ਵਿਦੇਸ਼ ਜਾਣ ਦੀ ਲਾਲਸਾ ਨੇ ਪਹੁੰਚਾਇਆ ਜੇਲ੍ਹ

Ambition, Prison

ਏਟੀਐੱਮ ਲੁੱਟਣ ‘ਚ ਨੌਜਵਾਨ ਰਿਹਾ ਅਸਫ਼ਲ, ਕੁਝ ਹੀ ਘੰਟਿਆਂ ਬਾਅਦ ਆਇਆ ਪੁਲਿਸ ਅੜਿੱਕੇ

ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਅੱਧੀ ਰਾਤ ਇੱਕ ਨੌਜਵਾਨ ਨੇ ਪੰਜਾਬੀ ਯੂਨੀਵਰਸਿਟੀ ਸਾਹਮਣੇ ਪ੍ਰੋਫੈਸਰ ਕਲੋਨੀ ਨੇੜੇ ਪੰਜਾਬ ਐਂਡ ਸਿੰਧ ਬੈਂਕ ਦਾ ਏਟੀਐੱਮ ਲੁੱਟਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਿਸ ਨੇ ਕੁਝ ਘੰਟਿਆਂ ਬਾਅਦ ਹੀ ਦਬੋਚ ਲਿਆ।
ਜਾਣਕਾਰੀ ਅਨੁਸਾਰ ਲੰਘੀ 23 ਤੇ 24 ਮਾਰਚ ਦੀ ਦਰਮਿਆਨੀ ਰਾਤ ਨੂੰ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪ੍ਰੋਫੈਸਰ ਕਲੋਨੀ ਦੇ ਪਿਛਲੇ ਪਾਸੇ ਐੱਚ. ਪੀ. ਪੈਟਰੋਲ ਪੰਪ ਦੇ ਨੇੜੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐੱਮ ਨੂੰ ਲੁੱਟਣ ਦੀ ਨੀਅਤ ਦਾ ਮਾਮਲਾ ਸਾਹਮਣੇ ਆਇਆ ਸੀ। ਏਟੀਐੱਮ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕੈਦ ਹੋ ਗਈਆਂ ਸਨ ਤੇ ਉਸ ਅਧਾਰ ‘ਤੇ ਹੀ ਇਹ ਨੌਜਵਾਨ ਅੱਜ ਪੁਲਿਸ ਹੱਥੇ ਚੜ੍ਹ ਗਿਆ। ਇਸ ਸਬੰਧੀ ਐੱਸਪੀ ਸਿਟੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਅਰਬਨ ਅਸਟੇਟ ਐੱਸਆਈ ਹਰਿੰਦਰ ਸਿੰਘ ਦੀ ਪੁਲਿਸ ਟੁਕੜੀ ਦੇ ਤਫ਼ਤੀਸ਼ੀ ਅਫ਼ਸਰ ਐੱਸਆਈ ਜਗਤਾਰ ਸਿੰਘ ਦੀ ਪੁਲਿਸ ਪਾਰਟੀ ਨੇ ਸਾਧੂ-ਬੇਲਾ ਰੋਡ ਫੇਸ-2 ਅਰਬਨ ਅਸਟੇਟ ਵਿਖੇ ਪੰਜਾਬੀ ਯੂਨੀਵਰਸਿਟੀ ਵਾਲੇ ਪਾਸੇ ਤੋਂ ਆ ਰਹੇ ਇੱਕ ਨੌਜਵਾਨ ਮੋਟਰਸਾਈਕਲ ਸਵਾਰ ਜੋ ਕਿ ਏਟੀਐੱਮ ਦੀ ਸੀਸੀਟੀਵੀ ਫੁਟੇਜ਼ ਦੇ ਅਧਾਰ ‘ਤੇ ਪਛਾਣਿਆ ਗਿਆ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੀ ਪਛਾਣ ਕੁਲਦੀਪ ਸਿੰਘ ਬੰਟੀ ਪੁੱਤਰ ਰਛਪਾਲ ਸਿੰਘ ਵਾਸੀ ਹੀਰਾ ਕਲੋਨੀ ਬਹਾਦਰਗੜ੍ਹ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ ਪਰ ਉਸ ਕੋਲ ਵਿਦੇਸ਼ ਜਾਣ ਲਈ ਪੈਸੇ ਨਹੀਂ ਸਨ। ਇਸ ਲਈ ਉਸ ਵੱਲੋਂ ਪੈਸੇ ਇਕੱਤਰ ਕਰਨ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਵਾਰਦਾਤ ਦੌਰਾਨ ਉਸਨੇ ਏਟੀਐੱਮ ਦੀ ਵੀ ਕਾਫੀ ਭੰਨ-ਤੋੜ ਕੀਤੀ ਤੇ ਸੀਸੀਟੀਵੀ ਕੈਮਰਿਆਂ ਦਾ ਵੀ ਨੁਕਸਾਨ ਕੀਤਾ ਪਰ ਉਹ ਏਟੀਐੱਮ ‘ਚੋਂ ਕੈਸ਼ ਚੋਰੀ ਕਰਨ ‘ਚ ਅਸਫਲ ਰਿਹਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਮਿਸ ਤ੍ਰਿਪਤਜੋਤ ਕੌਰ ਏਸੀਜੇਐੱਮ ਪਟਿਆਲਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੋਂ ਕੁਲਦੀਪ ਸਿੰਘ ਉਰਫ ਬੰਟੀ ਦਾ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।