੍ਰਧਾਨ ਜੋਨ-2 ਗੁਰਦੀਪ ਸਿੰਘ ਕੋਟਸ਼ਮੀਰ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ-2 ‘ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੀਪ ਕੋਟਸ਼ਮੀਰ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਡੂੰਮਵਾਲੀ, ਹਰਜੀਤ ਕਾਲਝਰਾਣੀ, ਗੁਰਵਿੰਦਰ ਗੋਰਾ ਮੁਹਾਲਾ, ਬਲਬੀਰ ਬੀਰਾ ਸੰਗਤ, ਯੂਥ ਆਗੂ ਬੁੱਧਾ ਝੁੰਬਾ, ਲੀਗਲ ਸੈੱਲ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਹੁਲ ਝੁੰਬਾ, ਸੀਨੀਅਰ ਅਕਾਲੀ ਆਗੂ ਸੁਸ਼ੀਲ ਕੁਮਾਰ ਗੋਲਡੀ ਸੰਗਤ, ਪਵਨ ਕੁਮਾਰ ਟੈਣੀ ਸੰਗਤ, ਗੁਰਸੇਵਕ ਝੁੰਬਾ, ਜਸਵਿੰਦਰ ਘੁੱਦਾ, ਤਰਸੇਮ ਲੂਬਲਾਈ, ਰੇਸਮ ਸਿੰਘ ਸੰਗਤ, ਜਗਰੂਪ ਸਿੰਘ ਸੰਗਤ, ਮਨਜੀਤ ਸਿੰਘ ਸੰਗਤ ਤੋਂ ਇਲਾਵਾ ਵੱਡੀ ਗਿਣਤੀ ‘ਚ ਵਰਕਰ ਮੌਜੂਦ ਸਨ।
ਬੇਸ਼ੱਕ ਰੈਲੀ ‘ਚ ਸੁਰੱਖਿਆ ਲਈ ਵੱਡੀ ਗਿਣਤੀ ‘ਚ ਪੁਲਿਸ ਅਤੇ ਖੁਫੀਆਂ ਵਿਭਾਗ ਤੈਨਾਤ ਸੀ ਪ੍ਰੰਤੂ ਜੇਬ ਕਤਰਿਆਂ ਦਾ ਬੋਲਬਾਲਾ ਰਿਹਾ। ਰੈਲੀ ‘ਚ ਪਹੁੰਚੇ ਕਈ ਲੋਕਾਂ ਦੀਆਂ ਜੇਬਾਂ ਕੱਟੀਆਂ ਗਈਆਂ ਜਿਨ੍ਹਾਂ ਦੇ ਪਰਸਾਂ ‘ਚ ਜ਼ਰੂਰੀ ਕਾਗਜਾਤ ਤੋਂ ਇਲਾਵਾ ਹਜ਼ਾਰਾਂ ਦੀ ਨਕਦੀ ਸੀ। ਰੈਲੀ ਤੋਂ ਬਾਅਦ ਲੋਕ ਆਪਣੇ ਪਰਸਾਂ ਨੂੰ ਭਾਲਦੇ ਹੋਏ ਨਜ਼ਰ ਆਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।