ਵਿਧਾਨ ਸਭਾ ‘ਚ ਵੀਰਵਾਰ ਨੂੰ 20 ‘ਚੋਂ 9 ਵਿਧਾਇਕ ਤੇ ਇੱਕ ਮੰਤਰੀ ਨਹੀਂ ਪੁੱਜਾ
ਚੰਡੀਗੜ੍ਹ (ਅਸ਼ਵਨੀ ਚਾਵਲਾ ) | ਵਿਧਾਨ ਸਭਾ ਵਿੱਚ ਸੁਆਲ ਨਾ ਲੱਗਣ ਕਾਰਨ ਹਮੇਸ਼ਾ ਹੀ ਨਰਾਜ਼ਗੀ ਜਤਾਉਣ ਵਾਲੇ ਵਿਧਾਇਕ ਅੱਜ ਖ਼ੁਦ ਹੀ ਗੈਰ ਹਾਜ਼ਰ ਰਹੇ। ਵਿਧਾਨ ਸਭਾ ਦੇ ਅੰਦਰ ਇੱਕ ਜਾਂ ਫਿਰ ਦੋ ਵਿਧਾਇਕਾਂ ਦੀ ਨਹੀਂ, ਸਗੋਂ ਨੌ ਵਿਧਾਇਕਾਂ ਦੀ ਗੈਰ ਹਾਜ਼ਰੀ ਦਰਜ਼ ਕੀਤੀ ਗਈ। ਇੰਨੀ ਜਿਆਦਾ ਗੈਰ ਹਾਜ਼ਰੀ ਨੂੰ ਦੇਖਦੇ ਹੋਏ ਖ਼ੁਦ ਸਪੀਕਰ ਨੇ ਅਫ਼ਸੋਸ ਨਾਲ ਕਿਹਾ ਕਿ ਸੀਰੀਅਸਨੈਸ ਨਹੀਂ ਹੈ।
ਸਦਨ ਦੇ ਅੰਦਰ 9 ਵਿਧਾਇਕਾਂ ਤੋਂ ਇਲਾਵਾ ਇੱਕ ਮੰਤਰੀ ਵੀ ਗੈਰ ਹਾਜ਼ਰ ਸੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਹਰ ਬੈਠਕ ਦੌਰਾਨ 20 ਸੁਆਲਾਂ ਨੂੰ ਪੁੱਛਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਜਿਨ੍ਹਾਂ ਵਿਧਾਇਕਾਂ ਦੇ ਸੁਆਲ ਲੱਗੇ ਹੁੰਦੇ ਹਨ, ਉਨ੍ਹਾਂ ਵਿਧਾਇਕਾਂ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਤਾਂ ਕਿ ਉਹ ਸਮੇਂ ਸਿਰ ਪੁੱਜਣ ਦੇ ਨਾਲ ਹੀ ਆਪਣਾ ਸੁਆਲ ਪੁੱਛ ਸਕਣ।
ਵੀਰਵਾਰ ਨੂੰ ਸਵੇਰੇ 10 ਵਜੇ ਸ਼ੁਰੂ ਹੋਈ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪਹਿਲਾ ਸੁਆਲ ਪੁੱਛਣ ਵਾਲਾ ਵਿਧਾਇਕ ਹਰਜੋਤ ਕਮਲ ਸਿੰਘ ਹੀ ਗਾਇਬ ਸੀ, ਜਿਸ ਤੋਂ ਬਾਅਦ ਅਗਲੇ ਸੁਆਲ ਦਾ ਜੁਆਬ ਤਾਂ ਮਿਲਿਆ ਪਰ ਉਸ ਤੋਂ ਬਾਅਦ ਲਗਾਤਾਰ ਹੀ ਗੈਰ ਹਾਜ਼ਰ ਵਿਧਾਇਕਾਂ ਦੀ ਗਿਣਤੀ ਵਧਦੀ ਗਈ। ਸਦਨ ਦੇ ਅੰਦਰ ਮਿਲਣ ਵਾਲੇ 20 ਸੁਆਲਾਂ ਦੇ ਜੁਆਬ ਲੈਣ ਵਾਲੇ ਸਿਰਫ਼ 11 ਵਿਧਾਇਕ ਹੀ ਹਾਜ਼ਰ ਸਨ, ਜਦੋਂ ਕਿ 9 ਵਿਧਾਇਕਾਂ ਦੀ ਸਪੀਕਰ ਰਾਣਾ ਕੇ. ਪੀ. ਸਿੰਘ ਵੱਲੋਂ ਗੈਰ ਹਾਜ਼ਰੀ ਲਗਾ ਦਿੱਤੀ ਗਈ ਇੱਥੇ ਹੀ ਇੱਕ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਸੁਆਲ ਦਾ ਜੁਆਬ ਦੇਣ ਮੌਕੇ ਗੈਰ ਹਾਜ਼ਰ ਪਾਏ ਗਏ। ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਜਦੋਂ ਆਪਣਾ ਸੁਆਲ ਨੰਬਰ 1717 ਪੁੱਛਿਆ ਗਿਆ ਤਾਂ ਦੇਖਿਆ ਗਿਆ ਕਿ ਜੁਆਬ ਦੇਣ ਵਾਲਾ ਮੰਤਰੀ ਹੀ ਗੈਰ ਹਾਜ਼ਰ ਹੈ। ਸਪੀਕਰ ਰਾਣਾ ਕੇ. ਪੀ. ਸਿੰਘ ਵੱਲੋਂ ਸੁਆਲ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਪਰ ਕੁਝ ਦੇਰ ਬਾਅਦ ਮੰਤਰੀ ਵੱਲੋਂ ਹਾਜ਼ਰੀ ਭਰਨ ‘ਤੇ ਸੁਆਲ ਨੂੰ ਪੁੱਛਣ ਦੀ ਇਜਾਜ਼ਤ ਦੇ
ਦਿੱਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।