ਅੱਜ ਬਜਟ ਸੈਸ਼ਨ ਦਾ ਆਖ਼ਰੀ ਦਿਨ, ਹੁਣ ਅਗਸਤ ਮਹੀਨੇ ਤੱਕ ਟਲ ਗਿਆ ਐ ਮਾਮਲਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ 27 ਹਜ਼ਾਰ ਤੋਂ ਜ਼ਿਆਦਾ ਕੱਚੇ ਮੁਲਾਜ਼ਮ ਫਿਲਹਾਲ ਕੱਚੇ ਹੀ ਰਹਿਣਗੇ। ਉਨ੍ਹਾਂ ਨੂੰ ਪੱਕੇ ਕਰਨ ਵਾਲਾ ਬਿੱਲ ਅੱਜ ਵਿਧਾਨ ਸਭਾ ਵਿੱਚ ਪੇਸ਼ ਨਹੀਂ ਹੋ ਰਿਹਾ ਹੈ, ਜਿਸ ਨੇ ਕਿ ਐਕਟ ਦਾ ਮੂਲ ਰੂਪ ਧਾਰ ਕੇ ਕੱਚੇ ਤੋਂ ਪੱਕੇ ਕਰਨਾ ਸੀ। ਜਿਸ ਕਾਰਨ ਲੋਕ ਸਭਾ ਚੋਣਾਂ ਦਾ ਫਾਇਦਾ ਮਿਲਣ ਦੀ ਆਸ ਲਗਾਈ ਬੈਠੇ ਕੱਚੇ ਮੁਲਾਜ਼ਮਾਂ ਲਈ ਇਹ ਵੱਡਾ ਝਟਕਾ ਹੈ। ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਆਖ਼ਰੀ ਦਿਨ ਹੈ ਅਤੇ ਮੁੱਢਲੀ ਜਾਣਕਾਰੀ ਅਨੁਸਾਰ ਅੱਜ ਇਸ ਤਰ੍ਹਾਂ ਦਾ ਕੋਈ ਬਿੱਲ ਪੇਸ਼ ਨਹੀਂ ਹੋ ਰਿਹਾ ਹੈ, ਜਿਸ ਕਾਰਨ ਹੁਣ ਸਤੰਬਰ ਮਹੀਨੇ ਤੱਕ ਕੱਚੇ ਮੁਲਾਜ਼ਮਾਂ ਨੂੰ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਬਜਟ ਸੈਸ਼ਨ ਤੋਂ ਬਾਅਦ ਅਗਲਾ ਸੈਸ਼ਨ ਹੁਣ ਅਗਸਤ ਮਹੀਨੇ ਵਿੱਚ ਹੀ ਆਵੇਗਾ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਤੋਂ ਪਹਿਲਾਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਵਿਧਾਨ ਸਭਾ ਵਿੱਚ ਇੱਕ ਬਿੱਲ ਪੇਸ਼ ਕਰਦੇ ਹੋਏ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਸਬੰਧੀ ਇੱਕ ਐਕਟ ਤਿਆਰ ਕਰ ਦਿੱਤਾ ਸੀ। ਜਿਸ ਤਹਿਤ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ ਪਰ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਦੇ ਕਾਰਨ ਇਹ ਕਾਰਵਾਈ ਅੱਗੇ ਨਹੀਂ ਵਧ ਸਕੀ। ਇਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਮਰਿੰਦਰ ਸਿੰਘ ਵਲੋਂ ਖੁਦ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਵਾਅਦਾ ਕੀਤਾ ਗਿਆ ਸੀ ਕਿ ਉਹ ਸੱਤਾ ਵਿੱਚ ਆਉਣ ਤੋਂ ਬਾਅਦ ਤੁਰੰਤ ਇਨ੍ਹਾਂ ਨੂੰ ਪੱਕਾ ਕਰਨਗੇ। ਸੱਤਾ ਵਿੱਚ ਕਾਂਗਰਸ ਤਾਂ ਆਈ ਪਰ ਕਾਂਗਰਸ ਸਰਕਾਰ ਨੇ ਇਨਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਥਾਂ ‘ਤੇ ਐਕਟ ‘ਤੇ ਹੀ ਰੋਕ ਲਗਾ ਦਿੱਤੀ।
ਜਿਸ ਤੋਂ ਬਾਅਦ ਇੱਕ ਸਬ ਕਮੇਟੀ ਬਣਾਈ ਗਈ, ਜਿਸ ਨੇ ਅਕਾਲੀ ਸਰਕਾਰ ਦੌਰਾਨ ਤਿਆਰ ਕੀਤੇ ਗਏ ਐਕਟ ਨੂੰ ਦਰੁਸਤ ਕਰਨਾ ਸੀ, ਕਿਉਂਕਿ ਕਾਂਗਰਸ ਸਰਕਾਰ ਦਾ ਕਹਿਣਾ ਸੀ ਕਿ ਅਕਾਲੀਆਂ ਵਲੋਂ ਤਿਆਰ ਐਕਟ ਠੀਕ ਨਹੀਂ ਹੈ। ਅਮਰਿੰਦਰ ਸਿੰਘ ਵਲੋਂ ਪਿਛਲੇ 2 ਸਾਲਾਂ ਦੌਰਾਨ ਲਾਰੇ ਲੱਪੇ ਲਗਾਉਣ ਤੋਂ ਬਾਅਦ ਇਸ ਬਜਟ ਸੈਸ਼ਨ ਨੂੰ ਆਖ਼ਰੀ ਤਰੀਕ ਘੋਸ਼ਿਤ ਕੀਤਾ ਹੋਇਆ ਸੀ ਕਿ ਕੁਝ ਵੀ ਹੋ ਜਾਏ, ਇਸ ਬਜਟ ਸੈਸ਼ਨ ਵਿੱਚ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਐਕਟ ਸੋਧ ਨਾਲ ਜਰੂਰ ਆਏਗਾ ਪਰ ਇੰਜ ਨਹੀਂ ਹੋਇਆ ਹੈ। ਸੋਮਵਾਰ ਨੂੰ ਬਜਟ ਸੈਸ਼ਨ ਦਾ ਆਖ਼ਰੀ ਦਿਨ ਹੈ ਅਤੇ ਇਸ ਦਿਨ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਸਬੰਧੀ ਕੋਈ ਸੋਧ ਬਿਲ ਪੇਸ਼ ਨਹੀਂ ਹੋ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