13 ਫਰਵਰੀ ਨੂੰ ਛੁੱਟੀ ਕੱਟ ਕੇ ਘਰੋਂ ਗਿਆ ਸੀ ਵਾਪਸ ਡਿਊਟੀ
ਗੁਰਦਾਸਪੁਰ (ਸਰਬਜੀਤ ਸਾਗਰ) | ਪੁਲਵਾਮਾ ਦਹਿਸ਼ਤਗਰਦੀ ਹਮਲੇ ‘ਚ ਸ਼ਹੀਦ ਹੋਏ ਸੈਨਿਕਾਂ ਵਿੱਚੋਂ ਇੱਕ ਸ਼ਹੀਦ ਦੀਨਾਨਗਰ ਸ਼ਹਿਰ ਦੀ ਕਾਲੌਨੀ ਆਰੀਆ ਨਗਰ ਦਾ ਰਹਿਣ ਵਾਲਾ ਹੈ। ਜੋ ਅਜੇ ਦੋ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਘਰੋਂ ਵਾਪਸ ਡਿਊਟੀ ‘ਤੇ ਗਿਆ ਸੀ। ਸ਼ਹੀਦ ਦਾ ਨਾਂ ਮਨਜਿੰਦਰ ਸਿੰਘ (30) ਹੈ ਅਤੇ ਉਹ ਅਣਵਿਆਹਿਆ ਸੀ। ਤਿੰਨ ਭੈਣਾਂ ਦੇ ਭਰਾ ਮਨਜਿੰਦਰ ਸਿੰਘ ਦੇ ਵਿਆਹ ਲਈ ਪਰਿਵਾਰ ਵੱਲੋਂ ਸੁਪਨੇ ਸਜਾਏ ਜਾ ਰਹੇ ਸਨ ਕਿ ਉਸਦੇ ਸ਼ਹੀਦ ਹੋਣ ਦੀ ਮਨਹੂਸ ਖ਼ਬਰ ਘਰ ਪਹੁੰਚ ਗਈ। ਜਿਸ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਤੇ ਇਲਾਕੇ ਭਰ ‘ਚ ਸੋਗ ਦੀ ਲਹਿਰ ਫ਼ੈਲ ਗਈ। ਮਨਜਿੰਦਰ ਦਾ ਛੋਟਾ ਭਰਾ ਵੀ ਸੀਆਰਐਫ਼ ‘ਚ ਅਸਾਮ ਵਿਖੇ ਤਾਇਨਾਤ ਹੈ। ਉਸਦੀ ਮਾਤਾ ਦਾ ਕਾਫ਼ੀ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਪਿਤਾ ਸੱਤਪਾਲ ਅੱਤਰੀ ਰੋਡਵੇਜ਼ ਮਹਿਕਮੇ ‘ਚੋਂ ਸੇਵਾਮੁਕਤ ਹੋ ਚੁੱਕਾ ਹੈ ਅਤੇ ਤਿੰਨੋਂ ਭੈਣਾਂ ਵਿਆਹੀਆਂ ਹੋਈਆਂ ਹਨ।
ਪਿਤਾ ਅਨੁਸਾਰ ਉਸ ਦਾ ਸ਼ਹੀਦ ਪੁੱਤਰ ਬਹੁਤ ਮਿਲਾਪੜੇ ਸੁਭਾਅ ਦਾ ਮਾਲਕ ਸੀ ਅਤੇ ਕੁਵਾਰਾ ਹੋਣ ਦੇ ਬਾਵਜ਼ੂਦ ਪਰਿਵਾਰ ਦੀਆਂ ਸਭ ਜ਼ਿੰਮੇਵਾਰੀਆਂ ਨੂੰ ਚੰਗੀ ਤਰਾਂ ਸਮਝਦਾ ਸੀ। ਉਸਨੇ ਪੁੱਤਰ ਦੀ ਸ਼ਹਾਦਤ ਦਾ ਬਦਲਾ ਲੈਣ ਦੀ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਅਤੇ ਕਿਹਾ ਕਿ ਉਹ ਰੋਜ਼-ਰੋਜ਼ ਭਾਰਤ ਮਾਤਾ ਦੇ ਸਪੂਤਾਂ ਨੂੰ ਇੰਝ ਮਰਦਾ ਨਹੀਂ ਦੇਖ ਸਕਦੇ।
ਉੱਧਰ ਮਨਜਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਜਿਵੇਂ ਹੀ ਉਨਾਂ ਦੇ ਘਰ ਪਹੁੰਚੀ ਤਾਂ ਆਰੀਆ ਨਗਰ ਤੇ ਆਸਪਾਸ ਦੇ ਵੱਡੀ ਗਿਣਤੀ ਲੋਕਾਂ ਦਾ ਉਨਾਂ ਦੇ ਘਰ ਅਫ਼ਸੋਸ ਕਰਨ ਲਈ ਤਾਂਤਾ ਲੱਗ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ। ਕਾਲੌਨੀ ਨਿਵਾਸੀਆਂ ਨੂੰ ਮਨਜਿੰਦਰ ਦੀ ਮੌਤ ਝੂਠ ਲੱਗ ਰਹੀ ਸੀ ਅਤੇ ਉਹ ਕਹਿ ਰਹੇ ਸਨ ਕਿ ਉਨਾਂ ਨੂੰ ਅਜੇ ਵੀ ਉਸਦੇ ਆਉਣ ਦੀ ਆਸ ਹੈ। ਕਾਲੌਨੀ ਦੇ ਬਜ਼ੁਰਗਾਂ ਨੇ ਦਹਿਸ਼ਤਗਰਦੀ ਹਮਲੇ ਨੂੰ ਪਾਕਿਸਤਾਨ ਦੀ ਘਟੀਆ ਸੋਚ ਤੇ ਨੀਚ ਹਰਕਤ ਕਰਾਰ ਦਿੱਤਾ। ਉਨਾਂ ਮੰਗ ਕੀਤੀ ਕਿ ਮਾਵਾਂ ਦੇ ਲਾਲਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਣੀ ਚਾਹੀਦੀ ਅਤੇ ਭਾਰਤ ਸਰਕਾਰ ਨੂੰ ਪਾਕਿਸਤਾਨ ‘ਚ ਘੁਸ ਕੇ ਸਾਰੇ ਅਤਿਵਾਦੀਆਂ ਨੂੰ ਮਾਰ ਮੁਕਾਉਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।