ਛੇ ਸਾਲ ਚੱਲੇ ਮੁਕੱਦਮੇ ਤੋਂ ਬਾਅਦ ਬਰਖ਼ਾਸਤ ਡੀਐੱਸਪੀ ਨੂੰ ਸਜ਼ਾ ਸੁਣਾਈ ਗਈ ਹੈ ਛੇ ਹਜ਼ਾਰ ਕਰੋੜ ਦੀ ਡਰੱਗ ਤਸਕਰੀ ਦਾ ਇਹ ਮਾਮਲਾ 19 ਦੋਸ਼ੀਆਂ ਨੂੰ ਸਜ਼ਾ ਦੇਣ ਨਾਲ ਨਿੱਬੜ ਗਿਆ ਹੈ ਸਿਆਸਤ ਨਾਲ ਗੜੁੱਚ ਰਹੇ ਇਸ ਮਾਮਲੇ ‘ਚ ਪੁਲਿਸ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੱਕ ਪੂਰੀ ਪੈਰਵੀ ਕੀਤੀ ਪਰ ਤਸਵੀਰ ਦਾ ਦੂਜਾ ਪਹਿਲੂ ਹੈਰਾਨੀਜਨਕ ਹੈ ਕਿ ਮਾਮਲੇ ਨਾਲ ਚਰਚਾ ‘ਚ ਰਹੇ ਸਿਆਸੀ ਆਗੂ ਬਚ ਨਿੱਕਲੇ ਇਸ ਮਾਮਲੇ ‘ਚ ਅਕਾਲੀ-ਭਾਜਪਾ ਸਰਕਾਰ ਵੇਲੇ ਇੱਕ ਅਕਾਲੀ ਮੰਤਰੀ ਦੀ ਸ਼ਮੂਲੀਅਤ ਦੀ ਚਰਚਾ ਨੇ ਸਿਆਸਤ ‘ਚ ਤੂਫਾਨ ਲਿਆ ਦਿੱਤਾ ਸੀ ਤੇ ਇੱਕ ਮੰਤਰੀ ਨੂੰ ਉਸ ਦੇ ਬੇਟੇ ਦਾ ਨਾਂਅ ਆਉਣ ਕਰਕੇ ਅਸਤੀਫਾ ਦੇਣਾ ਪਿਆ ਸੀ ਕਈ ਸਿਆਸੀ ਆਗੂਆਂ ਤੋਂ ਈਡੀ ਨੇ ਪੁੱਛਗਿੱਛ ਵੀ ਕੀਤੀ ਅਦਾਲਤ ਦੇ ਬਾਹਰ ਸਿਆਸੀ ਜੰਗ ਚਲਦੀ ਰਹੀ ਨਸ਼ੇ ਤੇ ਸਿਆਸਤ ਦੀ ਮਿਲਭੁਗਤ ਦੇ ਦੋਸ਼ਾਂ ਨੇ ਸੂਬੇ ‘ਚ ਸੱਤਾਧਾਰੀ ਅਕਾਲੀ ਦਲ ਦਾ ਸਫਾਇਆ ਕਰ ਦਿੱਤਾ ਸੀ।
ਇਹ ਮਾਮਲਾ ਖਾਸਕਰ ਕਾਂਗਰਸ ਨੂੰ ਬੜਾ ਰਾਸ ਆਇਆ ਤੇ ਪਾਰਟੀ ਨੂੰ ਵਿਧਾਨ ਸਭਾ ਚੋਣਾਂ ‘ਚ ਉਮੀਦ ਤੋਂ ਵੱਧ ਸੀਟਾਂ ਹਾਸਲ ਹੋਈਆਂ ਬੜੀ ਹੈਰਾਨੀ ਹੈ ਕਿ ਜੇਲ੍ਹਾਂ ‘ਚ ਤਸਕਰਾਂ ਦੀਆਂ ਮੌਜਾਂ ਤਾਂ ਸਿਆਸੀ ਪਹੁੰਚ ਕਰਕੇ ਹੀ ਹੁੰਦੀਆਂ ਹਨ ਪਰ ਪੁਲਿਸ ਕਾਰਵਾਈ ‘ਚ ਆਗੂਆਂ ਦੇ ਨਾਂਅ ਨਦਾਰਦ ਹੁੰਦੇ ਹਨ ਛੋਟੇ-ਮੋਟੇ ਤਸਕਰ ਵੀ ਸਿਆਸੀ ਛਤਰ-ਛਾਇਆ ਕਰਕੇ ਹੀ ਆਪਣਾ ਕਾਲਾ ਧੰਦਾ ਚਲਾਉਂਦੇ ਹਨ ਦੂਜੇ ਪਾਸੇ ਬਾਹਰਲੇ ਮੁਲਕਾਂ ਤੱਕ ਹਜ਼ਾਰਾਂ ਕਰੋੜਾਂ ਦੀ ਡਰੱਗ ਸਪਲਾਈ ਕਰਨ ਵਾਲੇ ਤਸਕਰਾਂ ਨਾਲ ਚਰਚਾ ‘ਚ ਆਏ ਆਗੂਆਂ ਦਾ ਬਚ ਜਾਣਾ ਕਈ ਸਵਾਲ ਖੜ੍ਹੇ ਕਰਦਾ ਹੈ ਦਰਅਸਲ ਸਿਸਟਮ ਹੀ ਅਜਿਹਾ ਹੈ ਕਿ ਵੱਡੀਆਂ ਮੱਛੀਆਂ ਨੂੰ ਜਾਂ ਤਾਂ ਕੋਈ ਹੱਥ ਹੀ ਨਹੀਂ ਪਾਉਂਦਾ ਜਾਂ ਫਿਰ ਉਹ ਕਿਵੇਂ ਨਾ ਕਿਵੇਂ ਆਪਣਾ ਪੱਲਾ ਬਚਾ ਜਾਂਦੇ ਹਨ ਛੋਟੀਆਂ ਮੱਛੀਆਂ ਤਾਂ ਕਿਸੇ ਨਾ ਕਿਸੇ ਦੀਆਂ ਮੋਹਰਾਂ ਹੁੰਦੀਆਂ ਹਨ ਉਨ੍ਹਾਂ ਪੁਲਿਸ ਅਫਸਰਾਂ ਦੀ ਵੀ ਕੋਈ ਜਵਾਬਦੇਹੀ ਤੈਅ ਨਹੀਂ ਹੁੰਦੀ ਜਿਨ੍ਹਾਂ ਦੇ ਨੱਕ ਹੇਠ ਨਸ਼ੇ ਦਾ ਧੰਦਾ ਵਧਦਾ-ਫੁੱਲਦਾ ਰਹਿੰਦਾ ਹੈ ।
ਹਜ਼ਾਰਾਂ ਰੁਪਏ ਦਾ ਨਸ਼ੇ ਦਾ ਧੰਦਾ ਕਰੋੜਾਂ ਰੁਪਏ ‘ਚ ਕਿਸ ਤਰ੍ਹਾਂ ਬਦਲਿਆ ਉਸ ਬਾਰੇ ਕੋਈ ਕਾਰਵਾਈ ਨਹੀਂ ਹੁੰਦੀ ਜਗਦੀਸ਼ ਭੋਲਾ ਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਨਸ਼ਾ ਤਸਕਰੀ ਜਾਰੀ ਹੈ ਜਿਸ ਤੋਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਨਸ਼ਾ ਤਸਕਰੀ ਦਾ ਨੈੱਟਵਰਕ ਕਿੰਨਾ ਮਜ਼ਬੂਤ ਤੇ ਵਿਸ਼ਾਲ ਹੈ ਅਦਾਲਤ ਨੇ ਤੱਥਾਂ ਤੇ ਸਬੂਤਾਂ ਦੇ ਅਧਾਰ ‘ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਹੈ ਫਿਰ ਵੀ ਨਸ਼ਾ ਤਸਕਰੀ ਦੀ ਜੜ੍ਹ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਅਦਾਲਤ ਦਾ ਫੈਸਲਾ ਸਵਾਗਤਯੋਗ ਹੈ ਪਰ ਨਸ਼ੇ ਦੇ ਮੁਕੰਮਲ ਖਾਤਮੇ ਲਈ ਜਿਸ ਸਿਆਸੀ ਇੱਛਾ-ਸ਼ਕਤੀ ਦੀ ਜ਼ਰੂਰਤ ਹੈ ਉਹ ਚੋਣਾਂ ਤੋਂ ਬਾਅਦ ਗਾਇਬ ਹੋ ਜਾਂਦੀ ਹੈ ਪੰਜਾਬ ‘ਚ ਰੋਜ਼ਾਨਾ ਹੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਤੇ ਸਵਾਲ ਖੜ੍ਹੇ ਕਰਦੀਆਂ ਹਨ ਸਮਾਜ ‘ਚ ਨਸ਼ੇ ਦੇ ਖਾਤਮੇ ਲਈ ਸਿਆਸਤ ਤੇ ਪੁਲਿਸ ਨੂੰ ਨੇਕ-ਨੀਅਤ ਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।