ਪਿਛਲੇ ਕਈ ਸਾਲਾਂ ਤੋਂ ਉਮੀਦਵਾਰ 2-3 ਮਹੀਨੇ ਪਹਿਲਾਂ ਐਲਾਨ ਕਰਨ ਦੀ ਮੰਗ ਕਰ ਚੁੱਕੇ ਹਨ ਅਮਰਿੰਦਰ
ਚੰਡੀਗੜ੍ਹ, ਅਸ਼ਵਨੀ ਚਾਵਲਾ
ਭਾਵੇਂ ਪੰਜਾਬ ਵਿੱਚ ਲੋਕ ਸਭਾ ਚੋਣਾਂ 19 ਮਈ ਨੂੰ ਪੈਣੀਆਂ ਹਨ ਪਰ ਪੰਜਾਬ ਵਿੱਚ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਤਿਆਰ ਹੋ ਗਿਆ ਤੇ ਇਸ ਚੋਣ ਮੈਦਾਨ ‘ਚ ਬੈਟਿੰਗ ਕਰਨ ਲਈ ਅਕਾਲੀ-ਭਾਜਪਾ ਸਣੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਉਤਰ ਚੁੱਕੇ ਹਨ ਖਹਿਰਾ ਗੁੱਟ ਸਣੇ ਅਕਾਲੀ ਦਲ ਟਕਸਾਲੀ ਵੀ ਉਮੀਦਵਾਰਾਂ ਦੀ ਤਸਵੀਰ ਸਾਫ਼ ਕਰ ਚੁੱਕਾ ਹੈ। ਜੇਕਰ ਕੋਈ ਪੱਛੜੀ ਹੈ ਤਾਂ ਉਹ ਕਾਂਗਰਸ ਪਾਰਟੀ ਹੀ ਹੈ।
ਕਿਸੇ ਇੱਕ ਟਿਕਟ ਦੇ ਚਾਹਵਾਨਾਂ ਨੂੰ ਵੀ ਇਹ ਜਾਣਕਾਰੀ ਨਹੀਂ ਹੈ ਕਿ ਉਸ ਨੂੰ ਟਿਕਟ ਮਿਲੇਗੀ ਵੀ ਜਾਂ ਨਹੀਂ ਅਤੇ ਜੇਕਰ ਮਿਲੇਗੀ ਤਾਂ ਉਹ ਕਿੱਥੋਂ ਮਿਲੇਗੀ, ਜਿਸ ਕਾਰਨ ਕਾਂਗਰਸ ਦੇ ਸੰਭਾਵੀ ਉਮੀਦਵਾਰ ਤਿਆਰੀ ਕਰਕੇ ਤਾਂ ਬੈਠੇ ਹਨ ਪਰ ਮੈਦਾਨ ‘ਚ ਬੈਟਿੰਗ ਕਰਨ ਲਈ ਨਹੀਂ ਉਤਰ ਰਹੇ ਹਨ, ਜਿਸ ਦਾ ਖਮਿਆਜ਼ਾ ਕਾਂਗਰਸ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਭੁਗਤਣਾ ਪੈ ਸਕਦਾ ਹੈ।
ਹਾਲਾਂਕਿ ਇਸ ਮਾਮਲੇ ‘ਚ ਮੁੱਖ ਮੰਤਰੀ ਅਮਰਿੰਦਰ ਸਿੰਘ ਪਹਿਲਾਂ ਤੋਂ ਹੀ ਆਪਣੀ ਸੋਚ ਸਪੱਸ਼ਟ ਕਰਦੇ ਹੋਏ ਕਾਂਗਰਸ ਹਾਈ ਕਮਾਨ ਤੋਂ ਮੰਗ ਵੀ ਕਰ ਚੁੱਕੇ ਹਨ ਕਿ ਉਮੀਦਵਾਰਾਂ ਦਾ ਐਲਾਨ ਚੋਣ ਸਮੇਂ ਤੋਂ 2-3 ਮਹੀਨੇ ਪਹਿਲਾਂ ਹੀ ਹੋ ਜਾਣਾ ਚਾਹੀਦਾ ਹੈ ਪੰਜਾਬ ਕਾਂਗਰਸ।
