ਖਜ਼ਾਨਾ ਭਰਨ ਲਈ ਸ਼ਰਾਬ ਦੀ ਖਪਤ ਨੂੰ ਬੇਲਗਾਮ ਕਰਨ ‘ਤੇ ਉਤਾਰੂ ਹੋਈ ਪੰਜਾਬ ਸਰਕਾਰ
ਚੰਡੀਗੜ੍ਹ,(ਅਸ਼ਵਨੀ ਚਾਵਲਾ) । ਪੰਜਾਬ ਵਿੱਚ ਹਰ ਸਾਲ 5 ਫੀਸਦੀ ਤੱਕ ਸ਼ਰਾਬ ਬੰਦੀ ਕਰਨ ਦਾ ਵਾਅਦਾ ਕਰਦੇ ਹੋਏ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਇਸ ਸਾਲ ਸ਼ਰਾਬ ਅਤੇ ਬੀਅਰ ਦੇ ਕੋਟੇ ਵਿੱਚ 16 ਫੀਸਦੀ ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਸਾਲ ਪੰਜਾਬ ਦੇ ਲੋਕ 16 ਫੀਸਦੀ ਤੱਕ ਜ਼ਿਆਦਾ ਸ਼ਰਾਬ ਪੀਣਗੇ, ਜਿਸ ਦਾ ਨੁਕਸਾਨ ਸਿੱਧੇ ਤੌਰ ‘ਤੇ ਉਹਨਾਂ ਘਰੇਲੂ ਔਰਤਾਂ ਨੂੰ ਹੋਵੇਗਾ, ਜਿਹੜੀਆਂ ਸ਼ਰਾਬ ਦੇ ਕਾਰਨ ਘਰੇਲੂ ਝਗੜੇ ਅਤੇ ਮਾਰ ਕੁਟਾਈ ਦਾ ਸਾਹਮਣਾ ਕਰਦੀ ਆ ਰਹੀਆਂ ਹਨ। ਪੰਜਾਬ ਸਰਕਾਰ ਨੇ ਪੰਜਾਬੀਆਂ ਨਾਲ ਇਹ ਵਾਅਦਾ ਖ਼ਿਲਾਫ਼ ਸਿਰਫ਼ ਆਪਣੇ ਖਜ਼ਾਨੇ ਨੂੰ ਭਰਨ ਲਈ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਸ਼ਨਿੱਚਰਵਾਰ ਨੂੰ ਕੈਬਨਿਟ ਦੀ ਮੀਟਿੰਗ ਵਿੱਚ ਆਪਣੀ 2019-20 ਲਈ ਐਕਸਾਈਜ਼ ਪਾਲਿਸੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਸਾਰੇ ਵਾਅਦਿਆਂ ਨੂੰ ਇੱਕ ਪਾਸੇ ਰੱਖਦੇ ਹੋਏ ਹਰ ਇੱਕ ਪੰਜਾਬੀ ਦੇ ਖਾਤੇ ਹਰ ਸਾਲ 5 ਬੋਤਲ ਸ਼ਰਾਬ ਅਤੇ ਬੀਅਰ ਪਾ ਦਿੱਤੀ ਹੈ, ਜਿਸ ਵਿੱਚ ਪੈਦਾ ਹੋਏ ਇੱਕ ਛੋਟੇ ਬੱਚੇ ਤੋਂ ਲੈ ਕੇ ਵੱਡੀ ਉਮਰ ਦੇ ਬਜ਼ੁਰਗ ਵੀ ਸ਼ਾਮਲ ਕੀਤੇ ਗਏ ਹਨ। ਭਾਵੇਂ ਕੋਈ ਸ਼ਰਾਬ ਪੀਂਦਾ ਹੋਵੇ ਜਾਂ ਫਿਰ ਨਾ ਪੀਂਦਾ ਹੋਵੇ ਪਰ ਪੰਜਾਬ ਸਰਕਾਰ ਨੇ ਉਸ ਦੇ ਕੋਟੇ ਵਿੱਚ 7 ਬੋਤਲਾਂ ਸ਼ਰਾਬ ਅਤੇ 1 ਬੋਤਲ ਬੀਅਰ ਜਾਰੀ ਕਰ ਦਿੱਤਾ ਹੈ।
ਕੈਬਨਿਟ ਵਿੱਚ ਪਾਸ ਹੋਈ ਨਵੀਂ ਐਕਸਾਈਜ਼ ਪਾਲਿਸੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਸ਼ਰਾਬ ਕੋਟੇ ਵਿੱਚ 10 ਫੀਸਦੀ ਵਾਧਾ ਕਰਦੇ ਹੋਏ 5.78 ਕਰੋੜ ਲੀਟਰ ਨੂੰ 6.36 ਕਰੋੜ ਲੀਟਰ ਕਰ ਦਿੱਤਾ ਹੈ। ਇਸੇ ਤਰ੍ਹਾਂ ਅੰਗਰੇਜ਼ੀ ਸਰਾਬ ਦੇ ਕੋਟੇ ਵਿੱਚ 6 ਫੀਸਦੀ ਵਾਧਾ ਕਰਦੇ ਹੋਏ 2.48 ਕਰੋੜ ਤੋਂ 2.62 ਕਰੋੜ ਲੀਟਰ ਕੋਟਾ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬੀਅਰ ਵਿੱਚ 16 ਫੀਸਦੀ ਵਾਧਾ ਕਰਦੇ ਹੋਏ 2.57 ਕਰੋੜ ਲੀਟਰ ਨੂੰ ਵਧਾਉਂਦੇ ਹੋਏ 3 ਕਰੋੜ ਲੀਟਰ ਕਰ ਦਿੱਤਾ ਹੈ। ਜਿਸ ਅਨੁਸਾਰ ਸਰਾਬ ਅਤੇ ਬੀਅਰ ਵਿੱਚ 16 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਭਰ ਵਿੱਚ ਸ਼ਰਾਬ ਦੀ ਖਪਤ ਬੇਲਗਾਮ ਹੋ ਜਾਵੇਗੀ। ਜਿਸ ਨਾਲ ਪੰਜਾਬੀਆਂ ਨੂੰ ਵੱਡੇ ਪੱਧਰ ‘ਤੇ ਨੁਕਸਾਨ ਹੋਣਾ ਤੈਅ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।