ਡਾ. ਨਵਜੋਤ ਕੌਰ ਸਿੱਧੂ ਕਾਂਗਰਸ ਦੇ ਸੰਭਾਵੀ ਉਮੀਦਵਾਰ
ਹਰਸਿਮਰਤ ਬਾਦਲ ਦੇ ਫਿਰੋਜਪੁਰ ਤੋਂ ਚੋਣ ਲੜਨ ਦੇ ਚਰਚੇ
ਨਥਾਣਾ (ਗੁਰਜੀਵਨ ਸਿੱਧੂ) | ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਬਠਿੰਡਾ ਹਲਕੇ ਅੰਦਰ ਸਿਆਸੀ ਗਿਣਤੀਆਂ-ਮਿਣਤੀਆਂ ਅੰਦਰ ਖਾਤੇ ਸ਼ੁਰੂ ਹੋ ਚੁੱਕੀਆਂ ਹਨ। ਇਸ ਹਲਕੇ ਵਿੱਚ ਬਠਿੰਡਾ ਤੋਂ ਇਲਾਵਾ ਮਾਨਸਾ ਜ਼ਿਲ੍ਹਾ ਵੀ ਪੈਂਦਾ ਹੈ। ਮੌਜ਼ੂਦਾ ਸਮੇਂ ਹਰਸਿਮਰਤ ਕੌਰ ਬਾਦਲ ਜੋ ਕੇਂਦਰੀ ਵਜ਼ੀਰ ਵੀ ਹਨ,ਇਸ ਹਲਕੇ ਦੀ ਦੂਸਰੀ ਵਾਰ ਪ੍ਰਤੀਨਿਧਤਾ ਕਰ ਰਹੇ ਹਨ। ਉਂਝ ਇਹ ਹਲਕਾ ਕਿਸੇ ਇੱਕ ਸਿਆਸੀ ਧਿਰ ਦੀ ਪੱਕੀ ਮਲਕੀਅਤ ਨਹੀਂ ਰਿਹਾ। ਇੱਥੋਂ ਜਿੱਥੇ ਸਮੇਂ ਸਮੇਂ ਕਾਂਗਰਸ, ਅਕਾਲੀ ਉਮੀਦਵਾਰ ਜੇਤੂ ਹੁੰਦੇ ਆਏ ਹਨ ਉਥੇ ਦੋ ਵਾਰ ਕਾਮਰੇਡ ਭਾਨ ਸਿੰਘ ਭੌਰਾ ਵੀ ਇਸ ਹਲਕੇ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਆਖਿਆ ਜਾ ਸਕਦਾ ਹੈ ਕਿ ਹਲਕੇ ਅੰਦਰ ਖੱਬੀ ਪੱਖੀ ਸੋਚ ਨੂੰ ਪ੍ਰਨਾਏ ਵੋਟਰਾਂ ਦੀ ਵੀ ਕਮੀ ਨਹੀਂ ਹੈ।
ਇਸ ਵਾਰ ਦੇਸ਼ ਅੰਦਰ ਮੋਦੀ ਵਿਰੋਧੀ ਸਿਆਸੀ ਹਵਾ ਵਗਣ ਕਰਕੇ ਸਮੀਕਰਨ ਬਦਲੇ ਹੋਏ ਨਜ਼ਰ ਆ ਰਹੇ ਹਨ। ਸੰਭਵ ਹੈ ਕਿ ਮੋਦੀ ਵਿਰੋਧੀ ਲਹਿਰ ਦਾ ਸੇਕ ਮੌਜ਼ੂਦਾ ਕੇਂਦਰੀ ਮੰਤਰੀ ਬੀਬੀ ਬਾਦਲ ਨੂੰ ਵੀ ਲੱਗ ਸਕਦਾ ਹੈ। ਅਜਿਹੇ ਹਾਲਾਤਾਂ ਤੋਂ ਚਿੰਤਾਤੁਰ ਬਾਦਲ ਪਰਿਵਾਰ ਬੀਬੀ ਲਈ ਕਿਸੇ ਸੁਰੱਖਿਅਤ ਹਲਕੇ ਦੀ ਭਾਲ ਵਿੱਚ ਹੈ। ਅਕਾਲੀ ਦਲ ਵਿਰੋਧੀ ਸਿਆਸੀ ਧਿਰਾਂ ਇਸ ਵਾਰ ਅਕਾਲੀ ਭਾਜਪਾ ਉਮੀਦਵਾਰ ਨੂੰ ਕਈ ਫਰੰਟਾਂ ‘ਤੇ ਘੇਰਨ ਦੀ ਤਿਆਰੀ ਵਿੱਚ ਲੱਗੀਆਂ ਹੋਈਆਂ ਹਨ। ਉਹ ਹੋਰ ਸਿਆਸੀ ਮਿਹਣਿਆਂ ਦੇ ਨਾਲ-ਨਾਲ ਬੀਬੀ ਬਾਦਲ ਵੱਲੋਂ ਕੇਂਦਰੀ ਮੰਤਰੀ ਹੁੰਦਿਆਂ ਹਲਕੇ ਅੰਦਰ ਕੋਈ ਵੱਡਾ ਉਦਯੋਗ ਨਾ ਲੈ ਕੇ ਆਉਣ ਦਾ ਦੋਸ਼ ਵੀ ਲਗਾ ਰਹੇ ਹਨ ਜਦੋਂ ਕਿ ਬੀਬੀ ਬਾਦਲ ਏਮਜ਼ ਵਰਗਾ ਵੱਡਾ ਪ੍ਰਜੈਕਟ ਬਠਿੰਡਾ ਵਿੱਚ ਸਥਾਪਤ ਕਰਨ ਦਾ ਸਿਹਰਾ ਆਪਣੇ ਸਿਰ ਬੰਨ੍ਹ੍ਹ ਕੇ ਲੋਕਾਂ ਵਿੱਚ ਜਾਣ ਦਾ ਯਤਨ ਕਰ ਰਹੇ ਹਨ।
ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਇਹ ਚੋਣ ਨਾ ਲੜਨ ਦਾ ਖੁੱਲ੍ਹਾ ਐਲਾਨ ਕਰਨ ਨਾਲ ਸਿਆਸੀ ਹਲਕਿਆਂ ਵਿੱਚ ਕਈ ਕਿਸਮ ਦੀ ਚਰਚਾ ਚੱਲ ਰਹੀ ਹੈ। ਉਨ੍ਹਾਂ ਦੇ ਅਜਿਹੇ ਐਲਾਨ ਨੇ ਕਾਂਗਰਸ ਵਰਕਰਾਂ ਨੂੰ ਇੱਕ ਵਾਰ ਸੁੰਨ ਕਰਕੇ ਰੱਖ ਦਿੱਤਾ ਹੈ। ਕਾਂਗਰਸ ਹਲਕਿਆਂ ਵਿੱਚ ਚਰਚਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਅਜਿਹੀ ਕੀ ਮਜ਼ਬੂਰੀ ਹੋ ਸਕਦੀ ਹੈ ? ਇਸ ਤੋਂ ਪਹਿਲਾਂ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਵੀਨੂੰ ਬਾਦਲ ਨੂੰ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਵਜੋਂ ਪ੍ਰਚਾਰਿਆ ਜਾ ਰਿਹਾ ਸੀ। ਮੌਜ਼ੂਦਾ ਸਮੇਂ ਕਾਂਗਰਸ ਪਾਰਟੀ ਦਾ ਕੋਈ ਪ੍ਰਭਾਵਸ਼ਾਲੀ ਉਮੀਦਵਾਰ ਅਜੇ ਤੱਕ ਦਿਖਾਈ ਨਹੀਂ ਦੇ ਰਿਹਾ। ਕਾਂਗਰਸ ਆਗੂ ਇਸ ਗੱਲ ਦੇ ਹੱਕ ਵਿਚ ਹਨ ਕਿ ਜੇਕਰ ਬੀਬਾ ਬਾਦਲ ਹੀ ਇੱਥੋਂ ਉਮੀਦਵਾਰ ਬਣਦੇ ਹਨ ਤਾਂ ਪਾਰਟੀ ਵੱਲੋਂ ਉਨ੍ਹਾਂ ਨੂੰ ਟੱਕਰ ਦੇਣ ਲਈ ਪੰਜਾਬ ਦੇ ਚਰਚਿਤ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਢੁਕਵੇਂ ਉਮੀਦਵਾਰ ਹੋ ਸਕਦੇ ਹਨ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੀ ਇਸ ਹਲਕੇ ਤੋਂ ਚੋਣ ਲੜਨ ਦੇ ਇਛੁੱਕ ਦੱਸੇ ਜਾ ਰਹੇ ਹਨ ਅਤੇ ਵੋਟਰਾਂ ਦੇ ਝੁਕਾਅ ਦਾ ਅੰਦਾਜ਼ਾ ਲਗਾਉਣ ਲਈ ਉਹ ਇਸ ਹਲਕੇ ਦੇ ਕਈ ਗੇੜੇ ਮਾਰ ਚੁੱਕੇ ਹਨ।
ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਨੇ ਸਰਗਰਮ ਆਗੂ ਗੁਰਦੀਪ ਸਿੰਘ ਬਠਿੰਡਾ ਨੂੰ ਆਪਣਾ ਉਮੀਦਵਾਰ ਐਲਾਨਿਆਂ ਹੋਇਆ ਹੈ। ਅਜਿਹੇ ਹਾਲਾਤਾਂ ਵਿਚ ਬੀਬੀ ਬਾਦਲ ਵੱਲੋਂ ਬਠਿੰਡਾ ਦੀ ਥਾਂ ਫਿਰੋਜ਼ਪੁਰ ਤੋਂ ਚੋਣ ਲੜਨ ਦੇ ਚਰਚੇ ਵੀ ਜੋਰਾਂ ‘ਤੇ ਹਨ। ਉਥੋਂ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਜੋ ਅਕਾਲੀ ਪਾਰਟੀ ਨਾਲ ਸਬੰਧਤ ਹਨ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਚਾਰ-ਛੇ ਦੇ ਅੰਕੜਾ ਚੱਲ ਰਿਹਾ ਹੈ। ਤਾਜ਼ਾ ਸੂਚਨਾ ਅਨੁਸਾਰ ਘੁਬਾਇਆ ਕਾਂਗਰਸ ਪਾਰਟੀ ਦੇ ਸੰਪਰਕ ਵਿਚ ਹਨ ਅਤੇ ਸੰਭਵ ਹੈ ਕਿ ਉਹ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਸਾਹਮਣੇ ਆ ਜਾਣ। ਅਜਿਹੀ ਸਥਿਤੀ ਵਿੱਚ ਬੀਬੀ ਬਾਦਲ ਲਈ ਅਜਿਹਾ ਛੜੱਪਾ ਮਹਿੰਗਾ ਵੀ ਪੈ ਸਕਦਾ ਹੈ। ਜਿਕਰਯੋਗ ਹੈ ਕਿ ਜਥੇਦਾਰ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਕਾਂਗਰਸ ਟਿਕਟ ‘ਤੇ ਚੋਣ ਲੜ ਕੇ ਵਿਧਾਇਕ ਬਣੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਫਿਰੋਜ਼ਪੁਰ ਹਲਕੇ ਵਿਚ ਵੀ ਅਕਾਲੀ-ਭਾਜਪਾ ਦੇ ਵਿਰੋਧ ਵਿੱਚ ਹਵਾ ਵਗ ਰਹੀ ਹੈ, ਜੋ ਮੋਦੀ ਦੇ ਸਹਿਯੋਗੀਆਂ ਲਈ ਮੁਸ਼ਬੀਤ ਖੜ੍ਹੀ ਕਰ ਸਕਦੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਘੁਬਾਇਆ ਕਾਂਗਰਸ ਉਮੀਦਵਾਰ ਵਜੋਂ ਸਾਹਮਣੇ ਆਉਂਦੇ ਹਨ ਤਾਂ ਬਾਦਲ ਪਰਿਵਾਰ ਨੂੰ ਕਿਸੇ ਹੋਰ ਨਵੇਂ ਹਲਕੇ ਦੀ ਭਾਲ ਕਰਨੀ ਪੈ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।