ਪ੍ਰਧਾਨ ਸੁਨੀਲ ਜਾਖੜ ਦੀ ਵੀ ਉਮੀਦਵਾਰਾਂ ਦਾ ਐਲਾਨ ਜਲਦ ਕਰਨ ਸਬੰਧੀ ਮੰਗ ਰਹੀ ਹੈ ਪਰ ਇਸ ਮਾਮਲੇ ਵਿੱਚ ਸੁਨੀਲ ਜਾਖੜ ਨੂੰ ਵੀ ਕਾਂਗਰਸ ਹਾਈ ਕਮਾਨ ਪੁੱਛ ਹੀ ਨਹੀਂ ਰਹੀ ਹੈ। ਜਿਸ ਦੇ ਸਿੱਟੇ ਵਜੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸੰਭਾਵੀ ਉਮੀਦਵਾਰਾਂ ਵੱਲੋਂ ਪ੍ਰਚਾਰ ਕਰਨਾ ਸ਼ੁਰੂ ਕਰਨਾ ਤਾਂ ਦੂਰ ਉਨ੍ਹਾਂ ਵੱਲੋਂ ਇਸ ਸਬੰਧੀ ਗੱਲਬਾਤ ਤੱਕ ਨਹੀਂ ਕੀਤੀ ਜਾ ਰਹੀ ਹੈ। ਇਸ ਵਿੱਚ ਖੁਦ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਲ ਹਨ। ਹਾਲਾਂਕਿ ਸੁਨੀਲ ਜਾਖੜ ਗੁਰਦਾਸਪੁਰ ਤੋਂ ਮੌਜੂਦਾ ਸੰਸਦ ਮੈਂਬਰ ਹੋਣ ਕਾਰਨ ਉਨ੍ਹਾਂ ਨੂੰ ਅਮਰਿੰਦਰ ਸਿੰਘ ਵੱਲੋਂ ਪ੍ਰਚਾਰ ਕਰਨ ਲਈ ਹਰੀ ਝੰਡੀ ਦਿੱਤੀ ਹੋਈ ਹੈ ਪਰ ਇਸੇ ਲੋਕ ਸਭਾ ਹਲਕੇ ਤੋਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿਰੋਧ ਕਰਨ ਕਰਕੇ ਉਨ੍ਹਾਂ ਖ਼ੁਦ ਨੂੰ ਆਪਣੀ ਟਿਕਟ ਬਾਰੇ ਸ਼ੰਕੇ ਹਨ, ਜਿਸ ਕਾਰਨ ਉਹ ਵੀ ਅਜੇ ਪ੍ਰਚਾਰ ਦੇ ਮੈਦਾਨ ‘ਚ ਪੂਰੀ ਤਰ੍ਹਾਂ ਨਹੀਂ ਉਤਰੇ ਹਨ।
ਹਾਈ ਕਮਾਨ ਅੱਗੇ ਬੇਵੱਸ ਪੰਜਾਬ ਕਾਂਗਰਸ
ਹਾਈ ਕਮਾਨ ਅੱਗੇ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਬੇਵੱਸ ਹੋ ਕੇ ਬੈਠੀ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਦਿੱਲੀ ਵਿਖੇ 9 ਦਿਨ ਪਹਿਲਾਂ 10 ਮਾਰਚ ਨੂੰ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਹੋਈ ਸੀ, ਜਿਸ ‘ਚ ਕੇ. ਸੀ. ਵੈਣੂਗੋਪਾਲ ਨੇ ਜਲਦ ਹੀ ਦੂਜੀ ਮੀਟਿੰਗ ਕਰਨ ਦਾ ਵਾਅਦਾ ਕੀਤਾ ਸੀ ਪਰ ਉਸ ਤੋਂ ਬਾਅਦ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਹੀ ਨਹੀਂ ਹੋਈ ਹੈ, ਜਿਸ ਕਾਰਨ ਉਮੀਦਵਾਰਾਂ ਦੀ ਚੋਣ ਵਿੱਚ ਹੋਰ ਵੀ ਦੇਰੀ ਹੋਏਗੀ।
