ਸ਼੍ਰੋਮਣੀ ਅਕਾਲੀ ਦਲ ਵੱਲੋਂ ਰਹਿੰਦੇ ਉਮੀਦਵਾਰਾਂ ਦਾ ਐਲਾਨ 31 ਤੱਕ ਹੋਵੇਗਾ
ਸੰਗਰੂਰ (ਗੁਰਪ੍ਰੀਤ ਸਿੰਘ ) | ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ‘ਚ ਸਬੰਧਾਂ ਵਿੱਚ ਆਈ ਕੁੜੱਤਣ ਬਾਰੇ ਸੁਖਬੀਰ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਮੇਰੇ ਪਿਤਾ ਦੇ ਬਰਾਬਰ ਹਨ ਤੇ ਮੈਂ ਉਨ੍ਹਾਂ ਦੀ ਗੋਦੀ ਵਿੱਚ ਖੇਡਿਆ ਹਾਂ ਮੈਂ ਸ਼ੁਰੂ ਤੋਂ ਅਪੀਲ ਕਰਦਾ ਰਿਹਾ ਹਾਂ ਕਿ ਸ੍ਰ. ਢੀਂਡਸਾ ਅੱਗੇ ਲੱਗ ਕੇ ਪਾਰਟੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਧੂਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਸ੍ਰ. ਬਾਦਲ ਪਿਛਲੇ ਦੋ ਦਿਨਾਂ ਤੋਂ ਲੋਕ ਸਭਾ ਹਲਕਾ ਸੰਗਰੂਰ ਦੇ ਦੌਰੇ ‘ਤੇ ਹਨ, ਇਸ ਦੌਰਾਨ ਉਨ੍ਹਾਂ ਮਾਲੇਰਕੋਟਲਾ, ਅਮਰਗੜ੍ਹ, ਸੰਗਰੂਰ, ਸੁਨਾਮ ਦੇ ਅਕਾਲੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 31 ਮਾਰਚ ਤੱਕ ਸੂਬੇ ਦੀਆਂ ਬਾਕੀ ਰਹਿੰਦੀਆਂ ਸੀਟਾਂ ‘ਤੇ ਵੀ ਉਮੀਦਵਾਰਾਂ ਦਾ ਐਲਾਨ ਕਰ ਦੇਵਾਂਗੇ ਸ੍ਰ. ਬਾਦਲ ਨੇ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ ‘ਚ ਸਪੱਸ਼ਟ ਬਹੁਮਤ ਦੇਣਗੇ ਤੇ ਇਨ੍ਹਾਂ ਨਤੀਜਿਆਂ ਪਿੱਛੋਂ ਹੀ ਸਾਰੇ ਪੰਜਾਬ ਦੀ ਸਿਆਸੀ ਤਸਵੀਰ ਵਿੱਚ ਵੱਡਾ ਬਦਲਾਅ ਆਰੰਭ ਹੋਵੇਗਾ ਉਨ੍ਹਾਂ ਸਪੱਸ਼ਟ ਕੀਤਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਨੂੰ ਨਤੀਜਿਆਂ ਵਿੱਚ ਤੀਜੇ ਸਥਾਨ ‘ਤੇ ਰਹਿਣਾ ਪਿਆ ਸੀ ਪਰ ਸਾਨੂੰ ਪੂਰੇ ਸੂਬੇ ‘ਚੋਂ 31 ਫੀਸਦੀ ਵੋਟਾਂ ਹਾਸਲ ਹੋਈਆਂ ਜਿਹੜੀਆਂ ਕਾਂਗਰਸ ਨਾਲੋਂ ਮਹਿਜ ਕੁਝ ਫੀਸਦੀ ਹੀ ਘੱਟ ਸਨ ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਸੀਟਾਂ ਅਸੀਂ 1500 ਤੋਂ ਲੈ ਕੇ 2 ਹਜ਼ਾਰ ਵੋਟਾਂ ਦੇ ਫਰਕ ਨਾਲ ਹੀ ਹਾਰੀਆਂ ਹਨ ਉਨ੍ਹਾਂ ਕਿਹਾ ਕਿ ਇਹ ਸਭ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਨਾਕਾਰਾਤਮਕ ਰਾਜਨੀਤੀ ਕਾਰਨ ਹੋਇਆ ਇਨ੍ਹਾਂ ਦੋਵੇਂ ਪਾਰਟੀਆਂ ਨੇ ਅਕਾਲੀ ਦਲ ਵਿਰੁੱਧ ਏਨਾ ਝੂਠਾ ਪ੍ਰਾਪੇਗੰਡਾ ਕੀਤਾ ਜਿਹੜਾ ਕਿ ਲੋਕਾਂ ਨੂੰ ਸੱਚ ਲੱਗਣ ਲੱਗ ਪਿਆ ਸੀ ਉਨ੍ਹਾਂ ਕਿਹਾ ਕਿ ਹੁਣ ਪੰਜਾਬ ‘ਚ ਪਹਿਲਾਂ ਵਾਲੀ ਗੱਲ ਨਹੀਂ ਰਹੀ ਅੱਜ ਕਾਂਗਰਸ ਦਾ ਲੋਕ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਆ ਚੁੱਕਿਆ ਹੈ
ਸ੍ਰ. ਬਾਦਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਪਰ ਕਾਂਗਰਸ ਦਾ ਜਰਨੈਲ ਹਾਲੇ ਆਪਣੇ ਮਹਿਲਾਂ ਵਿੱਚ ਹੀ ਬੈਠਾ ਹੈ ਉਨ੍ਹਾਂ ਕਿਹਾ ਕਿ ਕਾਂਗਰਸੀ ਦੱਸਣ ਅੱਜ ਉਨ੍ਹਾਂ ਦਾ ਜਰਨੈਲ ਤੇ ਸਿਪਾਹੀ ਕਿੱਧਰ ਗਏ ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਇਤਿਹਾਸਕ ਫੈਸਲਾ ਦੇਣਗੇ ਤੇ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਐਨਡੀਏ ਦੇ ਉਮੀਦਵਾਰ ਵੱਡੀ ਜਿੱਤ ਹਾਸਲ ਕਰਨਗੇ
ਉਨ੍ਹਾਂ ਕਿਹਾ ਕਿ ਅੱਜ ਵੀ ਆਮ ਆਦਮੀ ਪਾਰਟੀ, ਕਾਂਗਰਸ, ਟਕਸਾਲੀ ਤੇ ਹੋਰ ਪਾਰਟੀਆਂ ਦਾ ਸਿਰਫ਼ ਇੱਕ ਏਜੰਡਾ ਹੈ ਕਿ ਅਕਾਲੀ ਦਲ ਨੂੰ ਹਰਾਉਣਾ ਹੈ ਆਮ ਆਦਮੀ ਪਾਰਟੀ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਕਾਂਗਰਸ ਦੀ ਬੀ ਟੀਮ ਹੈ ਕਿਉਂਕਿ ਦਿੱਲੀ ‘ਚ ਅਰਵਿੰਦ ਕੇਜਰੀਵਾਲ ਕਾਂਗਰਸ ਨਾਲ ਗਠਜੋੜ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੈ
ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ‘ਚ ਨਰਿੰਦਰ ਮੋਦੀ ਦੇ ਪੱਖ ਵਿੱਚ ਹਵਾ ਚੱਲ ਰਹੀ ਹੈ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵਿੱਚ ਮੁੜ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਦੀ ਕਾਬਲੀਅਤ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।