ਜਥੇਬੰਦੀਆਂ ਨੇ ਫੂਕਿਆ ਪਾਵਰਕੌਮ ਦੇ ਚੇਅਰਮੈਨ ਦਾ ਪੁਤਲਾ, ਕੀਤੀ ਨਾਅਰੇਬਾਜੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) |ਅਨੁਸੂਚਿਤ ਜਾਤੀ ਨਾਲ ਸਬੰਧਿਤ ਪਾਵਰਕੌਮ ਦੇ ਚੀਫ ਇੰਜਨੀਅਰ ਹਰਮੇਸ਼ ਕੁਮਾਰ ਨੂੰ ਅਦਾਲਤ ਦੇ ਫੈਸਲੇ ਨੂੰ ਗਲਤ ਤਰਜਮਾਨੀ ਕਰਕੇ ਅਤੇ ਪਟੀਸ਼ਨਰ ਦੀ ਅੰਡਰਟੇਕਿੰਗ ਦਾ ਸਹਾਰਾ ਲੈ ਕੇ ਰਿਵਰਟ ਕੀਤੇ ਜਾਣ ਕਾਰਨ ਪੰਜਾਬ ਦੇ ਐਸ.ਸੀ ਸਮਾਜ ‘ਚ ਪਾਵਰਕੌਮ ਦੇ ਚੇਅਰਮੈਨ ਅਤੇ ਸਮੁੱਚੀ ਮੈਨੇਜਮੈਂਟ ਖਿਲਾਫ ਗੁੱਸਾ ਅਤੇ ਰੋਸ ਵਧਦਾ ਜਾ ਰਿਹਾ ਹੈ।
ਅੱਜ ਪੰਜਾਬ ਭਰ ਤੋਂ ਆਏ ਐਸ.ਸੀ ਸਮਾਜ ਦੇ ਵੱਖ ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨੇ ਪੀ.ਐਸ.ਈ.ਬੀ ਐਸ.ਸੀ ਪਾਵਰ ਇੰਜਨੀਅਰ ਆਫਿਸਰ ਐਸੋਸੀਏਸ਼ਨ ਦੇ ਝੰਡੇ ਹੇਠ ਪਾਵਰਕੌਮ ਮੈਨੇਜਮੈਂਟ ਖਿਲਾਫ ਜਬਦਸਤ ਰੋਸ ਮਾਰਚ ਕਰਦਿਆਂ ਪਾਵਰਕੌਮ ਦੇ ਮੁੱਖ ਦਫਤਰ ਦੇ ਮੂਹਰੇ ਪਾਵਰਕੌਮ ਦੇ ਚੇਅਰਮੈਨ ਦਾ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਦਰਜਨ ਤੋਂ ਵੱਧ ਕਰਮਚਾਰੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਐਸ.ਸੀ ਪਾਵਰ ਇੰਜਨੀਅਰ ਐਸੋਸੀਏਸ਼ਨ ਦੇ ਇਸ ਰੋਸ ਪ੍ਰਦਰਸ਼ਨ ਨੂੰ ਡਟਵਾਂ ਸਮਰਥਨ ਦਿੱਤਾ। ਰੋਸ ਪ੍ਰਦਰਸ਼ਨ ਦੌਰਾਨ ਆਪਣੇ ਸੰਬੋਧਨ ਵਿਚ ਪੀ.ਐਸ.ਈ.ਬੀ ਐਸ.ਸੀ ਪਾਵਰ ਇੰਜਨੀਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਜ. ਐਫ.ਸੀ.ਜੱਸਲ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਵਲੋਂ ਅਦਾਲਤ ਦਾ ਫੈਸਲਾ ਸਹੀ ਢੰਗ ਨਾਲ ਲਾਗੂ ਕੀਤਾ ਜਾਂਦਾ ਤਾਂ ਇੰਜ. ਹਰਮੇਸ਼ ਕੁਮਾਰ 17 ਦੇ ਲਗਭਗ ਚੀਫ ਇੰਜਨੀਅਰਾਂ ਤੋਂ ਸੀਨੀਅਰ ਬਣਦੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦੇ ਧਿਆਨ ‘ਚ ਸਾਰਾ ਮਾਮਲਾ ਲਿਆਂਦਾ ਗਿਆ ਸੀ ਜਿੰਨ੍ਹਾਂ ਪੀੜਿਤ ਅਧਿਕਾਰੀ ਨਾਲ ਪਾਵਰਕੌਮ ਮੈਨੇਜਮੈਂਟ ਨੂੰ ਇਨਸਾਫ ਕਰਨ ਲਈ ਕਿਹਾ ਸੀ ਪਰ ਮੈਨੇਜਮੈਂਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਪਾਵਰਕੌਮ ਮੈਨੇਜਮੈਂਟ ਵਲੋਂ ਕੀਤੀ ਗਈ ਇਸ ਜਾਤੀ ਵਿਤਕਰੇ ਵਾਲੀ ਕਾਰਵਾਈ ‘ਤੇ ਵਰ੍ਹਦਿਆਂ ਐਸ.