ਸੁਖਬੀਰ ਬਾਦਲ ਉਮੀਦਵਾਰਾਂ ਦੇ ਕੰਨ ‘ਚ ਮਾਰ ਚੁੱਕੇ ਹਨ ਫੂਕ ਤੇ ਕਈਆਂ ਦਾ ਕੀਤਾ ਇਸ਼ਾਰਾ
ਸੁਖਬੀਰ ਬਾਦਲ ਵੱਲੋਂ ਆਪਣੇ ਹਿੱਸੇ ‘ਚ ਆਉਂਦੀਆਂ 10 ਸੀਟਾਂ ‘ਤੇ ਸੰਭਾਵੀ ਉਮੀਦਵਾਰਾਂ ਦੇ ਕੰਨਾਂ ਵਿੱਚ ਫੂਕ ਮਾਰਦੇ ਹੋਏ ਚੋਣ ਮੈਦਾਨ ‘ਚ ਉਤਾਰ ਦਿੱਤਾ ਹੈ। ਇੱਥੇ ਹੀ ਖਡੂਰ ਸਾਹਿਬ ਤੋਂ ਬੀਬੀ ਜਾਗੀਰ ਕੌਰ, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ, ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਤੇ ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ ਦਾ ਅਸਿੱਧੇ ਤੌਰ ‘ਤੇ ਇਸ਼ਾਰੇ ਨਾਲ ਟਿਕਟ ਦਾ ਐਲਾਨ ਵੀ ਕਰ ਚੁੱਕੇ ਹਨ। ਜਿਸ ਤੋਂ ਬਾਅਦ ਇਹ ਸੰਭਾਵੀ ਉਮੀਦਵਾਰ ਆਪਣੇ ਆਪਣੇ ਲੋਕ ਸਭਾ ਹਲਕੇ ਵਿੱਚ ਪ੍ਰਚਾਰ ਕਰਨ ‘ਚ ਲੱਗੇ ਹੋਏ ਹਨ।
ਆਪ ਤੇ ਪੀਡੀਏ ਸਣੇ ਟਕਸਾਲੀ ਕਰ ਚੁੱਕੇ ਹਨ ਟਿਕਟਾਂ ਦੀ ਵੰਡ
ਆਮ ਆਦਮੀ ਪਾਰਟੀ ਤੇ ਪੰਜਾਬ ਡੈਮੋਕਰੈਟਿਕ ਅਲਾਇੰਸ (ਪੀਡੀਏ) ਸਣੇ ਅਕਾਲੀ ਦਲ ਟਕਸਾਲੀ ਲਗਭਗ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਹਨ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਅਜੇ ਕੁਝ ਥਾਂਵਾਂ ‘ਤੇ ਸਥਿਤੀ ਸਪੱਸ਼ਟ ਨਹੀਂ ਹੈ ਪਰ ਜ਼ਿਆਦਾਤਰ ਥਾਂਵਾਂ ‘ਤੇ ਆਪ ਵੀ ਸਥਿਤੀ ਸਪੱਸ਼ਟ ਕਰਕੇ ਚੱਲ ਰਹੀ ਹੈ। ਪੰਜਾਬ ਦੀਆਂ ਮੁੱਖ ਪਾਰਟੀਆਂ ਤੋਂ ਇਲਾਵਾ ਇਨ੍ਹਾਂ ਤਿੰਨੇ ਪਾਰਟੀਆਂ ਤੇ ਅਲਾਇੰਸ ਦੇ ਉਮੀਦਵਾਰ ਚੋਣ ਮੈਦਾਨ ‘ਚ ਆਪਣੇ ਪ੍ਰਚਾਰ ਦਾ ਕੰਮ ਸ਼ੁਰੂ ਕਰ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।