ਸੀ. ਸਮਾਜ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਨੌਜਵਾਨ ਆਗੂ ਅਤੇ ਐਸ.ਸੀ ਕਰਮਚਾਰੀ ਫੈਡਰੇਸ਼ਨ,ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਵਲੋਂ ਅਦਾਲਤੀ ਫੈਸਲੇ ਨੂੰ ਗਲਤ ਢੰਗ ਨਾਲ ਅਨੁਸੂਚਿਤ ਜਾਤੀ ਦੇ ਉੱਚ ਅਧਿਕਾਰੀ ਖਿਲਾਫ ਵਰਤਿਆ ਗਿਆ। ਜੋ ਸਿੱਧਾ ਸਿੱਧਾ ਅਨੁਸੂਚਿਤ ਜਾਤੀ ਦੇ ਅਧਿਕਾਰੀ ਨਾਲ ਜਾਤੀ ਵਿਤਕਰਾ ਹੈ। ਉਨ੍ਹਾਂ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਖਿਲਾਫ ਹੋ ਰਹੀਆਂ ਅਜਿਹੀਆਂ ਧੱਕੇਸ਼ਾਹੀਆਂ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਅਦਾਲਤ ਦਾ ਫੈਸਲਾ ਜੇਕਰ ਮੈਨੇਜਮੈਂਟ ਵਲੋਂ ਸਹੀ ਢੰਗ ਨਾਲ ਲਾਗੂ ਨਾ ਕੀਤਾ ਗਿਆ ਤਾਂ ਪੰਜਾਬ ਭਰ ਵਿਚ ਪਾਵਰਕੌਮ ਮੈਨੇਜਮੈਂਟ ਦੇ ਪੁਤਲੇ ਫੂਕੇ ਜਾਣਗੇ। ਰੋਸ ਧਰਨੇ ਨੂੰ ਐਸੋਸੀਏਸ਼ਨ ਦੇ ਜਰਨਲ ਸਕੱਤਰ ਇੰਜ. ਕੁਲਰਾਜ ਸਿੰਘ, ਡਾ. ਕੁਲਦੀਪ ਸਿੰਘ ਰੰਘਰੇਟਾ ਅਬੋਹਰ, ਤਾਰਾ ਚੰਦ ਗੋਨਿਆਣਾ ਮੰਡੀ, ਭਗਵਾਨ ਦਾਸ ਠੇਕੇਦਾਰ ਹੁਸ਼ਿਆਰਪੁਰ, ਸੱਚ ਫਾਊਂਡੇਸ਼ਨ ਹੁਸ਼ਿਆਰਪੁਰ ਪ੍ਰਧਾਨ ਡਾ. ਐਸ.ਪੀ.ਸਿੰਘ, ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਤੋਂ ਜਸਵਿੰਦਰ ਸਿੰਘ ਚੱਪੜ, ਬਲਦੇਵ ਸਿੰਘ ਮਹਿਰਾ ਬੀ.ਐਸ.ਪੀ, ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਤੋਂ ਰਾਜਿੰਦਰ ਸਿੰਘ ਚੱਪੜ, ਆਦਿ ਧਰਮ ਸਮਾਜ ਤੋਂ ਵੀਰ ਲਵਲੀ ਅਛੂਤ ਤੋਂ ਇਲਾਵਾ ਅਮਰੀਕ ਸਿੰਘ ਬੰਗੜ, ਕੁਸ਼ਵਿੰਦਰ ਕਲਿਆਣ, ਵਿਦਿਆਰਥੀ ਆਗੂ ਗੁਰਜੀਤ ਸਿੰਘ ਤੁੱਲੇਵਾਲ, ਸੁਪਰਡੈਂਟ ਸਤਪਾਲ ਸਿੰਘ, ਸੋਨੀ ਗਿੱਲ, ਫਕੀਰ ਚੰਦ ਯੂ.ਐਸ.ਏ, ਦਲਵੀਰ ਸਿੰਘ ਫਤਿਹਮਾਜਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਐਸ.ਸੀ ਸਮਾਜ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।